5ਕੈਦ ਵਿੱਚ ਪਤਰਸ ਦੀ ਰਾਖੀ ਹੁੰਦੀ ਸੀ, ਪਰ ਕਲੀਸਿਯਾ ਉਹ ਦੇ ਲਈ ਪਰਮੇਸ਼ੁਰ ਅੱਗੇ ਲਗਾਤਾਰ ਮਨ ਲਾ ਕੇ ਪ੍ਰਾਰਥਨਾ ਕਰਦੀ ਰਹੀ।
6ਜਦੋਂ ਹੇਰੋਦੇਸ ਉਹ ਨੂੰ ਬਾਹਰ ਲਿਆਉਣ ਨੂੰ ਤਿਆਰ ਸੀ, ਉਸ ਰਾਤ ਪਤਰਸ ਦੋ ਸੰਗਲਾਂ ਨਾਲ ਜਕੜਿਆ ਹੋਇਆ ਦੋ ਸਿਪਾਹੀਆਂ ਦੇ ਵਿੱਚਕਾਰ ਸੁੱਤਾ ਪਿਆ ਸੀ, ਅਤੇ ਪਹਿਰੇ ਵਾਲੇ ਕੈਦਖ਼ਾਨੇ ਦੇ ਫਾਟਕ ਤੇ ਪਹਿਰਾ ਦੇ ਰਹੇ ਸਨ।
7ਵੇਖੋ, ਪ੍ਰਭੂ ਦਾ ਇੱਕ ਦੂਤ ਆਇਆ ਤਾਂ ਉਸ ਕੋਠੜੀ ਵਿੱਚ ਚਾਨਣ ਚਮਕਿਆ ਅਤੇ ਉਸ ਨੇ ਪਤਰਸ ਦੀ ਵੱਖੀ ਤੇ ਹੱਥ ਮਾਰ ਕੇ ਉਹ ਨੂੰ ਜਗਾਇਆ ਅਤੇ ਆਖਿਆ ਕਿ ਛੇਤੀ ਉੱਠ, ਤਦ ਉਹ ਦੇ ਸੰਗਲ ਉਹ ਦੇ ਹੱਥਾਂ ਤੋਂ ਡਿੱਗ ਪਏ।
8ਅਤੇ ਦੂਤ ਨੇ ਉਹ ਨੂੰ ਕਿਹਾ ਕਿ ਲੱਕ ਬੰਨ੍ਹ ਅਤੇ ਆਪਣੀ ਜੁੱਤੀ ਪਾ, ਤਦ ਉਹ ਨੇ ਇਸੇ ਤਰ੍ਹਾਂ ਕੀਤਾ। ਫੇਰ ਉਸ ਨੇ ਉਹ ਨੂੰ ਆਖਿਆ, ਆਪਣੇ ਕੱਪੜੇ ਪਹਿਨ ਕੇ ਮੇਰੇ ਮਗਰ ਆ ਜਾ।
9ਅਤੇ ਉਹ ਨਿੱਕਲ ਕੇ ਉਸ ਦੇ ਪਿੱਛੇ-ਪਿੱਛੇ ਤੁਰ ਪਿਆ ਅਤੇ ਉਸ ਨੂੰ ਇਹ ਪਤਾ ਨਾ ਲੱਗਿਆ ਕਿ ਇਹ ਜੋ ਦੂਤ ਵੱਲੋਂ ਹੋ ਰਿਹਾ ਹੈ ਸੋ ਸੱਚ ਹੈ, ਪਰ ਉਸ ਨੇ ਸੋਚਿਆ ਕਿ ਮੈਂ ਇੱਕ ਦਰਸ਼ਣ ਵੇਖ ਰਿਹਾ ਹਾਂ।
10ਤਦ ਉਹ ਪਹਿਲੇ ਅਤੇ ਦੂਜੇ ਪਹਿਰੇ ਵਿੱਚੋਂ ਦੀ ਨਿੱਕਲ ਕੇ ਇੱਕ ਲੋਹੇ ਦੇ ਫਾਟਕ ਤੱਕ ਆਏ, ਜਿਹੜਾ ਸ਼ਹਿਰ ਵਿੱਚ ਪੁਹੰਚਾਉਂਦਾ ਹੈ ਅਤੇ ਉਹ ਫਾਟਕ ਆਪਣੇ ਆਪ ਉਨ੍ਹਾਂ ਲਈ ਖੁੱਲ੍ਹ ਗਿਆ ਅਤੇ ਉਹ ਨਿੱਕਲ ਕੇ ਇੱਕ ਗਲੀ ਦੇ ਵਿੱਚ ਤੁਰ ਪਏ ਤਾਂ ਉਸੇ ਵੇਲੇ ਦੂਤ ਉਹ ਦੇ ਕੋਲੋਂ ਚੱਲਿਆ ਗਿਆ।
11ਤਦ ਪਤਰਸ ਨੇ ਹੋਸ਼ ਵਿੱਚ ਆ ਕੇ ਕਿਹਾ ਕਿ ਹੁਣ ਮੈਂ ਠੀਕ ਜਾਣ ਗਿਆਂ ਹਾਂ ਕਿ ਪ੍ਰਭੂ ਨੇ ਆਪਣਾ ਦੂਤ ਭੇਜ ਕੇ ਮੈਨੂੰ ਹੇਰੋਦੇਸ ਦੇ ਹੱਥੋਂ ਛੁਡਾਇਆ ਅਤੇ ਯਹੂਦੀ ਕੌਮ ਦੀ ਸਾਰੀ ਉਮੀਦ ਤੋੜ ਦਿੱਤੀ ਹੈ!
12ਫਿਰ ਉਹ ਇਹ ਸਭ ਸੋਚ ਕੇ, ਯੂਹੰਨਾ ਜੋ ਮਰਕੁਸ ਅਖਵਾਉਂਦਾ ਹੈ ਉਹ ਦੀ ਮਾਤਾ ਮਰਿਯਮ ਦੇ ਘਰ ਆਇਆ ਜਿੱਥੇ ਬਹੁਤ ਲੋਕ ਇਕੱਠੇ ਹੋ ਕੇ ਪ੍ਰਾਰਥਨਾ ਕਰ ਰਹੇ ਸਨ।
13ਜਦੋਂ ਉਹ ਨੇ ਡਿਉੜੀ ਦਾ ਦਰਵਾਜ਼ਾ ਖੜਕਾਇਆ ਤਾਂ ਇੱਕ ਰੋਦੇ ਨਾਮ ਦੀ ਦਾਸੀ ਦੇਖਣ ਆਈ।
14ਅਤੇ ਪਤਰਸ ਦੀ ਅਵਾਜ਼ ਪਛਾਣ ਕੇ ਖੁਸ਼ੀ ਦੇ ਕਾਰਨ ਬੂਹਾ ਨਾ ਖੋਲ੍ਹਿਆ ਪਰ ਦੌੜ ਕੇ ਅੰਦਰ ਜਾ ਕੇ ਦੱਸਿਆ ਕਿ ਪਤਰਸ ਡਿਉੜੀ ਦੇ ਅੱਗੇ ਖੜ੍ਹਾ ਹੈ!