26ਅਤੇ ਉਸ ਨੇ ਮਨੁੱਖਾਂ ਦੀ ਹਰੇਕ ਕੌਮ ਨੂੰ ਸਾਰੀ ਧਰਤੀ ਉੱਤੇ ਵੱਸਣ ਲਈ ਰਚਿਆ ਅਤੇ ਉਨ੍ਹਾਂ ਦਾ ਇੱਕ ਨਿਸਚਿਤ ਸਮਾਂ ਅਤੇ ਰਹਿਣ ਦੀਆਂ ਹੱਦਾਂ ਠਹਿਰਾਈਆਂ
27ਕਿ ਉਹ ਪਰਮੇਸ਼ੁਰ ਨੂੰ ਲੱਭਣ, ਕੀ ਜਾਣੀਏ ਉਸ ਨੂੰ ਲੱਭ ਲੈਣ ਭਾਵੇਂ ਉਹ ਸਾਡੇ ਵਿੱਚੋਂ ਕਿਸੇ ਤੋਂ ਦੂਰ ਨਹੀਂ।
28ਕਿਉਂਕਿ ਉਸੇ ਵਿੱਚ ਅਸੀਂ ਜਿਉਂਦੇ, ਤੁਰਦੇ ਫਿਰਦੇ, ਮੌਜੂਦ ਹਾਂ ਜਿਵੇਂ ਤੁਹਾਡੇ ਕਵੀਸ਼ਰਾਂ ਵਿੱਚੋਂ ਵੀ ਬਹੁਤ ਨੇ ਆਖਿਆ ਹੈ, ਕਿ ਅਸੀਂ ਤਾਂ ਉਹ ਦੀ ਅੰਸ ਵੀ ਹਾਂ।
29ਸੋ ਪਰਮੇਸ਼ੁਰ ਦੀ ਅੰਸ ਹੋ ਕੇ ਸਾਨੂੰ ਯੋਗ ਨਹੀਂ ਜੋ ਇਹ ਸਮਝੀਏ ਕਿ ਪਰਮੇਸ਼ੁਰ ਸੋਨੇ ਚਾਂਦੀ ਜਾਂ ਪੱਥਰ ਵਰਗਾ ਹੈ, ਜਿਸ ਨੂੰ ਮਨੁੱਖ ਨੇ ਆਪਣੇ ਹੱਥਾਂ ਅਤੇ ਮਨ ਨਾਲ ਬਣਾਇਆ ਹੈ।
30ਪਰਮੇਸ਼ੁਰ ਨੇ ਅਣਜਾਣਪੁਣੇ ਦੇ ਸਮੇਂ ਵੱਲ ਧਿਆਨ ਨਹੀਂ ਦਿੱਤਾ, ਪਰ ਹੁਣ ਸਭ ਥਾਂਵਾਂ ਅਤੇ ਸਭਨਾਂ ਮਨੁੱਖਾਂ ਨੂੰ ਹੁਕਮ ਦਿੰਦਾ ਹੈ, ਕਿ ਉਹ ਸਾਰੇ ਤੋਬਾ ਕਰਨ।
31ਕਿਉਂ ਜੋ ਉਸ ਨੇ ਇੱਕ ਦਿਨ ਨਿਸਚਿਤ ਕੀਤਾ ਹੈ ਜਿਸ ਦੇ ਵਿੱਚ ਉਹ ਸਚਿਆਈ ਨਾਲ ਸੰਸਾਰ ਦਾ ਨਿਆਂ ਕਰੇਗਾ, ਉਸ ਮਨੁੱਖ ਦੇ ਰਾਹੀਂ ਜਿਸ ਨੂੰ ਉਸ ਨੇ ਠਹਿਰਾਇਆ ਅਤੇ ਉਹ ਨੂੰ ਮੁਰਦਿਆਂ ਵਿੱਚੋਂ ਜਿਉਂਦਾ ਕੀਤਾ ਹੈ, ਅਤੇ ਇਹ ਗੱਲ ਸਭਨਾਂ ਉੱਤੇ ਸਾਬਤ ਕਰ ਦਿੱਤੀ ਹੈ।
32ਜਦੋਂ ਉਨ੍ਹਾਂ ਨੇ ਮੁਰਦਿਆਂ ਦੇ ਜੀ ਉੱਠਣ ਦੀ ਗੱਲ ਸੁਣੀ ਤਾਂ ਕਈ ਮਖ਼ੌਲ ਕਰਨ ਲੱਗੇ ਪਰ ਕੁਝ ਨੇ ਆਖਿਆ, ਅਸੀਂ ਇਹ ਗੱਲ ਤੇਰੇ ਕੋਲੋਂ ਕਦੇ ਫੇਰ ਸੁਣਾਂਗੇ।
33ਸੋ ਪੌਲੁਸ ਉਨ੍ਹਾਂ ਦੇ ਵਿੱਚੋਂ ਚੱਲਿਆ ਗਿਆ।
34ਪਰੰਤੂ ਕਈ ਆਦਮੀਆਂ ਨੇ ਉਹ ਦੇ ਨਾਲ ਰਲ ਕੇ ਵਿਸ਼ਵਾਸ ਕੀਤਾ। ਉਨ੍ਹਾਂ ਵਿੱਚ ਦਿਯਾਨੀਸਿਯੁਸ ਅਰਿਯੁਪਗੀ ਅਤੇ ਦਾਮਰਿਸ ਨਾਮ ਦੀ ਇੱਕ ਔਰਤ ਅਤੇ ਕਈ ਹੋਰ ਉਨ੍ਹਾਂ ਦੇ ਨਾਲ ਸਨ।