10ਪਰ ਪੌਲੁਸ ਨੇ ਉਤਰ ਕੇ ਉਹ ਨੂੰ ਜੱਫੇ ਵਿੱਚ ਲਿਆ ਅਤੇ ਗਲ਼ ਨਾਲ ਲਾ ਕੇ ਆਖਣ ਲੱਗਾ ਕਿ ਤੁਸੀਂ ਰੌਲ਼ਾ ਨਾ ਪਾਓ ਕਿਉਂ ਜੋ ਉਹ ਦੀ ਜਾਨ ਉਸ ਵਿੱਚ ਹੈ।
11ਫੇਰ ਉਹ ਉੱਪਰ ਆਇਆ ਅਤੇ ਰੋਟੀ ਤੋੜ ਕੇ ਖਾਧੀ ਅਤੇ ਐਨਾ ਚਿਰ ਗੱਲਾਂ ਕਰਦਾ ਰਿਹਾ ਜੋ ਦਿਨ ਚੜ੍ਹ ਗਿਆ, ਤਦ ਉਹ ਤੁਰ ਪਿਆ।
12ਅਤੇ ਉਹ ਉਸ ਮੁੰਡੇ ਨੂੰ ਜਿਉਂਦਾ ਲਿਆਏ ਅਤੇ ਬਹੁਤ ਸ਼ਾਂਤ ਹੋਏ।
13ਪਰ ਅਸੀਂ ਅਗਾਹਾਂ ਤੁਰ ਕੇ ਜਹਾਜ਼ ਉੱਤੇ ਚੜ੍ਹੇ ਅਤੇ ਅੱਸੁਸ ਦੀ ਵੱਲ ਚੱਲੇ ਜਿੱਥੋਂ ਅਸੀਂ ਪੌਲੁਸ ਨੂੰ ਨਾਲ ਚੜ੍ਹਾ ਲੈਣਾ ਸੀ, ਕਿਉਂ ਜੋ ਉਹ ਆਪ ਪੈਦਲ ਜਾਣ ਦਾ ਇਰਾਦਾ ਬਣਾ ਕੇ ਇਸ ਤਰ੍ਹਾਂ ਹੀ ਹੁਕਮ ਦੇ ਗਿਆ ਸੀ।
14ਜਦੋਂ ਉਹ ਅਸੁੱਸ ਵਿੱਚ ਸਾਨੂੰ ਆ ਮਿਲਿਆ ਤਾਂ ਅਸੀਂ ਉਹ ਨੂੰ ਜਹਾਜ਼ ਉੱਤੇ ਚੜ੍ਹਾ ਕੇ ਮਿਤੁਲੇਨੇ ਨੂੰ ਆਏ।
15ਅਤੇ ਉੱਥੋਂ ਜਹਾਜ਼ ਖੋਲ੍ਹ ਕੇ ਦੂਜੇ ਦਿਨ ਖੀਓਸ ਦੇ ਬਰਾਬਰ ਪਹੁੰਚੇ ਅਤੇ ਉਸ ਦੇ ਦੂਜੇ ਦਿਨ ਸਾਮੁਸ ਵਿੱਚ ਜਾ ਪਹੁੰਚੇ। ਫੇਰ ਅਗਲੇ ਦਿਨ ਮਿਲੇਤੁਸ ਨੂੰ ਆਏ।
16ਕਿਉਂਕਿ ਪੌਲੁਸ ਨੇ ਇਹ ਫੈਸਲਾ ਕੀਤਾ ਸੀ ਜੋ ਅਫ਼ਸੁਸ ਤੋਂ ਲੰਘ ਜਾਂਵਾਂ ਕਿ ਏਸ਼ੀਆ ਵਿੱਚ ਮੈਨੂੰ ਕਿਤੇ ਚਿਰ ਨਾ ਲੱਗੇ, ਕਿਉਂ ਜੋ ਉਹ ਛੇਤੀ ਕਰਦਾ ਸੀ ਕਿ ਜੇ ਹੋ ਸਕੇ ਤਾਂ ਮੈਂ ਪੰਤੇਕੁਸਤ ਦੇ ਦਿਨ ਯਰੂਸ਼ਲਮ ਵਿੱਚ ਪਹੁੰਚ ਜਾਂਵਾਂ।
