33ਅਤੇ ਉਸ ਨੇ ਅਰੋਏਰ ਤੋਂ ਲੈ ਕੇ ਮਿੰਨੀਥ ਵਿੱਚ ਪਹੁੰਚਣ ਤੱਕ ਜੋ ਵੀਹ ਨਗਰ ਸਨ, ਸਗੋਂ ਆਬੇਲ ਕਰਾਮੀਮ ਤੱਕ ਬਹੁਤ ਵੱਡੀ ਮਾਰ ਨਾਲ ਉਨ੍ਹਾਂ ਨੂੰ ਮਾਰਦਾ ਗਿਆ। ਇਸ ਤਰ੍ਹਾਂ ਅੰਮੋਨੀ ਇਸਰਾਏਲੀਆਂ ਕੋਲੋਂ ਹਾਰ ਗਏ।
34ਤਦ ਯਿਫ਼ਤਾਹ ਮਿਸਪਾਹ ਨੂੰ ਆਪਣੇ ਘਰ ਆਇਆ ਅਤੇ ਵੇਖੋ, ਉਸ ਦੀ ਧੀ ਡੱਫ਼ ਵਜਾਉਂਦੀ ਅਤੇ ਨੱਚਦੀ ਹੋਈ ਉਸ ਨੂੰ ਮਿਲਣ ਦੇ ਲਈ ਨਿੱਕਲੀ ਅਤੇ ਉਹ ਉਸ ਦੀ ਇਕਲੌਤੀ ਸੀ, ਉਸ ਤੋਂ ਬਿਨਾਂ ਉਸ ਦਾ ਹੋਰ ਪੁੱਤਰ ਜਾਂ ਧੀ ਨਹੀਂ ਸੀ।
35ਤਦ ਅਜਿਹਾ ਹੋਇਆ ਕਿ ਜਦ ਉਸ ਨੇ ਉਸ ਨੂੰ ਵੇਖਿਆ ਤਾਂ ਆਪਣੇ ਕੱਪੜੇ ਪਾੜ ਕੇ ਕਿਹਾ, “ਹਾਏ ਮੇਰੀਏ ਧੀਏ! ਤੂੰ ਮੈਨੂੰ ਬਹੁਤ ਨੀਵਾਂ ਕੀਤਾ ਹੈ, ਸਗੋਂ ਤੂੰ ਉਨ੍ਹਾਂ ਵਿੱਚੋਂ ਹੈਂ ਜੋ ਮੈਨੂੰ ਦੁੱਖ ਦਿੰਦੇ ਹਨ, ਕਿਉਂ ਜੋ ਮੈਂ ਯਹੋਵਾਹ ਨੂੰ ਬਚਨ ਦਿੱਤਾ ਹੈ ਅਤੇ ਟਾਲ ਨਹੀਂ ਸਕਦਾ।”
36ਉਸ ਨੇ ਉਸ ਨੂੰ ਕਿਹਾ, “ਹੇ ਮੇਰੇ ਪਿਤਾ, ਤੂੰ ਯਹੋਵਾਹ ਨੂੰ ਜੋ ਬਚਨ ਦਿੱਤਾ ਹੈ, ਅਤੇ ਜੋ ਗੱਲ ਤੂੰ ਆਪਣੇ ਮੂੰਹੋਂ ਬੋਲੀ ਹੈ, ਉਸੇ ਤਰ੍ਹਾਂ ਮੇਰੇ ਨਾਲ ਕਰ ਕਿਉਂ ਜੋ ਯਹੋਵਾਹ ਨੇ ਤੇਰੇ ਵੈਰੀ ਅੰਮੋਨੀਆਂ ਤੋਂ ਤੇਰਾ ਬਦਲਾ ਲਿਆ ਹੈ।”
37ਫੇਰ ਉਸ ਨੇ ਆਪਣੇ ਪਿਤਾ ਨੂੰ ਕਿਹਾ, “ਮੇਰੇ ਲਈ ਇੰਨ੍ਹਾਂ ਕਰ ਕਿ ਦੋ ਮਹੀਨੇ ਮੈਨੂੰ ਛੱਡ ਦੇ ਤਾਂ ਜੋ ਮੈਂ ਪਹਾੜਾਂ ਵਿੱਚ ਫਿਰਦੀ ਹੋਈ ਆਪਣੀਆਂ ਸਹੇਲੀਆਂ ਨਾਲ ਆਪਣੇ ਕੁਆਰਪੁਣੇ ਦਾ ਸੋਗ ਕਰਾਂ।”
38ਉਸ ਨੇ ਕਿਹਾ, “ਜਾ!” ਤਦ ਉਸ ਨੇ ਉਸ ਨੂੰ ਦੋ ਮਹੀਨਿਆਂ ਦਾ ਸਮਾਂ ਦਿੱਤਾ ਅਤੇ ਉਹ ਆਪਣੀਆਂ ਸਹੇਲੀਆਂ ਨੂੰ ਨਾਲ ਲੈ ਗਈ ਅਤੇ ਪਹਾੜਾਂ ਉੱਤੇ ਆਪਣੇ ਕੁਆਰਪੁਣੇ ਤੇ ਰੋਂਦੀ ਰਹੀ।