34ਯਹੋਯਾਦਾ ਦਾ ਪੁੱਤਰ ਬਨਾਯਾਹ ਉਤਾਹਾਂ ਚੜ੍ਹ ਗਿਆ, ਉਸ ਦੇ ਉੱਤੇ ਹਮਲਾ ਕਰਕੇ ਉਸ ਨੂੰ ਮਾਰ ਸੁੱਟਿਆ ਅਤੇ ਉਸ ਨੂੰ ਉਸੇ ਦੇ ਘਰ ਵਿੱਚ ਦੱਬ ਦਿੱਤਾ।
35ਯਹੋਯਾਦਾ ਦੇ ਪੁੱਤਰ ਬਨਾਯਾਹ ਨੂੰ ਪਾਤਸ਼ਾਹ ਨੇ ਉਸ ਦੇ ਥਾਂ ਸੈਨਾਪਤੀ ਬਣਾਇਆ ਅਤੇ ਸਾਦੋਕ ਜਾਜਕ ਨੂੰ ਪਾਤਸ਼ਾਹ ਨੇ ਅਬਯਾਥਾਰ ਦਾ ਥਾਂ ਦਿੱਤਾ।
36ਫੇਰ ਪਾਤਸ਼ਾਹ ਨੇ ਸ਼ਿਮਈ ਨੂੰ ਸੱਦਾ ਭੇਜਿਆ ਅਤੇ ਉਹ ਨੂੰ ਆਖਿਆ, ਤੂੰ ਯਰੂਸ਼ਲਮ ਵਿੱਚ ਇੱਕ ਘਰ ਬਣਾ ਕੇ ਉੱਥੇ ਹੀ ਰਹਿ ਅਤੇ ਉੱਥੋਂ ਕਿਤੇ ਬਾਹਰ ਨਾ ਜਾਈਂ।
37ਕਿਉਂ ਜੋ ਅਜਿਹਾ ਹੋਵੇਗਾ ਕਿ ਜਿਸ ਦਿਨ ਤੂੰ ਬਾਹਰ ਨਿੱਕਲ ਕੇ ਕਿਦਰੋਨ ਦੀ ਵਾਦੀ ਤੋਂ ਲੰਘੇਗਾ, ਤਾਂ ਤੂੰ ਸੱਚ-ਮੁੱਚ ਚੇਤੇ ਰੱਖੀਂ ਕਿ ਤੂੰ ਮਾਰਿਆ ਜਾਵੇਂਗਾ ਅਤੇ ਤੇਰਾ ਖ਼ੂਨ ਤੇਰੇ ਹੀ ਸਿਰ ਉੱਤੇ ਹੋਵੇਗਾ।
38ਸ਼ਿਮਈ ਨੇ ਪਾਤਸ਼ਾਹ ਨੂੰ ਆਖਿਆ, ਸੱਚ ਬਚਨ। ਜਿਵੇਂ ਮੇਰੇ ਮਾਲਕ ਪਾਤਸ਼ਾਹ ਨੇ ਆਖਿਆ, ਤਿਵੇਂ ਹੀ ਤੁਹਾਡਾ ਸੇਵਕ ਕਰੇਗਾ। ਸ਼ਿਮਈ ਬਹੁਤ ਦਿਨਾਂ ਤੱਕ ਯਰੂਸ਼ਲਮ ਵਿੱਚ ਟਿਕਿਆ ਰਿਹਾ।
39ਤੀਜੇ ਸਾਲ ਦੇ ਅੰਤ ਵਿੱਚ ਇਸ ਤਰ੍ਹਾਂ ਹੋਇਆ ਕਿ ਸ਼ਿਮਈ ਦੇ ਸੇਵਕਾਂ ਵਿੱਚੋਂ ਦੋ ਗਥ ਦੇ ਰਾਜਾ ਮਅਕਾਹ ਦੇ ਪੁੱਤਰ ਆਕੀਸ਼ ਦੇ ਕੋਲ ਭੱਜ ਗਏ, ਤਦ ਸ਼ਿਮਈ ਨੂੰ ਦੱਸਿਆ ਗਿਆ ਕਿ ਵੇਖ ਤੇਰੇ ਸੇਵਕ ਗਥ ਵਿੱਚ ਹਨ।
