1ਹੇ ਯਹੋਵਾਹ, ਮੈਂ ਤੇਰੀ ਸ਼ਰਨ ਆਇਆ ਹਾਂ, ਮੈਨੂੰ ਕਦੇ ਵੀ ਸ਼ਰਮਿੰਦਾ ਨਾ ਹੋਣ ਦੇ!
2ਆਪਣੇ ਧਰਮ ਨਾਲ ਮੇਰਾ ਛੁਟਕਾਰਾ ਕਰ ਕੇ ਮੈਨੂੰ ਛੁਡਾ, ਆਪਣਾ ਕੰਨ ਮੇਰੀ ਵੱਲ ਲਾ ਕੇ ਮੈਨੂੰ ਬਚਾ!
3ਤੂੰ ਮੇਰੇ ਨਿਵਾਸ ਦੀ ਚੱਟਾਨ ਬਣ ਜਿੱਥੇ ਮੈਂ ਹਰ ਰੋਜ਼ ਜਾਇਆ ਕਰਾਂ, ਤੂੰ ਮੇਰੇ ਬਚਾਓ ਦੀ ਆਗਿਆ ਦਿੱਤੀ ਹੈ, ਕਿਉਂ ਜੋ ਤੂੰ ਹੀ ਮੇਰੀ ਚੱਟਾਨ ਅਤੇ ਮੇਰਾ ਗੜ੍ਹ ਹੈਂ।
4ਹੇ ਮੇਰੇ ਪਰਮੇਸ਼ੁਰ, ਮੈਨੂੰ ਦੁਸ਼ਟ ਦੇ ਹੱਥੋਂ ਅਤੇ ਕੁਧਰਮੀ ਤੇ ਜ਼ਾਲਿਮ ਦੇ ਪੰਜਿਓਂ ਛੁਡਾ!
5ਹੇ ਪ੍ਰਭੂ ਯਹੋਵਾਹ, ਤੂੰ ਹੀ ਮੇਰੀ ਆਸ ਹੈਂ, ਅਤੇ ਮੇਰੀ ਜਵਾਨੀ ਤੋਂ ਮੇਰਾ ਭਰੋਸਾ ਤੇਰੇ ਉੱਤੇ ਹੈ।
6ਮੈਂ ਜਨਮ ਤੋਂ ਹੀ ਤੇਰੇ ਦੁਆਰਾ ਸੰਭਾਲਿਆ ਗਿਆ ਹਾਂ, ਮੇਰੀ ਮਾਤਾ ਦੀ ਕੁੱਖ ਤੋਂ ਤੂੰ ਹੀ ਮੈਨੂੰ ਕੱਢਿਆ, ਮੈਂ ਸਦਾ ਤੇਰੀ ਉਸਤਤ ਕਰਾਂਗਾ।