1ਪ੍ਰਧਾਨ ਵਜਾਉਣ ਵਾਲੇ ਦੇ ਲਈ ਅਲ-ਤਸ਼ਹੇਤ ਦੇ ਰਾਗ ਵਿੱਚ ਦਾਊਦ ਦਾ ਭਜਨ। ਹੇ ਬਲਵਾਨ ਸ਼ਾਸਕੋ, ਕੀ ਤੁਸੀਂ ਸੱਚ-ਮੁੱਚ ਧਰਮ ਨਾਲ ਬੋਲਦੇ ਹੋ? ਕੀ ਤੁਸੀਂ ਆਦਮ ਵੰਸ਼ੀਆਂ ਦਾ ਸਹੀ ਨਿਆਂ ਕਰਦੇ ਹੋ?
2ਨਹੀਂ, ਸਗੋਂ ਤੁਸੀਂ ਮਨੋਂ ਬਦੀ ਕਰਦੇ ਹੋ, ਧਰਤੀ ਉੱਤੇ ਤੁਸੀਂ ਆਪਣੇ ਹੱਥਾਂ ਦਾ ਅਨ੍ਹੇਰ ਤੋਲ ਦਿੰਦੇ ਹੋ?
3ਦੁਸ਼ਟ ਕੁੱਖੋਂ ਹੀ ਓਪਰੇ ਰਹੇ ਹਨ, ਉਹ ਜੰਮਦੇ ਸਾਰ ਹੀ ਝੂਠ ਬੋਲ-ਬੋਲ ਕੇ ਭਟਕ ਜਾਂਦੇ ਹਨ।
4ਉਨ੍ਹਾਂ ਦੀ ਵਿੱਸ ਸੱਪ ਦੀ ਵਿੱਸ ਵਰਗੀ ਹੈ, ਓਹ ਉਸ ਬੋਲੇ ਨਾਗ ਦੀ ਨਿਆਈਂ ਹਨ ਜਿਹੜਾ ਆਪਣੇ ਕੰਨ ਮੁੰਦ ਲੈਂਦਾ ਹੈ,
5ਜਿਹੜਾ ਸਪੇਰਿਆਂ ਦੀ ਅਵਾਜ਼ ਨਹੀਂ ਸੁਣਦਾ, ਭਾਵੇਂ ਕੇਡੀ ਹੀ ਚਲਾਕੀ ਨਾਲ ਓਹ ਜਾਦੂ ਕਰਨ।
6ਹੇ ਪਰਮੇਸ਼ੁਰ, ਉਨ੍ਹਾਂ ਦੇ ਦੰਦਾਂ ਨੂੰ ਉਨ੍ਹਾਂ ਦੇ ਮੂੰਹ ਵਿੱਚ ਭੰਨ ਸੁੱਟ, ਹੇ ਪਰਮੇਸ਼ੁਰ, ਜੁਆਨ ਬੱਬਰ ਸ਼ੇਰਾਂ ਦੀਆਂ ਦਾੜ੍ਹਾਂ ਨੂੰ ਪੁੱਟ ਸੁੱਟ।