Text copied!
Bibles in Panjabi

1 ਰਾਜਾ 8:35-58 in Panjabi

Help us?

1 ਰਾਜਾ 8:35-58 in ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ

35 ਜਦ ਅਕਾਸ਼ ਬੰਦ ਹੋਵੇ ਅਤੇ ਮੀਂਹ ਇਸ ਲਈ ਨਾ ਪਵੇ ਕਿ ਉਨ੍ਹਾਂ ਨੇ ਤੇਰਾ ਪਾਪ ਕੀਤਾ ਤਾਂ ਜੇ ਉਹ ਇਸ ਸਥਾਨ ਵੱਲ ਬੇਨਤੀ ਕਰਨ ਅਤੇ ਤੇਰੇ ਨਾਮ ਨੂੰ ਮੰਨ ਲੈਣ ਅਤੇ ਆਪਣੇ ਪਾਪਾਂ ਤੋਂ ਮੁੜਨ ਜਦ ਤੂੰ ਉਨ੍ਹਾਂ ਨੂੰ ਸਜ਼ਾ ਦਿੱਤੀ ਹੋਵੇ।
36 ਤਦ ਤੂੰ ਸਵਰਗ ਤੋਂ ਸੁਣ ਕੇ ਆਪਣੇ ਦਾਸਾਂ ਤੇ ਆਪਣੀ ਪਰਜਾ ਇਸਰਾਏਲ ਦੇ ਪਾਪ ਨੂੰ ਮਾਫ਼ ਕਰੀਂ ਤਾਂ ਜੋ ਤੂੰ ਉਨ੍ਹਾਂ ਨੂੰ ਉਹ ਚੰਗਾ ਰਾਹ ਜਿਹ ਦੇ ਵਿੱਚ ਉਨ੍ਹਾਂ ਨੂੰ ਤੁਰਨਾ ਚਾਹੀਦਾ ਹੈ ਸਿਖਾਵੇਂ ਅਤੇ ਆਪਣੇ ਦੇਸ ਵਿੱਚ ਜੋ ਤੂੰ ਆਪਣੀ ਪਰਜਾ ਨੂੰ ਵਿਰਸੇ ਵਿੱਚ ਦਿੱਤਾ ਹੈ ਮੀਂਹ ਵਰਾਈਂ।
37 ਜੇ ਦੇਸ ਵਿੱਚ ਕਾਲ ਜਾਂ ਬਵਾ ਪੈ ਜਾਵੇ ਜਾਂ ਔੜ ਜਾਂ ਕੁੰਗੀ ਜਾਂ ਸਲਾ ਜਾਂ ਸੁੰਡੀ ਟੋਕਾ ਆ ਪਵੇ ਅਤੇ ਜੇ ਉਨ੍ਹਾਂ ਦੇ ਵੈਰੀ ਉਨ੍ਹਾਂ ਦੇ ਦੇਸ ਦੇ ਫਾਟਕਾਂ ਨੂੰ ਘੇਰ ਲੈਣ ਅਤੇ ਜੇ ਕੋਈ ਕਸ਼ਟ ਜਾਂ ਰੋਗ ਆ ਪਵੇ।
38 ਜੋ ਬੇਨਤੀ ਜਾਂ ਅਰਦਾਸ ਤੇਰੀ ਸਾਰੀ ਪਰਜਾ ਇਸਰਾਏਲ ਦੇ ਕਿਸੇ ਆਦਮੀ ਤੋਂ ਕੀਤੀ ਜਾਵੇ ਜੋ ਆਪਣੇ ਹੀ ਮਨ ਦਾ ਕਸ਼ਟ ਜਾਣੇ ਅਤੇ ਆਪਣੇ ਹੱਥ ਇਸ ਭਵਨ ਵੱਲ ਅੱਡੇ।
39 ਤਦ ਤੂੰ ਆਪਣੇ ਸਵਰਗੀ ਭਵਨ ਤੋਂ ਸੁਣ ਕੇ ਮਾਫ਼ ਕਰੀਂ ਅਤੇ ਕੰਮ ਕਰੀਂ ਅਤੇ ਹਰ ਮਨੁੱਖ ਨੂੰ ਉਹ ਦੀਆਂ ਸਾਰੀਆਂ ਚਾਲਾਂ ਅਨੁਸਾਰ ਬਦਲਾ ਦੇਈਂ ਜਿਸ ਦੇ ਦਿਲ ਨੂੰ ਤੂੰ ