2ਇਸਰਾਏਲੀਆਂ ਨਾਲ ਗੱਲ ਕਰੋ ਅਤੇ ਉਨ੍ਹਾਂ ਨੂੰ ਆਖੋ, ਜੇਕਰ ਕਿਸੇ ਮਨੁੱਖ ਦੇ ਸਰੀਰ ਵਿੱਚ ਪ੍ਰਮੇਹ ਦਾ ਰੋਗ ਹੋਵੇ ਤਾਂ ਉਹ ਉਸ ਰੋਗ ਦੇ ਕਾਰਨ ਅਸ਼ੁੱਧ ਹੈ।
3ਭਾਵੇਂ ਪ੍ਰਮੇਹ ਉਸ ਦੇ ਸਰੀਰ ਤੋਂ ਵਗਦਾ ਰਹੇ ਭਾਵੇਂ ਵਗਣਾ ਬੰਦ ਵੀ ਹੋ ਜਾਵੇ ਤਾਂ ਵੀ ਉਹ ਅਸ਼ੁੱਧ ਹੈ।
4ਉਹ ਸਾਰੇ ਵਿਛਾਉਣੇ ਜਿੰਨ੍ਹਾਂ ਦੇ ਉੱਤੇ ਪ੍ਰਮੇਹ ਵਾਲਾ ਲੇਟੇ, ਉਹ ਅਸ਼ੁੱਧ ਹੋਣ ਅਤੇ ਸਭ ਵਸਤੂਆਂ ਜਿਨ੍ਹਾਂ ਦੇ ਉੱਤੇ ਉਹ ਬੈਠੇ ਉਹ ਵੀ ਅਸ਼ੁੱਧ ਹੋਣ।
5ਜਿਹੜਾ ਉਸ ਵਿਛਾਉਣੇ ਨੂੰ ਛੂਹੇ, ਉਹ ਆਪਣੇ ਕੱਪੜੇ ਧੋਵੇ, ਪਾਣੀ ਨਾਲ ਨਹਾਵੇ ਅਤੇ ਸ਼ਾਮ ਤੱਕ ਅਸ਼ੁੱਧ ਰਹੇ।
6ਜਿਹੜਾ ਕਿਸੇ ਅਜਿਹੀ ਵਸਤੂ ਉੱਤੇ ਬੈਠੇ ਜਿਸ ਉੱਤੇ ਪ੍ਰਮੇਹ ਵਾਲਾ ਬੈਠਿਆ ਸੀ, ਤਾਂ ਉਹ ਆਪਣੇ ਕੱਪੜੇ ਧੋਵੇ, ਪਾਣੀ ਨਾਲ ਨਹਾਵੇ ਅਤੇ ਸ਼ਾਮ ਤੱਕ ਅਸ਼ੁੱਧ ਰਹੇ।
7ਅਤੇ ਜਿਹੜਾ ਉਸ ਪ੍ਰਮੇਹ ਵਾਲੇ ਨੂੰ ਛੂਹੇ, ਉਹ ਆਪਣੇ ਕੱਪੜੇ ਧੋਵੇ, ਪਾਣੀ ਨਾਲ ਨਹਾਵੇ ਅਤੇ ਸ਼ਾਮ ਤੱਕ ਅਸ਼ੁੱਧ ਰਹੇ।
8ਜੇਕਰ ਕਦੀ ਪ੍ਰਮੇਹ ਦਾ ਰੋਗੀ ਸ਼ੁੱਧ ਮਨੁੱਖ ਦੇ ਉੱਤੇ ਥੁੱਕੇ ਤਾਂ ਉਹ ਆਪਣੇ ਕੱਪੜੇ ਧੋਵੇ, ਪਾਣੀ ਨਾਲ ਨਹਾਵੇ ਅਤੇ ਸ਼ਾਮ ਤੱਕ ਅਸ਼ੁੱਧ ਰਹੇ।
9ਜਿਹੜੀ ਕਾਠੀ ਉੱਤੇ ਪ੍ਰਮੇਹ ਵਾਲਾ ਬੈਠੇ, ਉਹ ਅਸ਼ੁੱਧ ਹੋਵੇ।
10ਅਤੇ ਜਿਹੜਾ ਉਸ ਵਸਤੂ ਨੂੰ ਛੂਹੇ ਜਿਹੜੀ ਪ੍ਰਮੇਹ ਵਾਲੇ ਦੇ ਹੇਠ ਸੀ, ਉਹ ਸ਼ਾਮ ਤੱਕ ਅਸ਼ੁੱਧ ਰਹੇ ਅਤੇ ਜਿਹੜਾ ਅਜਿਹੀ ਵਸਤੂ ਨੂੰ ਚੁੱਕੇ ਤਾਂ ਉਹ ਆਪਣੇ ਕੱਪੜੇ ਧੋਵੇ, ਪਾਣੀ ਨਾਲ ਨਹਾਵੇ ਅਤੇ ਸ਼ਾਮ ਤੱਕ ਅਸ਼ੁੱਧ ਰਹੇ।