17ਅਤੇ ਉਨ੍ਹਾਂ ਪੰਜ ਮਨੁੱਖਾਂ ਨੇ ਜੋ ਦੇਸ਼ ਦਾ ਭੇਤ ਲੈਣ ਲਈ ਗਏ ਸਨ, ਉਸ ਘਰ ਦੇ ਵਿੱਚ ਜਾ ਕੇ ਘੜ੍ਹੀ ਹੋਈ ਅਤੇ ਢਾਲੀ ਹੋਈ ਮੂਰਤ ਅਤੇ ਏਫ਼ੋਦ ਅਤੇ ਤਰਾਫ਼ੀਮ ਨੂੰ ਲੈ ਲਿਆ ਅਤੇ ਉਹ ਪੁਰੋਹਿਤ ਉਨ੍ਹਾਂ ਛੇ ਸੌ ਹਥਿਆਰ ਬੰਦ ਮਨੁੱਖਾਂ ਨਾਲ ਫਾਟਕ ਵਿੱਚ ਖੜ੍ਹਾ ਸੀ।
18ਜਦ ਉਨ੍ਹਾਂ ਪੰਜ ਮਨੁੱਖਾਂ ਨੇ ਮੀਕਾਹ ਦੇ ਘਰ ਵਿੱਚ ਵੜ ਕੇ ਘੜ੍ਹੀ ਹੋਈ ਮੂਰਤ, ਏਫ਼ੋਦ, ਤਰਾਫ਼ੀਮ ਅਤੇ ਢਾਲੀ ਹੋਈ ਮੂਰਤ ਚੁੱਕ ਲਈ ਤਾਂ ਪੁਰੋਹਿਤ ਨੇ ਉਨ੍ਹਾਂ ਨੂੰ ਕਿਹਾ, “ਤੁਸੀਂ ਇਹ ਕੀ ਕਰਦੇ ਹੋ?”
19ਤਦ ਉਨ੍ਹਾਂ ਨੇ ਉਸ ਨੂੰ ਕਿਹਾ, “ਚੁੱਪ ਕਰ! ਆਪਣੇ ਮੂੰਹ ਉੱਤੇ ਹੱਥ ਰੱਖ ਅਤੇ ਸਾਡੇ ਨਾਲ ਚੱਲ ਕੇ ਸਾਡਾ ਪਿਤਾ ਅਤੇ ਪੁਰੋਹਿਤ ਬਣ। ਭਲਾ, ਤੇਰੇ ਲਈ ਕੀ ਚੰਗਾ ਹੈ? ਇੱਕ ਮਨੁੱਖ ਦੇ ਘਰ ਦਾ ਪੁਰੋਹਿਤ ਹੋਣਾ ਜਾਂ ਇਸਰਾਏਲੀਆਂ ਦੇ ਇੱਕ ਗੋਤ ਅਤੇ ਟੱਬਰ ਦਾ ਪੁਰੋਹਿਤ ਹੋਣਾ?”
20ਤਦ ਪੁਰੋਹਿਤ ਦਾ ਮਨ ਅਨੰਦ ਹੋ ਗਿਆ ਅਤੇ ਉਹ ਏਫ਼ੋਦ, ਤਰਾਫ਼ੀਮ ਅਤੇ ਘੜ੍ਹੀ ਹੋਈ ਮੂਰਤ ਨੂੰ ਲੈ ਕੇ ਉਨ੍ਹਾਂ ਲੋਕਾਂ ਦੇ ਨਾਲ ਚੱਲ ਪਿਆ।
21ਤਦ ਉਹ ਮੁੜੇ ਅਤੇ ਬਾਲਕਾਂ, ਪਸ਼ੂਆਂ ਅਤੇ ਆਪਣੇ ਸਾਰੇ ਸਮਾਨ ਨੂੰ ਆਪਣੇ ਅੱਗੇ ਕਰਕੇ ਚੱਲ ਪਏ।
22ਜਦ ਉਹ ਮੀਕਾਹ ਦੇ ਘਰ ਤੋਂ ਥੋੜੀ ਹੀ ਦੂਰ ਗਏ ਸਨ ਤਾਂ ਮੀਕਾਹ ਦੇ ਘਰ ਦੇ ਆਲੇ-ਦੁਆਲੇ ਦੇ ਵਾਸੀ ਇਕੱਠੇ ਹੋ ਕੇ ਦਾਨੀਆਂ ਕੋਲ ਜਾ ਪਹੁੰਚੇ।
23ਅਤੇ ਉਨ੍ਹਾਂ ਨੇ ਜਾ ਕੇ ਦਾਨੀਆਂ ਨੂੰ ਲਲਕਾਰਿਆ ਤਾਂ ਉਨ੍ਹਾਂ ਨੇ ਮੁੜ ਕੇ ਮੀਕਾਹ ਨੂੰ ਕਿਹਾ, “ਤੈਨੂੰ ਕੀ ਹੋਇਆ ਹੈ ਜੋ ਐਨੇ ਵੱਡੇ ਦਲ ਨਾਲ ਆਉਂਦਾ ਹੈ?”
24ਉਸ ਨੇ ਕਿਹਾ, “ਤੁਸੀਂ ਮੇਰੇ ਦੇਵਤਿਆਂ ਨੂੰ ਜਿਨ੍ਹਾਂ ਨੂੰ ਮੈਂ ਬਣਾਇਆ ਸੀ ਅਤੇ ਮੇਰੇ ਪੁਰੋਹਿਤ ਨੂੰ ਲੈ ਕੇ ਚੱਲ ਪਏ ਹੋ ਤਾਂ ਹੁਣ ਮੇਰੇ ਕੋਲ ਕੀ ਰਹਿ ਗਿਆ ਹੈ? ਅਤੇ ਫਿਰ ਵੀ ਤੁਸੀਂ ਮੈਨੂੰ ਪੁੱਛਦੇ ਹੋ ਕਿ ਤੈਨੂੰ ਕੀ ਹੋਇਆ?”
25ਤਦ ਦਾਨੀਆਂ ਨੇ ਉਸ ਨੂੰ ਕਿਹਾ, “ਤੇਰੀ ਅਵਾਜ਼ ਸਾਡੇ ਲੋਕਾਂ ਵਿੱਚ ਸੁਣਾਈ ਨਾ ਦੇਵੇ, ਕਿਤੇ ਅਜਿਹਾ ਨਾ ਹੋਵੇ ਕਿ ਗੁੱਸੇ ਵਾਲੇ ਮਨੁੱਖ ਤੇਰੇ ਉੱਤੇ ਹਮਲਾ ਕਰਨ ਅਤੇ ਤੂੰ ਆਪਣੀ ਅਤੇ ਆਪਣੇ ਟੱਬਰ ਦੀ ਜਾਨ ਦੇ ਨਾਸ ਦਾ ਕਾਰਨ ਬਣ ਜਾਵੇਂ!”
26ਤਦ ਦਾਨੀ ਆਪਣੇ ਰਾਹ ਤੁਰ ਪਏ ਅਤੇ ਜਦ ਮੀਕਾਹ ਨੇ ਵੇਖਿਆ ਕਿ ਉਹ ਮੇਰੇ ਨਾਲੋਂ ਜ਼ਿਆਦਾ ਤਕੜੇ ਹਨ ਤਾਂ ਮੁੜ ਕੇ ਆਪਣੇ ਘਰ ਨੂੰ ਵਾਪਿਸ ਚਲਾ ਗਿਆ।