Text copied!
CopyCompare
ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ - 1 ਰਾਜਾ - 1 ਰਾਜਾ 8

1 ਰਾਜਾ 8:35-58

Help us?
Click on verse(s) to share them!
35ਜਦ ਅਕਾਸ਼ ਬੰਦ ਹੋਵੇ ਅਤੇ ਮੀਂਹ ਇਸ ਲਈ ਨਾ ਪਵੇ ਕਿ ਉਨ੍ਹਾਂ ਨੇ ਤੇਰਾ ਪਾਪ ਕੀਤਾ ਤਾਂ ਜੇ ਉਹ ਇਸ ਸਥਾਨ ਵੱਲ ਬੇਨਤੀ ਕਰਨ ਅਤੇ ਤੇਰੇ ਨਾਮ ਨੂੰ ਮੰਨ ਲੈਣ ਅਤੇ ਆਪਣੇ ਪਾਪਾਂ ਤੋਂ ਮੁੜਨ ਜਦ ਤੂੰ ਉਨ੍ਹਾਂ ਨੂੰ ਸਜ਼ਾ ਦਿੱਤੀ ਹੋਵੇ।
36ਤਦ ਤੂੰ ਸਵਰਗ ਤੋਂ ਸੁਣ ਕੇ ਆਪਣੇ ਦਾਸਾਂ ਤੇ ਆਪਣੀ ਪਰਜਾ ਇਸਰਾਏਲ ਦੇ ਪਾਪ ਨੂੰ ਮਾਫ਼ ਕਰੀਂ ਤਾਂ ਜੋ ਤੂੰ ਉਨ੍ਹਾਂ ਨੂੰ ਉਹ ਚੰਗਾ ਰਾਹ ਜਿਹ ਦੇ ਵਿੱਚ ਉਨ੍ਹਾਂ ਨੂੰ ਤੁਰਨਾ ਚਾਹੀਦਾ ਹੈ ਸਿਖਾਵੇਂ ਅਤੇ ਆਪਣੇ ਦੇਸ ਵਿੱਚ ਜੋ ਤੂੰ ਆਪਣੀ ਪਰਜਾ ਨੂੰ ਵਿਰਸੇ ਵਿੱਚ ਦਿੱਤਾ ਹੈ ਮੀਂਹ ਵਰਾਈਂ।
37ਜੇ ਦੇਸ ਵਿੱਚ ਕਾਲ ਜਾਂ ਬਵਾ ਪੈ ਜਾਵੇ ਜਾਂ ਔੜ ਜਾਂ ਕੁੰਗੀ ਜਾਂ ਸਲਾ ਜਾਂ ਸੁੰਡੀ ਟੋਕਾ ਆ ਪਵੇ ਅਤੇ ਜੇ ਉਨ੍ਹਾਂ ਦੇ ਵੈਰੀ ਉਨ੍ਹਾਂ ਦੇ ਦੇਸ ਦੇ ਫਾਟਕਾਂ ਨੂੰ ਘੇਰ ਲੈਣ ਅਤੇ ਜੇ ਕੋਈ ਕਸ਼ਟ ਜਾਂ ਰੋਗ ਆ ਪਵੇ।
38ਜੋ ਬੇਨਤੀ ਜਾਂ ਅਰਦਾਸ ਤੇਰੀ ਸਾਰੀ ਪਰਜਾ ਇਸਰਾਏਲ ਦੇ ਕਿਸੇ ਆਦਮੀ ਤੋਂ ਕੀਤੀ ਜਾਵੇ ਜੋ ਆਪਣੇ ਹੀ ਮਨ ਦਾ ਕਸ਼ਟ ਜਾਣੇ ਅਤੇ ਆਪਣੇ ਹੱਥ ਇਸ ਭਵਨ ਵੱਲ ਅੱਡੇ।
