1ਪ੍ਰਧਾਨ ਵਜਾਉਣ ਵਾਲੇ ਦੇ ਲਈ ਦਾਊਦ ਦਾ ਭਜਨ। ਧੰਨ ਹੈ ਉਹ ਜਿਹੜਾ ਗਰੀਬ ਦੀ ਸੁੱਧ ਲੈਂਦਾ ਹੈ, ਯਹੋਵਾਹ ਉਹ ਨੂੰ ਬੁਰਿਆਈ ਦੇ ਵੇਲੇ ਛੁਡਾਵੇਗਾ।
2ਯਹੋਵਾਹ ਉਹ ਦੀ ਪਾਲਣਾ ਕਰੇਗਾ ਅਤੇ ਉਹ ਨੂੰ ਜਿਉਂਦਿਆਂ ਰੱਖੇਗਾ, ਅਤੇ ਉਹ ਧਰਤੀ ਉੱਤੇ ਧੰਨ ਹੋਵੇਗਾ। ਤੂੰ ਉਹ ਨੂੰ ਉਹ ਦੇ ਵੈਰੀਆਂ ਦੀ ਇੱਛਿਆ ਉੱਤੇ ਨਾ ਛੱਡੇਂਗਾ।
3ਯਹੋਵਾਹ ਉਹ ਦੀ ਬਿਮਾਰੀ ਦੇ ਬਿਸਤਰ ਉੱਤੇ ਉਹ ਨੂੰ ਸੰਭਾਲੇਗਾ। ਤੂੰ ਉਹ ਦੀ ਬਿਮਾਰੀ ਦੇ ਵੇਲੇ ਉਹਦਾ ਸਾਰਾ ਬਿਸਤਰਾ ਉਲਟਾ ਕੇ ਵਿਛਾਵੇਂਗਾ।
4ਮੈ ਆਖਿਆ, ਹੇ ਯਹੋਵਾਹ, ਮੇਰੇ ਉੱਤੇ ਦਯਾ ਕਰ, ਮੇਰੀ ਜਾਨ ਨੂੰ ਚੰਗਿਆਂ ਕਰ, ਮੈਂ ਤੇਰਾ ਪਾਪ ਜੋ ਕੀਤਾ ਹੈ।
5ਮੇਰੇ ਵੈਰੀ ਮੇਰੇ ਵਿਰੁੱਧ ਬੁਰਾ ਕਹਿੰਦੇ ਹਨ, ਕਿ ਉਹ ਕਦੋਂ ਮਰੇਗਾ ਅਤੇ ਉਹਦਾ ਨਾਮ ਕਦੋਂ ਮਿਟੇਗਾ?
6ਅਤੇ ਜਦ ਕਦੇ ਉਹ ਮੇਰੇ ਵੇਖਣ ਨੂੰ ਆਉਂਦਾ ਹੈ ਉਹ ਐਂਵੇਂ ਗੱਪਾਂ ਮਾਰਦਾ ਹੈ। ਉਸਦਾ ਮਨ ਉਸ ਦੀ ਬਦੀ ਨਾਲ ਬਦੀ ਜੋੜਦਾ ਹੈ ਅਤੇ ਫੇਰ ਉਹ ਬਾਹਰ ਜਾ ਕੇ ਦੱਸਦਾ ਫਿਰਦਾ ਹੈ।
7ਮੇਰੇ ਸਭ ਵੈਰ ਰੱਖਣ ਵਾਲੇ ਮਿਲ ਕੇ ਮੇਰੇ ਵਿਰੁੱਧ ਚੁਗਲੀ ਕਰਦੇ ਹਨ, ਮੇਰੇ ਵਿਰੁੱਧ ਉਹ ਉਪਾਓ ਲੱਭਦੇ ਹਨ।
8ਉਹ ਬੋਲਦੇ ਹਨ ਕਿ ਉਸ ਨੂੰ ਕੋਈ ਬੁਰਾ ਰੋਗ ਲੱਗਾ ਹੋਇਆ ਹੈ, ਹੁਣ ਉਹ ਡਿੱਗਿਆ ਜੋ ਹੈ ਸੋ ਮੁੜ ਉੱਠੇਗਾ ਨਹੀਂ।