17ਉਸ ਨੇ ਮਿਲੇਤੁਸ ਤੋਂ ਅਫ਼ਸੁਸ ਦੀ ਵੱਲ ਸੁਨੇਹਾ ਭੇਜ ਕੇ ਕਲੀਸਿਯਾ ਦੇ ਆਗੂ ਬਜ਼ੁਰਗਾਂ ਨੂੰ ਬੁਲਾਇਆ।
18ਅਤੇ ਜਦੋਂ ਉਹ ਉਸ ਦੇ ਕੋਲ ਆਏ ਤਾਂ ਉਨ੍ਹਾਂ ਨੂੰ ਆਖਿਆ, ਤੁਸੀਂ ਜਾਣਦੇ ਹੋ ਜੋ ਮੈਂ ਪਹਿਲੇ ਦਿਨ ਤੋਂ ਹੀ ਜਦੋਂ ਮੈਂ ਏਸ਼ੀਆ ਵਿੱਚ ਪਹੁੰਚਿਆ ਤਾਂ ਹਰ ਰੋਜ਼ ਤੁਹਾਡੇ ਨਾਲ ਕਿਸ ਤਰ੍ਹਾਂ ਰਿਹਾ
19ਕਿ ਮੈਂ ਬਹੁਤ ਅਧੀਨਗੀ ਨਾਲ ਹੰਝੂ ਵਹਾ ਵਹਾ ਕੇ ਉਨ੍ਹਾਂ ਪਰਤਾਵਿਆਂ ਵਿੱਚ ਜੋ ਯਹੂਦੀਆਂ ਦੀਆਂ ਸਾਜਿਸ਼ਾਂ ਦੇ ਕਾਰਨ ਮੇਰੇ ਉੱਤੇ ਆਣ ਪਏ ਪ੍ਰਭੂ ਦੀ ਸੇਵਾ ਕਰਦਾ ਰਿਹਾ।
20ਮੈਂ ਤੁਹਾਡੇ ਭਲੇ ਦੀ ਕੋਈ ਗੱਲ ਦੱਸਣ ਵਿੱਚ ਕੁਝ ਫ਼ਰਕ ਨਹੀਂ ਕੀਤਾ, ਸਗੋਂ ਤੁਹਾਨੂੰ ਖੁੱਲ੍ਹ ਕੇ ਅਤੇ ਘਰ-ਘਰ ਜਾ ਕੇ ਉਪਦੇਸ਼ ਦਿੱਤਾ।
21ਅਤੇ ਮੈਂ ਯਹੂਦੀਆਂ ਅਤੇ ਯੂਨਾਨੀਆਂ ਦੇ ਸਾਹਮਣੇ ਗਵਾਹੀ ਦਿੱਤੀ ਕਿ ਪਰਮੇਸ਼ੁਰ ਦੇ ਅੱਗੇ ਤੋਬਾ ਕਰੋ ਅਤੇ ਸਾਡੇ ਪ੍ਰਭੂ ਯਿਸੂ ਮਸੀਹ ਉੱਤੇ ਵਿਸ਼ਵਾਸ ਕਰੋ।
22ਹੁਣ ਵੇਖੋ, ਮੈਂ ਆਤਮਾ ਦਾ ਬੱਧਾ ਹੋਇਆ ਯਰੂਸ਼ਲਮ ਨੂੰ ਜਾਂਦਾ ਹਾਂ ਅਤੇ ਮੈਂ ਨਹੀਂ ਜਾਣਦਾ ਜੋ ਉੱਥੇ ਮੇਰੇ ਨਾਲ ਕੀ ਹੋਵੇਗਾ।