39ਤਦ ਤੂੰ ਆਪਣੇ ਸਵਰਗੀ ਭਵਨ ਤੋਂ ਸੁਣ ਕੇ ਮਾਫ਼ ਕਰੀਂ ਅਤੇ ਕੰਮ ਕਰੀਂ ਅਤੇ ਹਰ ਮਨੁੱਖ ਨੂੰ ਉਹ ਦੀਆਂ ਸਾਰੀਆਂ ਚਾਲਾਂ ਅਨੁਸਾਰ ਬਦਲਾ ਦੇਈਂ ਜਿਸ ਦੇ ਦਿਲ ਨੂੰ ਤੂੰ ਜਾਣਦਾ ਹੈਂ ਕਿਉਂ ਜੋ ਤੂੰ ਹਾਂ ਤੂੰ ਹੀ ਮਨੁੱਖਾਂ ਦੇ ਦਿਲਾਂ ਨੂੰ ਜਾਣਦਾ ਹੈਂ।
40ਤਾਂ ਜੋ ਉਹ ਆਪਣੇ ਜੀਉਣ ਦੇ ਸਾਰੇ ਦਿਨ ਜਿਹੜੇ ਉਹ ਉਸ ਭੂਮੀ ਉੱਤੇ ਗੁਜ਼ਾਰਨ ਜਿਹ ਨੂੰ ਤੂੰ ਸਾਡੇ ਪੁਰਖਿਆਂ ਨੂੰ ਦਿੱਤੀ ਹੈ ਤੇਰੇ ਕੋਲੋਂ ਡਰਨ।
41ਨਾਲੇ ਉਸ ਪਰਦੇਸੀ ਦੇ ਵਿਖੇ ਵੀ ਜੋ ਤੇਰੀ ਪਰਜਾ ਇਸਰਾਏਲ ਦਾ ਨਹੀਂ ਹੈ ਪਰ ਦੂਰ ਦੇਸ ਤੋਂ ਤੇਰੇ ਨਾਮ ਦੇ ਕਾਰਨ ਆਇਆ ਹੈ।
42ਕਿਉਂ ਜੋ ਉਹ ਤੇਰਾ ਵੱਡਾ ਨਾਮ, ਬਲਵਾਨ ਹੱਥ ਅਤੇ ਪਸਾਰੀ ਹੋਈ ਬਾਂਹ ਦੀ ਖ਼ਬਰ ਸੁਣਨਗੇ ਸੋ ਜਦ ਉਹ ਆਵੇ ਅਤੇ ਇਸ ਭਵਨ ਵੱਲ ਬੇਨਤੀ ਕਰੇ।
43ਤਦ ਤੂੰ ਆਪਣੇ ਸਵਰਗੀ ਭਵਨ ਤੋਂ ਸੁਣ ਕੇ ਉਸ ਓਪਰੇ ਦੀ ਸਾਰੀ ਦੁਹਾਈ ਅਨੁਸਾਰ ਕਰੀਂ ਤਾਂ ਜੋ ਧਰਤੀ ਦੇ ਸਾਰੇ ਲੋਕ ਤੇਰੇ ਨਾਮ ਨੂੰ ਜਾਣ ਲੈਣ ਅਤੇ ਤੇਰਾ ਭੈਅ ਮੰਨਣ ਜਿਵੇਂ ਤੇਰੀ ਪਰਜਾ ਇਸਰਾਏਲ ਕਰਦੀ ਹੈ ਅਤੇ ਜਾਣ ਲੈਣ ਕਿ ਇਹ ਭਵਨ ਜਿਹ ਨੂੰ ਮੈਂ ਬਣਾਇਆ ਹੈ ਤੇਰੇ ਨਾਮ ਦਾ ਕਹਾਉਂਦਾ ਹੈ।
44ਜਦ ਤੇਰੀ ਪਰਜਾ ਆਪਣੇ ਵੈਰੀ ਨਾਲ ਯੁੱਧ ਕਰਨ ਲਈ ਨਿੱਕਲੇ ਜਿਸ ਰਾਹ ਤੋਂ ਤੂੰ ਉਨ੍ਹਾਂ ਨੂੰ ਭੇਜੇਂ ਅਤੇ ਯਹੋਵਾਹ ਅੱਗੇ ਇਸ ਸ਼ਹਿਰ ਵੱਲ ਜਿਸ ਨੂੰ ਤੂੰ ਚੁਣਿਆ ਹੈ ਅਤੇ ਇਸ ਭਵਨ ਵੱਲ ਜਿਸ ਨੂੰ ਮੈਂ ਤੇਰੇ ਨਾਮ ਲਈ ਬਣਾਇਆ ਹੈ ਬੇਨਤੀ ਕਰਨ।
45ਤਾਂ ਤੂੰ ਸਵਰਗ ਤੋਂ ਉਨ੍ਹਾਂ ਦੀ ਪ੍ਰਾਰਥਨਾ ਅਤੇ ਉਨ੍ਹਾਂ ਦੀ ਬੇਨਤੀ ਸੁਣ ਲਈਂ ਅਤੇ ਉਨ੍ਹਾਂ ਦੇ ਹੱਕ ਦਾ ਨਿਆਂ ਕਰੀਂ।
46ਜੇ ਉਹ ਪਾਪ ਕਰਨ ਕਿਉਂ ਜੋ ਕੋਈ ਮਨੁੱਖ ਅਜਿਹਾ ਨਹੀਂ ਜੋ ਪਾਪ ਨਾ ਕਰੇ ਅਤੇ ਤੂੰ ਉਨ੍ਹਾਂ ਨਾਲ ਕ੍ਰੋਧਵਾਨ ਹੋਵੇਂ ਅਤੇ ਉਨ੍ਹਾਂ ਨੂੰ ਵੈਰੀ ਦੇ ਹੱਥ ਵਿੱਚ ਇਸ ਤਰ੍ਹਾਂ ਦੇ ਦੇਵੇਂ ਕਿ ਉਹ ਉਨ੍ਹਾਂ ਨੂੰ ਬੰਦੀ ਬਣਾ ਕੇ ਵੈਰੀ ਦੇ ਦੇਸ ਲੈ ਜਾਣ ਭਾਵੇਂ ਦੂਰ ਭਾਵੇਂ ਨੇੜੇ।
47ਤਾਂ ਜੋ ਉਹ ਉਸ ਦੇਸ ਵਿੱਚ ਜਿੱਥੇ ਉਹ ਬੰਦੀ ਬਣ ਕੇ ਪਹੁੰਚਾਏ ਗਏ ਹੋਣ ਆਪਣੇ ਮਨਾਂ ਵਿੱਚ ਧਿਆਨ ਕਰਨ ਅਤੇ ਪਛਤਾਉਣ ਅਤੇ ਆਪਣੇ ਬੰਦੀ ਬਣਾਉਣ ਵਾਲਿਆਂ ਦੇ ਦੇਸ ਵਿੱਚ ਤੇਰੇ ਅੱਗੇ ਇਹ ਆਖ ਕੇ ਬੇਨਤੀ ਕਰਨ ਕਿ ਅਸੀਂ ਪਾਪ ਕੀਤਾ, ਅਸੀਂ ਅਪਰਾਧ ਕੀਤਾ ਅਤੇ ਅਸੀਂ ਬਦੀ ਕੀਤੀ।
48ਅਤੇ ਇਸ ਤਰ੍ਹਾਂ ਆਪਣੇ ਵੈਰੀਆਂ ਦੇ ਦੇਸ ਜਿਨ੍ਹਾਂ ਨੇ ਉਨ੍ਹਾਂ ਨੂੰ ਬੰਦੀ ਬਣਾਇਆ ਉਹ ਤੇਰੀ ਵੱਲ ਆਪਣੇ ਸਾਰੇ ਮਨ ਤੇ ਆਪਣੀ ਸਾਰੀ ਜਾਨ ਨਾਲ ਮੁੜਨ ਅਤੇ ਤੇਰੇ ਅੱਗੇ ਆਪਣੇ ਦੇਸ ਵੱਲ ਬੇਨਤੀ ਕਰਨ ਜਿਹੜਾ ਤੂੰ ਉਨ੍ਹਾਂ ਦੇ ਪੁਰਖਿਆਂ ਨੂੰ ਦਿੱਤਾ ਅਤੇ ਇਸ ਸ਼ਹਿਰ ਵੱਲ ਜਿਸ ਨੂੰ ਤੂੰ ਚੁਣਿਆ ਅਤੇ ਇਸ ਸ਼ਹਿਰ ਵੱਲ ਜਿਸ ਨੂੰ ਮੈਂ ਤੇਰੇ ਨਾਮ ਲਈ ਬਣਾਇਆ।
49ਤਾਂ ਤੂੰ ਆਪਣੇ ਸਵਰਗੀ ਭਵਨ ਤੋਂ ਉਨ੍ਹਾਂ ਦੀ ਪ੍ਰਾਰਥਨਾ ਅਤੇ ਬੇਨਤੀ ਸੁਣ ਲਈਂ ਅਤੇ ਉਨ੍ਹਾਂ ਦੇ ਹੱਕ ਦਾ ਨਿਆਂ ਕਰੀਂ।
50ਅਤੇ ਆਪਣੇ ਲੋਕਾਂ ਨੂੰ ਜਿਨ੍ਹਾਂ ਨੇ ਤੇਰਾ ਪਾਪ ਕੀਤਾ ਉਨ੍ਹਾਂ ਦਿਆਂ ਸਾਰਿਆਂ ਅਪਰਾਧਾਂ ਨੂੰ ਜਿਨ੍ਹਾਂ ਨਾਲ ਉਨ੍ਹਾਂ ਨੇ ਤੇਰੀ ਉਲੰਘਣਾ ਕੀਤੀ ਮਾਫ਼ ਕਰੀਂ ਅਤੇ ਉਹ ਆਪਣੇ ਬੰਦੀ ਬਣਾਉਣ ਵਾਲਿਆਂ ਦੇ ਅੱਗੇ ਦਯਾ ਪ੍ਰਾਪਤ ਕਰਨ ਤਾਂ ਜੋ ਉਹ ਉਨ੍ਹਾਂ ਉੱਤੇ ਰਹਿਮ ਕਰਨ।
51ਕਿਉਂ ਜੋ ਇਹ ਤੇਰੀ ਪਰਜਾ ਤੇ ਤੇਰੀ ਵਿਰਾਸਤ ਹੈ ਜਿਹ ਨੂੰ ਤੂੰ ਮਿਸਰ ਤੋਂ ਲੋਹੇ ਦੀ ਭੱਠੀ ਵਿੱਚੋਂ ਕੱਢਿਆ ਹੈ।
52ਤਾਂ ਜੋ ਤੇਰੀਆਂ ਅੱਖਾਂ ਆਪਣੇ ਦਾਸ ਦੀ ਅਰਦਾਸ ਵੱਲ ਅਤੇ ਆਪਣੀ ਪਰਜਾ ਇਸਰਾਏਲ ਦੀ ਅਰਦਾਸ ਵੱਲ ਖੁੱਲ੍ਹੀਆਂ ਰਹਿਣ ਕਿ ਤੂੰ ਉਨ੍ਹਾਂ ਦੀ ਸਾਰੀ ਦੁਹਾਈ ਨੂੰ ਜੋ ਉਹ ਤੇਰੇ ਅੱਗੇ ਦੇਣ ਸੁਣੇਂ।
53ਕਿਉਂ ਜੋ ਤੂੰ ਹੇ ਪ੍ਰਭੂ ਯਹੋਵਾਹ, ਉਨ੍ਹਾਂ ਨੂੰ ਧਰਤੀ ਦੇ ਸਾਰੇ ਲੋਕਾਂ ਤੋਂ ਆਪਣੀ ਵਿਰਾਸਤ ਹੋਣ ਲਈ ਵੱਖਰਾ ਕੀਤਾ ਜਿਵੇਂ ਤੂੰ ਆਪਣੇ ਦਾਸ ਮੂਸਾ ਦੇ ਰਾਹੀਂ ਬਚਨ ਕੀਤਾ ਜਦ ਤੂੰ ਸਾਡੇ ਪੁਰਖਿਆਂ ਨੂੰ ਮਿਸਰ ਤੋਂ ਕੱਢਿਆ।
