6ਅਤੇ ਮਿਦਯਾਨੀਆਂ ਦੇ ਕਾਰਨ ਇਸਰਾਏਲੀ ਕੰਗਾਲ ਹੋ ਗਏ, ਤਦ ਇਸਰਾਏਲੀਆਂ ਨੇ ਯਹੋਵਾਹ ਦੇ ਅੱਗੇ ਦੁਹਾਈ ਦਿੱਤੀ।
7ਅਜਿਹਾ ਹੋਇਆ ਕਿ ਜਦ ਇਸਰਾਏਲੀਆਂ ਨੇ ਮਿਦਯਾਨੀਆਂ ਦੇ ਕਾਰਨ ਯਹੋਵਾਹ ਦੇ ਅੱਗੇ ਦੁਹਾਈ ਦਿੱਤੀ
8ਤਾਂ ਯਹੋਵਾਹ ਨੇ ਇਸਰਾਏਲੀਆਂ ਦੇ ਕੋਲ ਇੱਕ ਨਬੀ ਭੇਜਿਆ, ਜਿਸ ਨੇ ਉਨ੍ਹਾਂ ਨੂੰ ਕਿਹਾ, “ਇਸਰਾਏਲ ਦਾ ਪਰਮੇਸ਼ੁਰ ਯਹੋਵਾਹ ਇਹ ਫ਼ਰਮਾਉਂਦਾ ਹੈ, ਮੈਂ ਤੁਹਾਨੂੰ ਮਿਸਰ ਤੋਂ ਬਾਹਰ ਲਿਆਇਆ ਅਤੇ ਮੈਂ ਤੁਹਾਨੂੰ ਗ਼ੁਲਾਮੀ ਦੇ ਘਰ ਵਿੱਚੋਂ ਕੱਢ ਲਿਆਇਆ,
9ਅਤੇ ਮੈਂ ਤੁਹਾਨੂੰ ਮਿਸਰੀਆਂ ਦੇ ਹੱਥਾਂ ਤੋਂ ਸਗੋਂ ਉਨ੍ਹਾਂ ਸਾਰਿਆਂ ਦੇ ਹੱਥਾਂ ਤੋਂ ਛੁਡਾਇਆ ਜਿਹੜੇ ਤੁਹਾਨੂੰ ਦੁੱਖ ਦਿੰਦੇ ਸਨ, ਅਤੇ ਤੁਹਾਡੇ ਅੱਗਿਓਂ ਉਨ੍ਹਾਂ ਨੂੰ ਕੱਢ ਦਿੱਤਾ ਅਤੇ ਉਨ੍ਹਾਂ ਦਾ ਦੇਸ਼ ਤੁਹਾਨੂੰ ਦੇ ਦਿੱਤਾ,
10ਅਤੇ ਮੈਂ ਤੁਹਾਨੂੰ ਕਿਹਾ, ਮੈਂ ਤੁਹਾਡਾ ਪਰਮੇਸ਼ੁਰ ਯਹੋਵਾਹ ਹਾਂ, ਇਸ ਲਈ ਤੁਸੀਂ ਅਮੋਰੀਆਂ ਦੇ ਦੇਵਤਿਆਂ ਤੋਂ, ਜਿਨ੍ਹਾਂ ਦੇ ਦੇਸ ਵਿੱਚ ਤੁਸੀਂ ਵੱਸਦੇ ਹੋ, ਨਾ ਡਰੋ। ਪਰ ਤੁਸੀਂ ਮੇਰੇ ਬਚਨ ਨੂੰ ਨਾ ਮੰਨਿਆ।”
11ਫਿਰ ਯਹੋਵਾਹ ਦਾ ਦੂਤ ਆਇਆ ਅਤੇ ਆਫ਼ਰਾਹ ਵਿੱਚ ਬਲੂਤ ਦੇ ਇੱਕ ਰੁੱਖ ਦੇ ਹੇਠ ਬੈਠ ਗਿਆ, ਜਿਹੜਾ ਯੋਆਸ਼ ਅਬੀਅਜ਼ਰੀ ਦਾ ਸੀ। ਉਸ ਵੇਲੇ ਉਸ ਦਾ ਪੁੱਤਰ ਗਿਦਾਊਨ ਇੱਕ ਹੌਦ ਵਿੱਚ ਕਣਕ ਨੂੰ ਛੱਟ ਰਿਹਾ ਸੀ ਤਾਂ ਜੋ ਉਸ ਨੂੰ ਮਿਦਯਾਨੀਆਂ ਦੇ ਹੱਥੋਂ ਲੁਕਾਵੇ।
12ਯਹੋਵਾਹ ਦੇ ਦੂਤ ਨੇ ਉਸ ਨੂੰ ਦਰਸ਼ਣ ਦਿੱਤਾ ਅਤੇ ਕਿਹਾ, “ਹੇ ਸੂਰਬੀਰ ਸੂਰਮਾ, ਯਹੋਵਾਹ ਤੇਰੇ ਨਾਲ ਹੈ।”
13ਗਿਦਾਊਨ ਨੇ ਉਸ ਨੂੰ ਕਿਹਾ, “ਹੇ ਪ੍ਰਭੂ, ਜੇ ਯਹੋਵਾਹ ਸਾਡੇ ਨਾਲ ਹੁੰਦਾ ਤਾਂ ਇਹ ਸਾਰੀ ਬਿਪਤਾ ਸਾਡੇ ਉੱਤੇ ਕਿਉਂ ਪੈਂਦੀ? ਅਤੇ ਉਹ ਸਾਰੇ ਅਚਰਜ਼ ਕੰਮ ਕਿੱਥੇ ਹਨ, ਜਿਹੜੇ ਸਾਡੇ ਪਿਉ-ਦਾਦੇ ਸਾਨੂੰ ਇਹ ਕਹਿ ਕੇ ਸੁਣਾਉਂਦੇ ਸਨ, ਕੀ ਭਲਾ, ਯਹੋਵਾਹ ਸਾਨੂੰ ਮਿਸਰ ਤੋਂ ਨਹੀਂ ਕੱਢ ਲਿਆਇਆ? ਪਰ ਹੁਣ ਤਾਂ ਯਹੋਵਾਹ ਨੇ ਸਾਨੂੰ ਤਿਆਗ ਦਿੱਤਾ ਅਤੇ ਸਾਨੂੰ ਮਿਦਯਾਨੀਆਂ ਦੇ ਹੱਥ ਕਰ ਦਿੱਤਾ ਹੈ।”
14ਤਦ ਯਹੋਵਾਹ ਨੇ ਉਸ ਦੀ ਵੱਲ ਵੇਖ ਕੇ ਕਿਹਾ, “ਤੂੰ ਆਪਣੇ ਇਸੇ ਬਲ ਨਾਲ ਜਾ ਅਤੇ ਤੂੰ ਇਸਰਾਏਲ ਨੂੰ ਮਿਦਯਾਨੀਆਂ ਦੇ ਹੱਥੋਂ ਛੁਡਾਵੇਂਗਾ! ਭਲਾ, ਮੈਂ ਤੈਨੂੰ ਨਹੀਂ ਭੇਜਿਆ?”
