2“ਇਸਰਾਏਲੀਆਂ ਨੂੰ ਆਖ ਕਿ ਜਿਹੜੇ ਯਹੋਵਾਹ ਦੇ ਪਰਬ ਹਨ, ਜਿਨ੍ਹਾਂ ਦੀ ਤੁਸੀਂ ਪਵਿੱਤਰ ਸਭਾ ਲਈ ਨਿਯੁਕਤ ਸਮੇਂ ਤੇ ਘੋਸ਼ਣਾ ਕਰਨੀ ਹੈ ਉਹ ਇਹ ਹਨ,
3ਛੇ ਦਿਨ ਕੰਮ ਕੀਤਾ ਜਾਵੇ ਪਰ ਸੱਤਵਾਂ ਦਿਨ ਮਹਾਂ-ਸਬਤ ਦਾ ਅਤੇ ਪਵਿੱਤਰ ਸਭਾ ਦਾ ਦਿਨ ਹੈ, ਤੁਸੀਂ ਉਸ ਦਿਨ ਕੋਈ ਕੰਮ ਨਾ ਕਰਨਾ। ਇਹ ਤੁਹਾਡੇ ਸਾਰੇ ਨਿਵਾਸ ਸਥਾਨਾਂ ਵਿੱਚ ਯਹੋਵਾਹ ਦਾ ਸਬਤ ਹੈ।
4“ਯਹੋਵਾਹ ਦੇ ਪਰਬ ਜਿਨ੍ਹਾਂ ਦੇ ਨਿਯੁਕਤ ਕੀਤੇ ਹੋਏ ਸਮੇਂ ਤੇ ਤੁਸੀਂ ਪਵਿੱਤਰ ਸਭਾ ਕਰਨ ਲਈ ਘੋਸ਼ਣਾ ਕਰਨੀ ਹੈ, ਉਹ ਇਹ ਹਨ,
5ਪਹਿਲੇ ਮਹੀਨੇ ਦੇ ਚੌਧਵੇਂ ਦਿਨ ਨੂੰ ਸ਼ਾਮ ਦੇ ਵੇਲੇ ਯਹੋਵਾਹ ਦੇ ਪਸਾਹ ਦਾ ਪਰਬ ਹੈ।
6ਅਤੇ ਉਸੇ ਮਹੀਨੇ ਦੇ ਪੰਦਰਵੇਂ ਦਿਨ ਨੂੰ ਯਹੋਵਾਹ ਦੀ ਪਤੀਰੀ ਰੋਟੀ ਦਾ ਪਰਬ ਹੈ, ਉਸ ਵਿੱਚ ਸੱਤ ਦਿਨ ਤੱਕ ਤੁਸੀਂ ਪਤੀਰੀ ਰੋਟੀ ਖਾਣਾ।
7ਪਹਿਲੇ ਦਿਨ ਤੁਸੀਂ ਪਵਿੱਤਰ ਸਭਾ ਕਰਨਾ, ਉਸ ਦੇ ਵਿੱਚ ਤੁਸੀਂ ਕੋਈ ਕੰਮ-ਧੰਦਾ ਨਾ ਕਰਨਾ।
8ਸੱਤ ਦਿਨ ਤੱਕ ਤੁਸੀਂ ਯਹੋਵਾਹ ਦੇ ਅੱਗੇ ਅੱਗ ਦੀ ਭੇਟ ਚੜ੍ਹਾਉਣਾ ਅਤੇ ਸੱਤਵੇਂ ਦਿਨ ਪਵਿੱਤਰ ਸਭਾ ਹੋਵੇ, ਉਸ ਦੇ ਵਿੱਚ ਤੁਸੀਂ ਕੋਈ ਕੰਮ-ਧੰਦਾ ਨਾ ਕਰਨਾ।”
9ਫੇਰ ਯਹੋਵਾਹ ਨੇ ਮੂਸਾ ਨੂੰ ਆਖਿਆ,