54ਇਸ ਤਰ੍ਹਾਂ ਹੋਇਆ ਕਿ ਜਦ ਸੁਲੇਮਾਨ ਇਹ ਸਾਰੀ ਬੇਨਤੀ ਤੇ ਅਰਦਾਸ ਯਹੋਵਾਹ ਦੇ ਅੱਗੇ ਕਰ ਚੁੱਕਿਆ ਤਾਂ ਉਹ ਯਹੋਵਾਹ ਦੀ ਜਗਵੇਦੀ ਦੇ ਅੱਗਿਓਂ ਉੱਠ ਖੜ੍ਹਾ ਹੋਇਆ ਜਿੱਥੇ ਉਹ ਆਪਣੇ ਗੋਡੇ ਨਿਵਾ ਕੇ ਤੇ ਹੱਥ ਅਕਾਸ਼ ਵੱਲ ਅੱਡ ਕੇ ਬੈਠਾ ਸੀ।
55ਉਹ ਖੜ੍ਹਾ ਹੋ ਗਿਆ ਅਤੇ ਉਸ ਇਸਰਾਏਲ ਦੀ ਸਾਰੀ ਸਭਾ ਨੂੰ ਉੱਚੀ ਅਵਾਜ਼ ਨਾਲ ਬਰਕਤ ਦਿੱਤੀ ਕਿ
56ਯਹੋਵਾਹ ਮੁਬਾਰਕ ਹੋਵੇ ਜਿਸ ਨੇ ਆਪਣੀ ਪਰਜਾ ਇਸਰਾਏਲ ਨੂੰ ਸੁੱਖ ਦਿੱਤਾ ਜਿਵੇਂ ਉਸ ਬਚਨ ਕੀਤਾ ਸੀ। ਉਸ ਸਾਰੇ ਚੰਗੇ ਬਚਨ ਤੋਂ ਜਿਹੜਾ ਉਸ ਨੇ ਆਪਣੇ ਦਾਸ ਮੂਸਾ ਦੇ ਰਾਹੀਂ ਕੀਤਾ ਇੱਕ ਵੀ ਗੱਲ ਖਾਲੀ ਨਾ ਗਈ।
57ਯਹੋਵਾਹ ਸਾਡਾ ਪਰਮੇਸ਼ੁਰ ਸਾਡੇ ਅੰਗ-ਸੰਗ ਹੋਵੇ ਜਿਵੇਂ ਉਹ ਸਾਡੇ ਪੁਰਖਿਆਂ ਦੇ ਨਾਲ ਸੀ, ਉਹ ਨਾ ਸਾਨੂੰ ਤਿਆਗੇ ਅਤੇ ਨਾ ਸਾਨੂੰ ਛੱਡੇ।
58ਉਹ ਸਾਡੇ ਮਨਾਂ ਨੂੰ ਆਪਣੀ ਵੱਲ ਫੇਰੇ ਕਿ ਅਸੀਂ ਉਹ ਦੇ ਸਾਰੇ ਰਾਹਾਂ ਵਿੱਚ ਚੱਲੀਏ ਅਤੇ ਉਹ ਦੇ ਹੁਕਮ ਬਿਧੀਆਂ ਤੇ ਨਿਆਂ ਮੰਨੀਏ ਜਿਨ੍ਹਾਂ ਦਾ ਉਸ ਸਾਡੇ ਪੁਰਖਿਆਂ ਨੂੰ ਹੁਕਮ ਦਿੱਤਾ ਸੀ।

Read 1 ਰਾਜਾ 81 ਰਾਜਾ 8
Compare 1 ਰਾਜਾ 8:35-581 ਰਾਜਾ 8:35-58