27ਪਰ ਜੇ ਉਹ ਕਿਸੇ ਅਸ਼ੁੱਧ ਪਸ਼ੂ ਦਾ ਪਹਿਲੌਠਾ ਹੋਵੇ ਤਾਂ ਉਸ ਨੂੰ ਅਰਪਣ ਕਰਨ ਵਾਲਾ ਉਸ ਨੂੰ ਜਾਜਕ ਦੇ ਠਹਿਰਾਏ ਹੋਏ ਮੁੱਲ ਦੇ ਅਨੁਸਾਰ ਉਸ ਵਿੱਚ ਪੰਜਵਾਂ ਹਿੱਸਾ ਹੋਰ ਪਾ ਕੇ ਉਸ ਨੂੰ ਛੁਡਾ ਸਕਦਾ ਹੈ, ਪਰ ਜੇਕਰ ਉਹ ਛੁਡਾਇਆ ਨਾ ਜਾਵੇ ਤਾਂ ਜਾਜਕ ਦੇ ਠਹਿਰਾਏ ਹੋਏ ਮੁੱਲ ਦੇ ਅਨੁਸਾਰ ਵੇਚਿਆ ਜਾਵੇ।
28ਪਰ ਆਪਣੀਆਂ ਸਾਰੀਆਂ ਵਸਤੂਆਂ ਵਿੱਚੋਂ ਜੋ ਕੁਝ ਕੋਈ ਮਨੁੱਖ ਯਹੋਵਾਹ ਦੇ ਅੱਗੇ ਸੁੱਖੇ, ਭਾਵੇਂ ਮਨੁੱਖ ਹੋਵੇ, ਭਾਵੇਂ ਪਸ਼ੂ, ਭਾਵੇਂ ਉਸ ਦੀ ਆਪਣੀ ਨਿੱਜ-ਭੂਮੀ ਦਾ ਖੇਤ ਹੋਵੇ, ਅਜਿਹੀ ਅਰਪਣ ਕੀਤੀ ਹੋਈ ਕੋਈ ਵੀ ਵਸਤੂ ਨਾ ਤਾਂ ਵੇਚੀ ਜਾਵੇ ਅਤੇ ਨਾ ਛੁਡਾਈ ਜਾਵੇ। ਸਾਰੀਆਂ ਸੁੱਖੀਆਂ ਹੋਈਆਂ ਵਸਤੂਆਂ ਯਹੋਵਾਹ ਦੇ ਅੱਗੇ ਅੱਤ ਪਵਿੱਤਰ ਹਨ।
29ਮਨੁੱਖਾਂ ਵਿੱਚੋਂ ਕੋਈ ਵੀ ਜੋ ਵੱਢੇ ਜਾਣ ਲਈ ਸੁੱਖੇ ਜਾਣ, ਉਹ ਕਦੀ ਛੁਡਾਏ ਨਾ ਜਾਣ, ਪਰ ਜ਼ਰੂਰ ਹੀ ਮਾਰ ਦਿੱਤੇ ਜਾਣ।
30ਧਰਤੀ ਦੀ ਉਪਜ ਦਾ ਸਾਰਾ ਦਸਵੰਧ, ਭਾਵੇਂ ਧਰਤੀ ਦੇ ਬੀਜਾਂ ਦਾ, ਭਾਵੇਂ ਰੁੱਖਾਂ ਦੇ ਫ਼ਲਾਂ ਦਾ ਹੋਵੇ, ਉਹ ਯਹੋਵਾਹ ਦਾ ਹੈ, ਇਹ ਯਹੋਵਾਹ ਦੇ ਅੱਗੇ ਪਵਿੱਤਰ ਹੈ।
31ਜੇਕਰ ਕੋਈ ਮਨੁੱਖ ਆਪਣੇ ਦਸਵੰਧਾਂ ਵਿੱਚੋਂ ਕੁਝ ਛੁਡਾ ਲਵੇ ਤਾਂ ਉਸ ਦੇ ਨਾਲ ਉਸ ਦਾ ਪੰਜਵਾਂ ਹਿੱਸਾ ਹੋਰ ਪਾ ਕੇ ਦੇ ਦੇਵੇ।