24ਤਦ ਇਸਰਾਏਲ ਨੇ ਉਹ ਨੂੰ ਤਲਵਾਰ ਦੀ ਧਾਰ ਨਾਲ ਮਾਰਿਆ ਅਤੇ ਅਰਨੋਨ ਤੋਂ ਯਬੋਕ ਨਦੀ ਤੱਕ ਅਰਥਾਤ ਅੰਮੋਨੀਆਂ ਤੱਕ ਉਹ ਦੀ ਧਰਤੀ ਉੱਤੇ ਕਬਜ਼ਾ ਕਰ ਲਿਆ ਕਿਉਂ ਜੋ ਅੰਮੋਨੀਆਂ ਦੀ ਹੱਦ ਪੱਕੀ ਸੀ।
25ਅਤੇ ਇਸਰਾਏਲ ਨੇ ਇਹ ਸਾਰੇ ਸ਼ਹਿਰ ਲੈ ਲਏ ਅਤੇ ਇਸਰਾਏਲ ਹਸ਼ਬੋਨ ਵਿੱਚ ਅਮੋਰੀਆਂ ਦੇ ਸਾਰੇ ਸ਼ਹਿਰਾਂ ਅਤੇ ਉਸ ਦੇ ਸਾਰੇ ਪਿੰਡਾਂ ਵਿੱਚ ਵੱਸ ਗਿਆ।
26ਕਿਉਂ ਜੋ ਹਸ਼ਬੋਨ ਅਮੋਰੀਆਂ ਦੇ ਰਾਜੇ ਸੀਹੋਨ ਦਾ ਸ਼ਹਿਰ ਸੀ, ਜਿਸ ਨੇ ਮੋਆਬ ਦੇ ਅਗਲੇ ਰਾਜੇ ਨਾਲ ਲੜ ਕੇ ਉਸ ਦੇ ਸਾਰੇ ਦੇਸ ਨੂੰ ਉਸ ਦੇ ਹੱਥੋਂ ਅਰਨੋਨ ਤੱਕ ਜਿੱਤ ਲਿਆ ਸੀ।
27ਇਸ ਲਈ ਕਵੀ ਆਖਦੇ ਹਨ: ਹਸ਼ਬੋਨ ਵਿੱਚ ਆਓ, ਸੀਹੋਨ ਦਾ ਸ਼ਹਿਰ ਬਣਾਇਆ ਅਤੇ ਪੱਕਾ ਕੀਤਾ ਜਾਵੇ।
28ਕਿਉਂ ਜੋ ਅੱਗ ਹਸ਼ਬੋਨ ਤੋਂ ਨਿੱਕਲੀ, ਅਤੇ ਸੀਹੋਨ ਦੇ ਨਗਰ ਤੋਂ ਇੱਕ ਲਾਟ, ਮੋਆਬ ਦੇ ਆਰ ਨਗਰ ਨੂੰ ਭਸਮ ਕੀਤਾ, ਨਾਲੇ ਅਰਨੋਨ ਦੇ ਉਚਿਆਈਆਂ ਵਿੱਚ ਵੱਸਣ ਵਾਲੇ ਮਾਲਕਾਂ ਨੂੰ ਵੀ ਤਬਾਹ ਕੀਤਾ।
29ਹੇ ਮੋਆਬ, ਤੇਰੇ ਉੱਤੇ ਹਾਏ! ਹੇ ਕਮੋਸ਼ ਦੇ ਪੁਜਾਰੀਓ, ਤੁਸੀਂ ਬਰਬਾਦ ਹੋਏ! ਉਸ ਨੇ ਆਪਣੇ ਪੁੱਤਰਾਂ ਨੂੰ ਭਗੌੜਿਆਂ ਵਾਂਗੂੰ ਛੱਡਿਆ, ਅਤੇ ਆਪਣੀਆਂ ਧੀਆਂ ਨੂੰ ਅਮੋਰੀਆਂ ਦੇ ਰਾਜਾ ਸੀਹੋਨ ਦੀ ਦਾਸੀਆਂ ਬਣਾ ਦਿੱਤਾ!
30ਅਸੀਂ ਉਨ੍ਹਾਂ ਉੱਤੇ ਜਿੱਤ ਪ੍ਰਾਪਤ ਕੀਤੀ, ਹਸ਼ਬੋਨ, ਦੀਬੋਨ ਸ਼ਹਿਰ ਤੱਕ ਬਰਬਾਦ ਹੋਇਆ, ਅਤੇ ਅਸੀਂ ਨੋਫ਼ਾਹ ਅਤੇ ਮੇਦਬਾ ਸ਼ਹਿਰ ਤੱਕ ਤਬਾਹ ਕੀਤਾ ਹੈ।
31ਇਸ ਤਰ੍ਹਾਂ ਇਸਰਾਏਲ ਅਮੋਰੀਆਂ ਦੇ ਖੇਤਰ ਵਿੱਚ ਵੱਸਿਆ।
32ਫੇਰ ਮੂਸਾ ਨੇ ਯਾਜ਼ੇਰ ਦਾ ਭੇਤ ਜਾਣਨ ਲਈ ਮਨੁੱਖ ਘੱਲੇ ਅਤੇ ਉਨ੍ਹਾਂ ਨੇ ਉਸ ਦੇ ਪਿੰਡਾਂ ਨੂੰ ਵੱਸ ਵਿੱਚ ਕਰ ਲਿਆ ਅਤੇ ਉੱਥੋਂ ਦੇ ਅਮੋਰੀਆਂ ਨੂੰ ਕੱਢ ਦਿੱਤਾ।
33ਫੇਰ ਮੁੜ ਕੇ ਉਹ ਬਾਸ਼ਾਨ ਦੇ ਰਾਹ ਤੋਂ ਉਤਾਹਾਂ ਨੂੰ ਗਏ ਅਤੇ ਓਗ ਬਾਸ਼ਾਨ ਦਾ ਰਾਜਾ ਅਤੇ ਉਸ ਦੀ ਸਾਰੀ ਪਰਜਾ ਉਹਨਾਂ ਦਾ ਸਾਹਮਣਾ ਕਰਨ ਲਈ ਬਾਹਰ ਆਈ ਅਤੇ ਅਦਰਈ ਵਿੱਚ ਉਨ੍ਹਾਂ ਦੇ ਨਾਲ ਯੁੱਧ ਕੀਤਾ।