8ਫੇਰ ਉਹ ਉਸ ਬਲ਼ਦ ਦੀ ਸਾਰੀ ਚਰਬੀ ਪਾਪ ਬਲੀ ਦੀ ਭੇਟ ਕਰਕੇ ਵੱਖਰੀ ਕਰੇ ਅਰਥਾਤ ਉਹ ਚਰਬੀ ਜਿਹੜੀ ਆਂਦਰਾਂ ਨੂੰ ਢੱਕਦੀ ਹੈ ਅਤੇ ਉਹ ਸਾਰੀ ਚਰਬੀ ਜੋ ਆਂਦਰਾਂ ਦੇ ਨਾਲ ਜੁੜੀ ਹੋਈ ਹੈ।
9ਦੋਵੇਂ ਗੁਰਦੇ ਅਤੇ ਲੱਕ ਦੇ ਉੱਤੇ ਜਿਹੜੀ ਚਰਬੀ ਹੈ ਅਤੇ ਉਹ ਝਿੱਲੀ ਜੋ ਕਲੇਜੇ ਉੱਤੇ ਹੈ, ਉਸ ਨੂੰ ਗੁਰਦਿਆਂ ਸਮੇਤ ਵੱਖਰੀ ਕਰੇ,
10ਜਿਸ ਤਰ੍ਹਾਂ ਸੁੱਖ-ਸਾਂਦ ਦੀਆਂ ਭੇਟਾਂ, ਬਲੀ ਦੇ ਬਲ਼ਦ ਤੋਂ ਵੱਖਰੀਆਂ ਕੀਤੀਆਂ ਜਾਂਦੀਆਂ ਹਨ। ਜਾਜਕ ਉਨ੍ਹਾਂ ਨੂੰ ਹੋਮ ਦੀ ਜਗਵੇਦੀ ਉੱਤੇ ਸਾੜੇ।
11ਪਰ ਬਲ਼ਦ ਦੀ ਖੱਲ, ਉਸ ਦਾ ਸਾਰਾ ਮਾਸ, ਉਸ ਦਾ ਸਿਰ, ਲੱਤਾਂ ਅਤੇ ਆਂਦਰਾਂ ਸਮੇਤ ਉਸ ਦਾ ਗੋਹਾ,
12ਅਰਥਾਤ ਸਾਰਾ ਬਲ਼ਦ, ਉਹ ਡੇਰਿਆਂ ਤੋਂ ਬਾਹਰ ਇੱਕ ਸਾਫ਼ ਸਥਾਨ ਵਿੱਚ ਜਿੱਥੇ ਸੁਆਹ ਪਾਈ ਜਾਂਦੀ ਹੈ, ਲੈ ਜਾਵੇ ਅਤੇ ਉਸ ਨੂੰ ਲੱਕੜਾਂ ਉੱਤੇ ਅੱਗ ਨਾਲ ਸਾੜ ਦੇਵੇ, ਉਹ ਉੱਥੇ ਹੀ ਸਾੜਿਆ ਜਾਵੇ ਜਿੱਥੇ ਸੁਆਹ ਪਾਈ ਜਾਂਦੀ ਹੈ।
13ਜੇ ਕਦੀ ਇਸਰਾਏਲ ਦੀ ਸਾਰੀ ਮੰਡਲੀ ਅਣਜਾਣ ਹੋ ਕੇ ਪਾਪ ਕਰੇ ਅਤੇ ਇਹ ਗੱਲ ਸਭਾ ਤੋਂ ਲੁੱਕੀ ਹੋਵੇ ਅਤੇ ਉਨ੍ਹਾਂ ਨੇ ਯਹੋਵਾਹ ਦੇ ਹੁਕਮਾਂ ਦੇ ਵਿਰੁੱਧ ਉਹ ਕੀਤਾ ਹੋਵੇ ਜੋ ਕਰਨ ਦੇ ਯੋਗ ਨਹੀਂ ਸੀ ਅਤੇ ਦੋਸ਼ੀ ਠਹਿਰੇ ਹੋਣ,
14ਤਾਂ ਜਦ ਉਨ੍ਹਾਂ ਦਾ ਕੀਤਾ ਹੋਇਆ ਪਾਪ ਪ੍ਰਗਟ ਹੋ ਜਾਵੇ, ਤਾਂ ਮੰਡਲੀ ਇੱਕ ਜੁਆਨ ਬਲ਼ਦ ਪਾਪ ਬਲੀ ਲਈ ਚੜ੍ਹਾਵੇ ਅਤੇ ਉਸ ਨੂੰ ਮੰਡਲੀ ਦੇ ਡੇਰੇ ਦੇ ਅੱਗੇ ਲਿਆਵੇ,