15ਗਿਦਾਊਨ ਨੇ ਉਸ ਨੂੰ ਕਿਹਾ, “ਹੇ ਪ੍ਰਭੂ, ਮੈਂ ਇਸਰਾਏਲ ਨੂੰ ਕਿਸ ਤਰ੍ਹਾਂ ਛੁਡਾਵਾਂ? ਵੇਖ, ਮੇਰਾ ਟੱਬਰ ਮਨੱਸ਼ਹ ਵਿੱਚ ਸਾਰਿਆਂ ਨਾਲੋਂ ਕੰਗਾਲ ਹੈ, ਅਤੇ ਆਪਣੇ ਪਿਤਾ ਦੇ ਘਰਾਣੇ ਵਿੱਚੋਂ ਮੈਂ ਸਭ ਤੋਂ ਛੋਟਾ ਹਾਂ।”
16ਤਾਂ ਯਹੋਵਾਹ ਨੇ ਉਸ ਨੂੰ ਕਿਹਾ, “ਮੈਂ ਜ਼ਰੂਰ ਤੇਰੇ ਨਾਲ ਹੋਵਾਂਗਾ, ਅਤੇ ਤੂੰ ਮਿਦਯਾਨੀਆਂ ਨੂੰ ਇੱਕ ਮਨੁੱਖ ਵਾਂਗੂੰ ਮਾਰ ਸੁੱਟੇਂਗਾ।”
17ਤਾਂ ਗਿਦਾਊਨ ਨੇ ਉਸ ਨੂੰ ਕਿਹਾ, “ਜੇਕਰ ਮੈਂ ਤੇਰੇ ਅੱਗੇ ਕਿਰਪਾ ਪਾਈ ਹੈ, ਤਾਂ ਮੈਨੂੰ ਕੋਈ ਨਿਸ਼ਾਨੀ ਵਿਖਾ ਜੋ ਮੈਂ ਜਾਣ ਲਵਾਂ ਕਿ ਤੂੰ ਹੀ ਹੈਂ, ਜਿਹੜਾ ਮੇਰੇ ਨਾਲ ਬੋਲਦਾ ਹੈਂ।
18ਮੈਂ ਤੇਰੇ ਅੱਗੇ ਬੇਨਤੀ ਕਰਦਾ ਤਾਂ ਕਿ ਜਦ ਤੱਕ ਮੈਂ ਤੇਰੇ ਕੋਲ ਵਾਪਿਸ ਨਾ ਆਵਾਂ ਅਤੇ ਆਪਣੀ ਭੇਟ ਨਾ ਲਿਆਵਾਂ ਅਤੇ ਉਸ ਨੂੰ ਤੇਰੇ ਅੱਗੇ ਅਰਪਣ ਨਾ ਕਰਾਂ, ਤਦ ਤੱਕ ਤੂੰ ਇੱਥੋਂ ਵਾਪਿਸ ਨਾ ਜਾਵੀਂ।” ਉਸ ਨੇ ਕਿਹਾ, “ਜਦ ਤੱਕ ਤੂੰ ਨਾ ਮੁੜੇਂਗਾ, ਤਦ ਤੱਕ ਮੈਂ ਇੱਥੇ ਹੀ ਰਹਾਂਗਾ।”
19ਤਦ ਗਿਦਾਊਨ ਗਿਆ ਅਤੇ ਉਸ ਨੇ ਬੱਕਰੀ ਦਾ ਇੱਕ ਬੱਚਾ ਅਤੇ ਇੱਕ ਏਫ਼ਾਹ ਆਟੇ ਦੀਆਂ ਪਤੀਰੀਆਂ ਰੋਟੀਆਂ ਪਕਾਈਆਂ ਅਤੇ ਮਾਸ ਨੂੰ ਟੋਕਰੀ ਵਿੱਚ ਰੱਖਿਆ ਅਤੇ ਤਰੀ ਨੂੰ ਇੱਕ ਭਾਂਡੇ ਵਿੱਚ ਪਾ ਕੇ ਬਲੂਤ ਦੇ ਰੁੱਖ ਹੇਠ ਉਸ ਦੇ ਲਈ ਲਿਆ ਕੇ ਰੱਖਿਆ।
