6ਉਹ ਸ਼ਮਊਨ, ਜਿਹੜਾ ਚਮੜੇ ਦਾ ਕੰਮ ਕਰਨ ਵਾਲਾ ਹੈ ਜਿਸ ਦਾ ਘਰ ਸਮੁੰਦਰ ਦੇ ਕੰਢੇ ਹੈ ਉਸ ਦੇ ਘਰ ਵਿੱਚ ਮਹਿਮਾਨ ਹੈ।
7ਅਤੇ ਜਦੋਂ ਉਹ ਦੂਤ ਜਿਸ ਨੇ ਉਸ ਨਾਲ ਗੱਲਾਂ ਕੀਤੀਆਂ ਸਨ, ਚੱਲਿਆ ਗਿਆ ਤਾਂ ਉਹ ਨੇ ਆਪਣੇ ਸੇਵਕਾਂ ਵਿੱਚੋਂ ਦੋ ਆਦਮੀ ਅਤੇ ਉਨ੍ਹਾਂ ਵਿੱਚੋਂ ਜਿਹੜੇ ਨਿੱਤ ਉਹ ਦੇ ਨਾਲ ਰਹਿੰਦੇ ਸਨ ਇੱਕ ਧਰਮੀ ਸਿਪਾਹੀ ਨੂੰ ਸੱਦਿਆ
8ਅਤੇ ਸਭ ਗੱਲਾਂ ਉਨ੍ਹਾਂ ਨੂੰ ਦੱਸ ਕੇ ਯਾਪਾ ਨੂੰ ਭੇਜਿਆ।
9ਦੂਜੇ ਦਿਨ ਜਦੋਂ ਉਹ ਰਾਹ ਵਿੱਚ ਚੱਲੇ ਜਾਂਦੇ ਸਨ ਅਤੇ ਨਗਰ ਦੇ ਨੇੜੇ ਜਾ ਪਹੁੰਚੇ ਤਾਂ ਪਤਰਸ ਦੁਪਹਿਰ ਵੇਲੇ ਕੋਠੇ ਉੱਤੇ ਪ੍ਰਾਰਥਨਾ ਕਰਨ ਲਈ ਗਿਆ
10ਅਤੇ ਉਹ ਨੂੰ ਭੁੱਖ ਲੱਗੀ ਅਤੇ ਉਹ ਨੇ ਚਾਹਿਆ ਕਿ ਕੁਝ ਖਾਵੇ ਪਰ ਜਦੋਂ ਉਹ ਤਿਆਰੀ ਹੀ ਕਰ ਰਹੇ ਸਨ ਉਹ ਬੇਸੁਧ ਹੋ ਗਿਆ।
11ਅਤੇ ਉਸ ਨੇ ਵੇਖਿਆ, ਕਿ ਅਕਾਸ਼ ਖੁੱਲ੍ਹਾ ਹੈ ਅਤੇ ਇੱਕ ਵੱਡੀ ਚਾਦਰ ਦੇ ਸਮਾਨ ਜਿਸ ਦੇ ਚਾਰ ਪੱਲੇ ਸਨ ਅਕਾਸ਼ ਤੋਂ ਧਰਤੀ ਦੀ ਵੱਲ ਉਤਰਦੀ ਹੈ।
12ਉਸ ਵਿੱਚ ਸਭ ਤਰ੍ਹਾਂ ਦੇ ਚੌਪਾਏ ਅਤੇ ਧਰਤੀ ਤੇ ਘਿੱਸਰਨ ਵਾਲੇ ਜੀਵ-ਜੰਤੂ ਅਤੇ ਅਕਾਸ਼ ਦੇ ਪੰਛੀ ਸਨ।
13ਅਤੇ ਉਹ ਨੂੰ ਇੱਕ ਅਵਾਜ਼ ਆਈ ਕਿ ਹੇ ਪਤਰਸ ਉੱਠ, ਮਾਰ ਅਤੇ ਖਾ!
14ਪਰ ਪਤਰਸ ਨੇ ਆਖਿਆ, ਨਾ ਪ੍ਰਭੂ ਜੀ ਇਸ ਤਰ੍ਹਾਂ ਨਹੀਂ ਹੋ ਸਕਦਾ ਕਿਉਂ ਜੋ ਮੈਂ ਕੋਈ ਅਸ਼ੁੱਧ ਜਾਂ ਮਾੜੀ ਚੀਜ਼ ਕਦੇ ਨਹੀਂ ਖਾਧੀ।
15ਫਿਰ ਦੂਜੀ ਵਾਰ ਉਹ ਨੂੰ ਅਵਾਜ਼ ਆਈ ਕਿ, ਜੋ ਕੁਝ ਪਰਮੇਸ਼ੁਰ ਨੇ ਸ਼ੁੱਧ ਕੀਤਾ ਹੈ ਉਹ ਨੂੰ ਤੂੰ ਅਸ਼ੁੱਧ ਨਾ ਕਹਿ।