1ਪ੍ਰਧਾਨ ਵਜਾਉਣ ਵਾਲੇ ਦੇ ਲਈ ਕੋਰਹ ਵੰਸ਼ੀਆਂ ਦਾ ਮਸ਼ਕੀਲ। ਹੇ ਪਰਮੇਸ਼ੁਰ, ਅਸੀਂ ਆਪਣੇ ਕੰਨੀ ਸੁਣਿਆ, ਸਾਡੇ ਪੁਰਖਿਆਂ ਨੇ ਸਾਡੇ ਲਈ ਵਰਣਨ ਕੀਤਾ ਹੈ, ਕਿ ਤੂੰ ਉਨ੍ਹਾਂ ਦੇ ਦਿਨਾਂ ਵਿੱਚ ਅਤੇ ਪ੍ਰਾਚੀਨ ਸਮਿਆਂ ਵਿੱਚ ਕੀ ਕੰਮ ਕੀਤਾ।
2ਤੂੰ ਆਪਣੇ ਹੱਥ ਨਾਲ ਪਰਾਈਆਂ ਕੌਮਾਂ ਨੂੰ ਪੁੱਟ ਦਿੱਤਾ, ਪਰ ਉਨ੍ਹਾਂ ਨੂੰ ਲਾਇਆ। ਤੂੰ ਉੱਮਤਾਂ ਨੂੰ ਦੁੱਖ ਦਿੱਤਾ, ਪਰ ਉਨ੍ਹਾਂ ਨੂੰ ਫੈਲਾ ਦਿੱਤਾ।
3ਉਨ੍ਹਾਂ ਨੇ ਆਪਣੀ ਤਲਵਾਰ ਨਾਲ ਉਸ ਧਰਤੀ ਨੂੰ ਵਿਰਾਸਤ ਵਿੱਚ ਨਹੀਂ ਲਿਆ, ਨਾ ਉਨ੍ਹਾਂ ਦੀ ਬਾਂਹ ਨੇ ਉਨ੍ਹਾਂ ਨੂੰ ਬਚਾਇਆ, ਸਗੋਂ ਤੇਰੇ ਸੱਜੇ ਹੱਥ ਅਤੇ ਤੇਰੀ ਬਾਂਹ ਅਤੇ ਤੇਰੇ ਮੁਖ ਦੇ ਚਾਨਣ ਨੇ ਇਹ ਕੀਤਾ, ਕਿਉਂ ਜੋ ਤੂੰ ਉਨ੍ਹਾਂ ਦਾ ਪੱਖ ਕੀਤਾ।
4ਹੇ ਪਰਮੇਸ਼ੁਰ, ਤੂੰ ਹੀ ਮੇਰਾ ਪਾਤਸ਼ਾਹ ਹੈਂ, ਯਾਕੂਬ ਲਈ ਜਿੱਤਾਂ ਦਾ ਹੁਕਮ ਕਰ!
5ਤੇਰੇ ਰਾਹੀਂ ਅਸੀਂ ਆਪਣੇ ਵਿਰੋਧੀਆਂ ਨੂੰ ਹੇਠਾਂ ਧੱਕਾਂਗੇ, ਤੇਰੇ ਨਾਮ ਤੋਂ ਅਸੀਂ ਆਪਣਿਆਂ ਦੁਸ਼ਮਣਾਂ ਨੂੰ ਮਿੱਧਾਂਗੇ,
6ਕਿਉਂ ਜੋ ਮੈਂ ਆਪਣੇ ਧਣੁੱਖ ਉੱਤੇ ਭਰੋਸਾ ਨਾ ਰੱਖਾਂਗਾ, ਨਾ ਮੇਰੀ ਤਲਵਾਰ ਮੈਨੂੰ ਬਚਾਵੇਗੀ,
7ਪਰ ਤੂੰ ਸਾਨੂੰ ਸਾਡਿਆਂ ਵਿਰੋਧੀਆਂ ਤੋਂ ਬਚਾਇਆ ਹੈ, ਤੂੰ ਸਾਡਿਆਂ ਈਰਖਾ ਕਰਨ ਵਾਲੇ ਨੂੰ ਸ਼ਰਮਿੰਦੇ ਕੀਤਾ ਹੈ।