20ਤਦ ਯਹੋਵਾਹ ਦੇ ਦੂਤ ਨੇ ਉਸ ਨੂੰ ਕਿਹਾ, “ਇਸ ਮਾਸ ਅਤੇ ਪਤੀਰੀਆਂ ਰੋਟੀਆਂ ਨੂੰ ਚੁੱਕ ਕੇ ਉਸ ਪੱਥਰ ਉੱਤੇ ਰੱਖਦੇ, ਅਤੇ ਤਰੀ ਨੂੰ ਉਸ ਦੇ ਉੱਤੇ ਡੋਲ੍ਹ ਦੇ।” ਤਾਂ ਉਸ ਨੇ ਉਸੇ ਤਰ੍ਹਾਂ ਹੀ ਕੀਤਾ।
21ਤਾਂ ਯਹੋਵਾਹ ਦੇ ਦੂਤ ਨੇ ਉਸ ਸੋਟੀ ਦੇ ਸਿਰੇ ਨਾਲ ਜਿਹੜੀ ਉਸ ਦੇ ਹੱਥ ਵਿੱਚ ਸੀ, ਮਾਸ ਅਤੇ ਪਤੀਰੀਆਂ ਰੋਟੀਆਂ ਨੂੰ ਛੂਹਿਆ ਅਤੇ ਉਸ ਪੱਥਰ ਵਿੱਚੋਂ ਅੱਗ ਨਿੱਕਲੀ ਜਿਸ ਨਾਲ ਮਾਸ ਤੇ ਪਤੀਰੀਆਂ ਰੋਟੀਆਂ ਭਸਮ ਹੋ ਗਈਆਂ, ਤਦ ਯਹੋਵਾਹ ਦਾ ਦੂਤ ਉਸ ਦੀਆਂ ਅੱਖਾਂ ਦੇ ਅੱਗੋਂ ਅਲੋਪ ਹੋ ਗਿਆ।
22ਜਦ ਗਿਦਾਊਨ ਨੇ ਵੇਖਿਆ ਕਿ ਉਹ ਯਹੋਵਾਹ ਦਾ ਦੂਤ ਸੀ, ਤਾਂ ਗਿਦਾਊਨ ਨੇ ਕਿਹਾ, “ਹਾਏ ਹਾਏ! ਹੇ ਪ੍ਰਭੂ ਯਹੋਵਾਹ, ਮੈਂ ਤਾਂ ਯਹੋਵਾਹ ਦੇ ਦੂਤ ਨੂੰ ਆਹਮੋ-ਸਾਹਮਣੇ ਵੇਖਿਆ ਹੈ!”
23ਤਦ ਯਹੋਵਾਹ ਨੇ ਉਸ ਨੂੰ ਕਿਹਾ, “ਤੈਨੂੰ ਸ਼ਾਂਤੀ ਹੋਵੇ। ਨਾ ਡਰ, ਤੂੰ ਮਰੇਂਗਾ ਨਹੀਂ।”
24ਤਦ ਗਿਦਾਊਨ ਨੇ ਉੱਥੇ ਯਹੋਵਾਹ ਦੇ ਲਈ ਇੱਕ ਜਗਵੇਦੀ ਬਣਾਈ ਅਤੇ ਉਸ ਦਾ ਨਾਮ “ਯਹੋਵਾਹ ਸ਼ਾਲੋਮ” ਰੱਖਿਆ। ਉਹ ਜਗਵੇਦੀ ਅੱਜ ਦੇ ਦਿਨ ਤੱਕ ਅਬੀ-ਅਜ਼ਰੀਆਂ ਦੇ ਆਫ਼ਰਾਹ ਵਿੱਚ ਬਣੀ ਹੋਈ ਹੈ।
25ਫਿਰ ਅਜਿਹਾ ਹੋਇਆ ਕਿ ਉਸੇ ਰਾਤ ਯਹੋਵਾਹ ਨੇ ਗਿਦਾਊਨ ਨੂੰ ਕਿਹਾ, “ਆਪਣੇ ਪਿਤਾ ਦਾ ਬਲ਼ਦ ਲੈ, ਅਰਥਾਤ ਉਹ ਦੂਜਾ ਬਲ਼ਦ ਜਿਹੜਾ ਸੱਤ ਸਾਲ ਦਾ ਹੈ, ਅਤੇ ਬਆਲ ਦੀ ਜਗਵੇਦੀ ਜੋ ਤੇਰੇ ਪਿਤਾ ਦੀ ਹੈ ਉਸ ਨੂੰ ਢਾਹ ਦੇ ਅਤੇ ਉਸ ਦੇ ਕੋਲ ਅਸ਼ੇਰਾਹ ਦੇਵੀ ਨੂੰ ਵੱਢ ਦੇ,
