22ਫਿਰ ਯਹੋਸ਼ੁਆ ਨੇ ਆਖਿਆ, ਗੁਫ਼ਾ ਦੇ ਮੂੰਹ ਨੂੰ ਖੋਲ੍ਹੋ ਅਤੇ ਗੁਫ਼ਾ ਵਿੱਚੋਂ ਇਹ ਪੰਜੇ ਰਾਜੇ ਮੇਰੇ ਕੋਲ ਲੈ ਆਓ।
23ਉਹਨਾਂ ਨੇ ਉਸੇ ਤਰ੍ਹਾਂ ਹੀ ਕੀਤਾ ਅਤੇ ਗੁਫ਼ਾ ਵਿੱਚੋਂ ਇਹ ਪੰਜੇ ਰਾਜੇ ਉਹ ਦੇ ਕੋਲ ਲੈ ਆਏ ਅਰਥਾਤ ਯਰੂਸ਼ਲਮ ਦਾ ਰਾਜਾ, ਹਬਰੋਨ ਦਾ ਰਾਜਾ, ਯਰਮੂਥ ਦਾ ਰਾਜਾ, ਲਾਕੀਸ਼ ਦਾ ਰਾਜਾ ਅਤੇ ਅਗਲੋਨ ਦਾ ਰਾਜਾ।
24ਫਿਰ ਇਸ ਤਰ੍ਹਾਂ ਹੋਇਆ ਕਿ ਜਦ ਉਹ ਉਹਨਾਂ ਰਾਜਿਆਂ ਨੂੰ ਯਹੋਸ਼ੁਆ ਦੇ ਕੋਲ ਲੈ ਆਏ ਤਾਂ ਯਹੋਸ਼ੁਆ ਨੇ ਇਸਰਾਏਲ ਦੇ ਸਾਰੇ ਮਨੁੱਖਾਂ ਨੂੰ ਸੱਦਿਆ ਅਤੇ ਯੋਧਿਆਂ ਦੇ ਸਰਦਾਰਾਂ ਨੂੰ ਜਿਹੜੇ ਉਹ ਦੇ ਨਾਲ ਜਾਂਦੇ ਸਨ ਆਖਿਆ, ਨੇੜੇ ਆ ਕੇ ਆਪਣੇ ਪੈਰ ਇਹਨਾਂ ਰਾਜਿਆਂ ਦੀਆਂ ਗਰਦਨਾਂ ਉੱਤੇ ਰੱਖੋ ਸੋ ਉਹਨਾਂ ਨੇ ਨੇੜੇ ਆ ਕੇ ਆਪਣੇ ਪੈਰ ਉਹਨਾਂ ਦੀਆਂ ਗਰਦਨਾਂ ਉੱਤੇ ਰੱਖੇ।
25ਯਹੋਸ਼ੁਆ ਨੇ ਉਹਨਾਂ ਨੂੰ ਆਖਿਆ, ਨਾ ਡਰੋ ਅਤੇ ਨਾ ਘਬਰਾਓ। ਤਕੜੇ ਹੋਵੋ ਅਤੇ ਹੌਂਸਲਾ ਰੱਖੋ ਕਿਉਂ ਜੋ ਯਹੋਵਾਹ ਤੁਹਾਡੇ ਸਾਰੇ ਵੈਰੀਆਂ ਨਾਲ ਜਿਨ੍ਹਾਂ ਦੇ ਵਿਰੁੱਧ ਤੁਸੀਂ ਲੜਦੇ ਹੋ ਅਜਿਹਾ ਹੀ ਕਰੇਗਾ।
26ਇਸ ਤੋਂ ਬਾਅਦ ਯਹੋਸ਼ੁਆ ਨੇ ਉਹਨਾਂ ਨੂੰ ਜਾਨੋਂ ਮਾਰ ਸੁੱਟਿਆ ਅਤੇ ਉਹਨਾਂ ਨੂੰ ਪੰਜਾਂ ਰੁੱਖਾਂ ਉੱਤੇ ਟੰਗ ਦਿੱਤਾ ਅਤੇ ਉਹ ਸ਼ਾਮਾਂ ਤੱਕ ਉਹਨਾਂ ਰੁੱਖਾਂ ਉੱਤੇ ਟੰਗੇ ਰਹੇ।
27ਤਾਂ ਇਸ ਤਰ੍ਹਾਂ ਹੋਇਆ ਕਿ ਜਦ ਸੂਰਜ ਡੁੱਬਣ ਲੱਗਾ ਤਦ ਯਹੋਸ਼ੁਆ ਨੇ ਹੁਕਮ ਦਿੱਤਾ ਸੋ ਉਹਨਾਂ ਨੇ ਉਹਨਾਂ ਨੂੰ ਰੁੱਖਾਂ ਉੱਤੋਂ ਲਾਹ ਲਿਆ ਅਤੇ ਉਸ ਗੁਫ਼ਾ ਵਿੱਚ ਜਿੱਥੇ ਉਹ ਲੁਕੇ ਸਨ ਸੁੱਟ ਦਿੱਤਾ ਅਤੇ ਉਸ ਗੁਫ਼ਾ ਦੇ ਮੂੰਹ ਉੱਤੇ ਵੱਡੇ-ਵੱਡੇ ਪੱਥਰ ਰੱਖ ਦਿੱਤੇ ਜਿਹੜੇ ਅੱਜ ਦੇ ਦਿਨ ਤੱਕ ਵੀ ਹਨ।