20ਜਦ ਉਹ ਪਵਿੱਤਰ ਸਥਾਨ ਅਤੇ ਮੰਡਲੀ ਦੇ ਡੇਰੇ ਅਤੇ ਜਗਵੇਦੀ ਦਾ ਪ੍ਰਾਸਚਿਤ ਪੂਰਾ ਕਰ ਲਵੇ ਤਾਂ ਜੀਉਂਦੇ ਬੱਕਰੇ ਨੂੰ ਲਿਆਵੇ,
21ਅਤੇ ਹਾਰੂਨ ਆਪਣੇ ਦੋਹਾਂ ਹੱਥਾਂ ਨੂੰ ਜੀਉਂਦੇ ਬੱਕਰੇ ਦੇ ਸਿਰ ਉੱਤੇ ਰੱਖੇ ਅਤੇ ਇਸਰਾਏਲੀਆਂ ਦੀਆਂ ਬਦੀਆਂ, ਉਨ੍ਹਾਂ ਦੇ ਸਾਰੇ ਪਾਪਾਂ, ਅਤੇ ਉਨ੍ਹਾਂ ਦੇ ਸਾਰੇ ਅਪਰਾਧਾਂ ਦਾ ਇਕਰਾਰ ਕਰੇ ਅਤੇ ਉਨ੍ਹਾਂ ਨੂੰ ਬੱਕਰੇ ਦੇ ਸਿਰ ਉੱਤੇ ਰੱਖ ਕੇ ਉਸ ਨੂੰ ਕਿਸੇ ਮਨੁੱਖ ਦੇ ਹੱਥ ਜਿਹੜਾ ਇਸ ਕੰਮ ਲਈ ਤਿਆਰ ਹੋਵੇ, ਉਜਾੜ ਵਿੱਚ ਭੇਜ ਦੇਵੇ।
22ਉਹ ਬੱਕਰਾ ਉਨ੍ਹਾਂ ਦੀਆਂ ਸਾਰੀਆਂ ਬਦੀਆਂ ਨੂੰ ਆਪਣੇ ਸਿਰ ਤੇ ਚੁੱਕ ਕੇ ਕਿਸੇ ਉਜਾੜ ਸਥਾਨ ਨੂੰ ਚੱਲਿਆ ਜਾਵੇ ਅਤੇ ਉਹ ਮਨੁੱਖ ਉਸ ਬੱਕਰੇ ਨੂੰ ਉਜਾੜ ਵਿੱਚ ਛੱਡ ਦੇਵੇ।
23ਤਦ ਹਾਰੂਨ ਮੰਡਲੀ ਦੇ ਡੇਰੇ ਵਿੱਚ ਆਵੇ ਅਤੇ ਜਿਹੜੇ ਕਤਾਨੀ ਬਸਤਰ ਉਸ ਨੇ ਪਵਿੱਤਰ ਸਥਾਨ ਵਿੱਚ ਜਾਣ ਦੇ ਵੇਲੇ ਪਹਿਨੇ ਸਨ, ਉਨ੍ਹਾਂ ਨੂੰ ਲਾਹ ਕੇ ਰੱਖ ਦੇਵੇ।
24ਫੇਰ ਉਹ ਕਿਸੇ ਪਵਿੱਤਰ ਸਥਾਨ ਵਿੱਚ ਪਾਣੀ ਨਾਲ ਨਹਾਵੇ, ਆਪਣੇ ਸਧਾਰਨ ਬਸਤਰ ਪਾਵੇ ਅਤੇ ਬਾਹਰ ਨਿੱਕਲ ਕੇ ਆਪਣੀ ਹੋਮ ਬਲੀ ਦੀ ਭੇਟ ਅਤੇ ਲੋਕਾਂ ਦੀ ਹੋਮ ਬਲੀ ਦੀ ਭੇਟ ਚੜ੍ਹਾਵੇ ਅਤੇ ਆਪਣੇ ਲਈ ਅਤੇ ਲੋਕਾਂ ਦੇ ਲਈ ਪ੍ਰਾਸਚਿਤ ਕਰੇ।