26ਅਤੇ ਯਹੋਵਾਹ ਆਪਣੇ ਪਰਮੇਸ਼ੁਰ ਦੇ ਲਈ ਇਸ ਪੱਥਰ ਦੇ ਉੱਤੇ ਰੀਤ ਅਨੁਸਾਰ ਇੱਕ ਜਗਵੇਦੀ ਬਣਾ, ਅਤੇ ਉਸ ਦੂਜੇ ਬਲ਼ਦ ਨੂੰ ਲੈ ਅਤੇ ਉਸ ਨੂੰ ਅਸ਼ੇਰਾਹ ਦੀ ਲੱਕੜ ਨਾਲ ਜਿਸ ਨੂੰ ਤੂੰ ਵੱਢੇਗਾਂ, ਜਲਾ ਕੇ ਹੋਮ ਦੀ ਬਲੀ ਚੜ੍ਹਾ।”
27ਤਦ ਗਿਦਾਊਨ ਨੇ ਆਪਣੇ ਸੇਵਕਾਂ ਵਿੱਚੋਂ ਦਸ ਲੋਕ ਲਏ ਅਤੇ ਜਿਸ ਤਰ੍ਹਾਂ ਯਹੋਵਾਹ ਨੇ ਉਸ ਨੂੰ ਕਿਹਾ ਸੀ, ਉਸੇ ਤਰ੍ਹਾਂ ਹੀ ਕੀਤਾ, ਪਰ ਕਿਉਂ ਜੋ ਉਹ ਆਪਣੇ ਪਿਤਾ ਦੇ ਘਰਾਣੇ ਅਤੇ ਸ਼ਹਿਰ ਦੇ ਵਾਸੀਆਂ ਤੋਂ ਡਰਦਾ ਸੀ, ਇਸ ਲਈ ਉਸਨੇ ਇਹ ਕੰਮ ਦਿਨੇ ਨਾ ਕਰਕੇ ਰਾਤ ਨੂੰ ਕੀਤਾ।
28ਜਦ ਸ਼ਹਿਰ ਦੇ ਲੋਕ ਸਵੇਰੇ ਉੱਠੇ ਤਾਂ ਵੇਖਿਆ ਕਿ ਬਆਲ ਦੀ ਜਗਵੇਦੀ ਡਿੱਗੀ ਪਈ ਸੀ ਅਤੇ ਉਸ ਦੇ ਕੋਲ ਦੀ ਅਸ਼ੇਰਾਹ ਵੱਢੀ ਹੋਈ ਸੀ, ਅਤੇ ਦੂਜਾ ਬਲ਼ਦ ਉਸ ਜਗਵੇਦੀ ਉੱਤੇ ਜੋ ਬਣਾਈ ਗਈ ਸੀ, ਚੜ੍ਹਾਇਆ ਹੋਇਆ ਸੀ।
29ਤਦ ਉਨ੍ਹਾਂ ਨੇ ਆਪਸ ਵਿੱਚ ਕਿਹਾ, “ਇਹ ਕੰਮ ਕਿਸ ਨੇ ਕੀਤਾ ਹੈ?” ਜਦ ਉਨ੍ਹਾਂ ਨੇ ਛਾਣਬੀਣ ਅਤੇ ਪੁੱਛ-ਗਿੱਛ ਕੀਤੀ ਤਾਂ ਕਹਿਣ ਲੱਗੇ, “ਯੋਆਸ਼ ਦੇ ਪੁੱਤਰ ਗਿਦਾਊਨ ਨੇ ਇਹ ਕੰਮ ਕੀਤਾ ਹੈ।”
30ਤਾਂ ਸ਼ਹਿਰ ਦੇ ਲੋਕਾਂ ਨੇ ਯੋਆਸ਼ ਨੂੰ ਕਿਹਾ, “ਆਪਣੇ ਪੁੱਤਰ ਨੂੰ ਬਾਹਰ ਲੈ ਆ ਤਾਂ ਜੋ ਉਹ ਮਾਰਿਆ ਜਾਵੇ, ਕਿਉਂ ਜੋ ਉਸ ਨੇ ਬਆਲ ਦੇ ਜਗਵੇਦੀ ਨੂੰ ਢਾਹ ਦਿੱਤਾ, ਅਤੇ ਉਸ ਦੇ ਕੋਲ ਅਸ਼ੇਰਾਹ ਨੂੰ ਵੱਢ ਸੁੱਟਿਆ ਹੈ।”