10“ਇਸਰਾਏਲੀਆਂ ਨਾਲ ਗੱਲ ਕਰ ਅਤੇ ਆਖ ਜਿਸ ਵੇਲੇ ਤੁਸੀਂ ਉਸ ਦੇਸ ਵਿੱਚ ਪਹੁੰਚ ਜਾਓ ਜਿਹੜਾ ਮੈਂ ਤੁਹਾਨੂੰ ਦਿੰਦਾ ਹਾਂ, ਅਤੇ ਉਸ ਦੀ ਫ਼ਸਲ ਵੱਢੋ ਤਾਂ ਤੁਸੀਂ ਆਪਣੀ ਉਪਜ ਦੇ ਪਹਿਲੇ ਫਲ ਵਿੱਚੋਂ ਇੱਕ ਪੂਲਾ ਜਾਜਕ ਦੇ ਸਾਹਮਣੇ ਲਿਆਉਣਾ।
11ਅਤੇ ਉਹ ਉਸ ਪੂਲੇ ਨੂੰ ਯਹੋਵਾਹ ਦੇ ਅੱਗੇ ਹਿਲਾਵੇ ਤਾਂ ਜੋ ਉਹ ਤੁਹਾਡੇ ਵੱਲੋਂ ਸਵੀਕਾਰ ਕੀਤਾ ਜਾਵੇ, ਜਾਜਕ ਉਸ ਨੂੰ ਸਬਤ ਦੇ ਅਗਲੇ ਦਿਨ ਹਿਲਾਵੇ।
12ਅਤੇ ਜਿਸ ਦਿਨ ਤੁਸੀਂ ਉਸ ਪੂਲੇ ਨੂੰ ਹਿਲਾਓ, ਉਸੇ ਦਿਨ ਤੁਸੀਂ ਇੱਕ ਸਾਲ ਦਾ ਦੋਸ਼ ਰਹਿਤ ਇੱਕ ਲੇਲਾ ਯਹੋਵਾਹ ਦੇ ਅੱਗੇ ਹੋਮ ਦੀ ਭੇਟ ਕਰਕੇ ਚੜ੍ਹਾਉਣਾ।
13ਅਤੇ ਉਸ ਦੇ ਨਾਲ ਮੈਦੇ ਦੀ ਭੇਟ, ਏਫ਼ਾਹ ਦਾ ਦੋ ਦੱਸਵਾਂ ਹਿੱਸਾ ਤੇਲ ਨਾਲ ਰਲੇ ਹੋਏ ਮੈਦੇ ਦਾ ਹੋਵੇ, ਉਹ ਯਹੋਵਾਹ ਦੇ ਅੱਗੇ ਸੁਗੰਧਤਾ ਕਰਕੇ ਇੱਕ ਅੱਗ ਦੀ ਭੇਟ ਹੋਵੇ ਅਤੇ ਉਸ ਦੇ ਨਾਲ ਪੀਣ ਦੀ ਭੇਟ ਲਈ ਕੁੱਪੇ ਦੀ ਚੁਥਾਈ ਦਾਖਰਸ ਹੋਵੇ।
14ਜਿਸ ਦਿਨ ਤੱਕ ਤੁਸੀਂ ਇਸ ਭੇਟ ਨੂੰ ਆਪਣੇ ਪਰਮੇਸ਼ੁਰ ਦੇ ਅੱਗੇ ਨਾ ਲਿਆਓ, ਉਸ ਦਿਨ ਤੱਕ ਤੁਸੀਂ ਪਹਿਲੇ ਫਲ ਵਿੱਚੋਂ ਨਾ ਰੋਟੀ, ਨਾ ਭੁੰਨੇ ਹੋਏ ਦਾਣੇ ਅਤੇ ਨਾ ਹੀ ਹਰੇ ਸਿੱਟੇ ਖਾਣਾ। ਇਹ ਤੁਹਾਡੀਆਂ ਪੀੜ੍ਹੀਆਂ ਤੱਕ ਤੁਹਾਡੇ ਸਾਰੇ ਨਿਵਾਸ ਸਥਾਨਾਂ ਵਿੱਚ ਇੱਕ ਸਦਾ ਦੀ ਬਿਧੀ ਹੋਵੇ।”
15“ਫੇਰ ਉਸ ਸਬਤ ਦੇ ਅਗਲੇ ਦਿਨ ਤੋਂ ਜਦ ਤੁਸੀਂ ਹਿਲਾਉਣ ਦੀ ਭੇਟ ਦਾ ਪੂਲਾ ਲਿਆਏ, ਤੁਸੀਂ ਅਗਲੇ ਸੱਤ ਸਬਤ ਗਿਣ ਲੈਣਾ।