1ਜਿਹੜਾ ਬਾਰ-ਬਾਰ ਤਾੜਨਾ ਖਾ ਕੇ ਵੀ ਹਠ ਕਰੇ, ਉਹ ਅਚਾਨਕ ਭੰਨਿਆ ਜਾਵੇਗਾ, ਅਤੇ ਤਦ ਉਹ ਦਾ ਕੋਈ ਉਪਾਓ ਨਾ ਹੋਵੇਗਾ।
2ਜਦ ਧਰਮੀ ਉੱਚੇ ਕੀਤੇ ਜਾਂਦੇ ਹਨ ਤਾਂ ਲੋਕ ਅਨੰਦ ਕਰਦੇ ਹਨ, ਪਰ ਜਦੋਂ ਦੁਸ਼ਟ ਰਾਜ ਕਰਦੇ ਹਨ ਤਾਂ ਪਰਜਾ ਧਾਹਾਂ ਮਾਰਦੀ ਹੈ।
3ਜਿਹੜਾ ਬੁੱਧ ਨਾਲ ਪ੍ਰੀਤ ਲਾਉਂਦਾ ਹੈ ਉਹ ਆਪਣੇ ਪਿਉ ਨੂੰ ਅਨੰਦ ਕਰਦਾ ਹੈ, ਪਰ ਜਿਹੜਾ ਵੇਸਵਾ ਦਾ ਸੰਗ ਕਰਦਾ ਹੈ ਉਹ ਆਪਣਾ ਮਾਲ ਉਡਾਉਂਦਾ ਹੈ।
4ਨਿਆਂ ਨਾਲ ਰਾਜਾ ਦੇਸ ਨੂੰ ਦ੍ਰਿੜ੍ਹ ਕਰਦਾ ਹੈ, ਪਰ ਰਿਸ਼ਵਤ ਲੈਣ ਵਾਲਾ ਉਲਟਾ ਦਿੰਦਾ ਹੈ।
5ਜਿਹੜਾ ਮਨੁੱਖ ਆਪਣੇ ਗੁਆਂਢੀ ਦੀ ਚਾਪਲੂਸੀ ਕਰਦਾ ਹੈ, ਉਹ ਉਸ ਦੇ ਪੈਰਾਂ ਲਈ ਜਾਲ਼ ਵਿਛਾਉਂਦਾ ਹੈ।
6ਬੁਰੇ ਮਨੁੱਖ ਦਾ ਅਪਰਾਧ ਫਾਹੀ ਹੈ, ਪਰ ਧਰਮੀ ਮਨੁੱਖ ਅਨੰਦ ਹੋ ਕੇ ਜੈਕਾਰੇ ਗਜਾਉਂਦਾ ਹੈ।
7ਧਰਮੀ ਤਾਂ ਗਰੀਬਾਂ ਦੇ ਮੁਕੱਦਮੇ ਉੱਤੇ ਧਿਆਨ ਦਿੰਦਾ ਹੈ, ਪਰ ਦੁਸ਼ਟ ਉਹ ਦੇ ਸਮਝਣ ਦਾ ਗਿਆਨ ਨਹੀਂ ਰੱਖਦਾ।
8ਠੱਠਾ ਕਰਨ ਵਾਲੇ ਤਾਂ ਨਗਰ ਵਿੱਚ ਲਾਂਬੂ ਲਾਉਂਦੇ ਹਨ, ਪਰ ਬੁੱਧਵਾਨ ਕ੍ਰੋਧ ਨੂੰ ਠੰਡਾ ਕਰ ਦਿੰਦੇ ਹਨ।
9ਜਦ ਬੁੱਧਵਾਨ ਮਨੁੱਖ ਮੂਰਖ ਨਾਲ ਵਿਵਾਦ ਕਰੇ, ਤਦ ਉਹ ਕ੍ਰੋਧਿਤ ਹੋ ਜਾਂਦਾ ਹੈ ਅਤੇ ਠੱਠਾ ਕਰਦਾ ਹੈ, ਉੱਥੇ ਸ਼ਾਂਤੀ ਨਹੀਂ ਰਹਿੰਦੀ।
10ਖੂਨੀ ਮਨੁੱਖ ਖ਼ਰਿਆਂ ਨਾਲ ਵੈਰ ਰੱਖਦੇ ਹਨ, ਅਤੇ ਸਚਿਆਰਾਂ ਦੀ ਜਾਨ ਦੇ ਪਿੱਛੇ ਪਏ ਰਹਿੰਦੇ ਹਨ।