1ਪ੍ਰਧਾਨ ਵਜਾਉਣ ਵਾਲੇ ਦੇ ਲਈ। ਯਹੋਵਾਹ ਦੇ ਦਾਸ ਦਾਊਦ ਦਾ ਗੀਤ, ਜਿਸ ਦੇ ਬਚਨ ਉਸ ਨੇ ਯਹੋਵਾਹ ਦੇ ਲਈ ਉਸ ਸਮੇਂ ਗਾਏ ਜਦੋਂ ਯਹੋਵਾਹ ਨੇ ਉਸ ਨੂੰ ਉਸ ਦੇ ਸਾਰੇ ਵੈਰੀਆਂ ਅਰਥਾਤ ਸ਼ਾਊਲ ਦੇ ਹੱਥੋਂ ਬਚਾਇਆ ਸੀ। ਉਸ ਨੇ ਕਿਹਾ: ਹੇ ਯਹੋਵਾਹ, ਮੇਰੇ ਬਲ, ਮੈਂ ਤੇਰੇ ਨਾਲ ਪ੍ਰੀਤ ਰੱਖਦਾ ਹਾਂ।
2ਯਹੋਵਾਹ ਮੇਰੀ ਚੱਟਾਨ, ਮੇਰਾ ਗੜ੍ਹ ਅਤੇ ਮੇਰਾ ਛੁਡਾਉਣ ਵਾਲਾ ਹੈ, ਮੇਰਾ ਪਰਮੇਸ਼ੁਰ, ਮੇਰੀ ਚੱਟਾਨ, ਜਿਸ ਦੀ ਸ਼ਰਨ ਵਿੱਚ ਮੈਂ ਆਇਆ ਹਾਂ, ਮੇਰੀ ਢਾਲ਼, ਮੇਰੇ ਬਚਾਓ ਦਾ ਸਿੰਗ ਅਤੇ ਮੇਰਾ ਉੱਚਾ ਗੜ੍ਹ ਹੈ।
3ਮੈਂ ਯਹੋਵਾਹ ਨੂੰ ਜਿਹੜਾ ਉਸਤਤ ਯੋਗ ਹੈ, ਪੁਕਾਰਾਂਗਾ ਅਤੇ ਮੈਂ ਆਪਣੇ ਵੈਰੀਆਂ ਤੋਂ ਬਚ ਜਾਂਵਾਂਗਾ।
4ਮੌਤ ਦੀਆਂ ਡੋਰੀਆਂ ਨੇ ਮੈਨੂੰ ਘੇਰ ਲਿਆ, ਅਤੇ ਕੁਧਰਮੀ ਦੇ ਹੜ੍ਹਾਂ ਨੇ ਮੈਨੂੰ ਡਰਾਇਆ।
5ਅਧੋਲੋਕ ਦੀਆਂ ਰੱਸੀਆਂ ਨੇ ਮੈਨੂੰ ਘੇਰ ਲਿਆ, ਮੌਤ ਦੇ ਫੰਦੇ ਮੇਰੇ ਚੁਫ਼ੇਰੇ ਸਨ।
6ਆਪਣੀ ਔਖ ਦੇ ਵੇਲੇ ਮੈਂ ਯਹੋਵਾਹ ਨੂੰ ਪੁਕਾਰਿਆ, ਅਤੇ ਆਪਣੇ ਪਰਮੇਸ਼ੁਰ ਦੀ ਦੁਹਾਈ ਦਿੱਤੀ। ਉਸ ਨੇ ਆਪਣੀ ਹੈਕਲ ਵਿੱਚੋਂ ਮੇਰੀ ਅਵਾਜ਼ ਸੁਣੀ, ਅਤੇ ਮੇਰੀ ਦੁਹਾਈ ਉਸ ਦੇ ਅੱਗੇ, ਸਗੋਂ ਉਸ ਦੇ ਕੰਨਾਂ ਤੱਕ ਪਹੁੰਚੀ।