40ਸ਼ਿਮਈ ਨੇ ਉੱਠ ਕੇ ਆਪਣੇ ਗਧੇ ਉੱਤੇ ਕਾਠੀ ਪਾਈ ਅਤੇ ਆਪਣੇ ਸੇਵਕਾਂ ਦੀ ਖ਼ੋਜ ਵਿੱਚ ਗਥ ਵਿੱਚ ਆਕੀਸ਼ ਨੂੰ ਗਿਆ। ਇਸ ਤੋਂ ਬਾਅਦ ਸ਼ਿਮਈ ਗਿਆ ਅਤੇ ਗਥ ਸ਼ਹਿਰ ਤੋਂ ਆਪਣੇ ਸੇਵਕਾਂ ਨੂੰ ਮੋੜ ਲਿਆਇਆ।
41ਤਦ ਸੁਲੇਮਾਨ ਨੂੰ ਦੱਸਿਆ ਗਿਆ ਕਿ ਸ਼ਿਮਈ ਯਰੂਸ਼ਲਮ ਵਿੱਚੋਂ ਗਥ ਨੂੰ ਗਿਆ ਅਤੇ ਮੁੜ ਆਇਆ।
42ਪਾਤਸ਼ਾਹ ਨੇ ਸ਼ਿਮਈ ਨੂੰ ਸੱਦ ਭੇਜਿਆ ਅਤੇ ਉਹ ਨੂੰ ਆਖਿਆ ਕੀ ਮੈਂ ਤੈਨੂੰ ਯਹੋਵਾਹ ਦੀ ਸਹੁੰ ਨਹੀਂ ਖਵਾਈ ਸੀ ਅਤੇ ਤੈਨੂੰ ਸਖ਼ਤੀ ਨਾਲ ਨਹੀਂ ਸੀ ਆਖਿਆ ਕਿ ਤੂੰ ਸੱਚ ਜਾਣੀ ਕਿ ਜਿਸ ਦਿਨ ਤੂੰ ਬਾਹਰ ਜਾਵੇਂਗਾ, ਉਸ ਦਿਨ ਤੂੰ ਸੱਚ-ਮੁੱਚ ਮਾਰਿਆ ਜਾਵੇਂਗਾ? ਅਤੇ ਤੂੰ ਮੈਨੂੰ ਆਖਿਆ ਸੱਚ ਬਚਨ। ਮੈਂ ਗੱਲ ਸੁਣ ਲਈ ਹੈ।
43ਫੇਰ ਤੂੰ ਕਿਉਂ ਯਹੋਵਾਹ ਦੀ ਸਹੁੰ ਦੀ ਪਾਲਨਾ ਨਾ ਕੀਤੀ ਅਤੇ ਉਸ ਹੁਕਮ ਉੱਤੇ ਜਿਹੜਾ ਮੈਂ ਤੈਨੂੰ ਦਿੱਤਾ ਸੀ ਨਾ ਚੱਲਿਆ?
44ਤਦ ਪਾਤਸ਼ਾਹ ਨੇ ਸ਼ਿਮਈ ਨੂੰ ਆਖਿਆ, ਤੂੰ ਉਸ ਸਾਰੀ ਬੁਰਿਆਈ ਨੂੰ ਜਾਣਦਾ ਹੈਂ ਜਿਹੜੀ ਤੇਰੇ ਮਨ ਵਿੱਚ ਹੈ ਅਤੇ ਜਿਹੜੀ ਤੂੰ ਮੇਰੇ ਪਿਤਾ ਦਾਊਦ ਨਾਲ ਕੀਤੀ, ਯਹੋਵਾਹ ਉਸ ਬੁਰਿਆਈ ਨੂੰ ਤੇਰੇ ਸਿਰ ਮੋੜ ਲਿਆਵੇਗਾ।
45ਪਰ ਸੁਲੇਮਾਨ ਪਾਤਸ਼ਾਹ ਮੁਬਾਰਕ ਹੋਵੇਗਾ ਅਤੇ ਦਾਊਦ ਦੀ ਰਾਜ ਗੱਦੀ ਯਹੋਵਾਹ ਅੱਗੇ ਸਦਾ ਤੱਕ ਕਾਇਮ ਰਹੇਗੀ।
46ਪਾਤਸ਼ਾਹ ਨੇ ਯਹੋਯਾਦਾ ਦੇ ਪੁੱਤਰ ਬਨਾਯਾਹ ਨੂੰ ਹੁਕਮ ਦਿੱਤਾ, ਤਾਂ ਉਹ ਬਾਹਰ ਗਿਆ ਅਤੇ ਉਸ ਉੱਤੇ ਹਮਲਾ ਕੀਤਾ ਕਿ ਉਹ ਮਰ ਗਿਆ, ਸੋ ਰਾਜ ਸੁਲੇਮਾਨ ਦੇ ਹੱਥ ਵਿੱਚ ਪੱਕਾ ਹੋ ਗਿਆ।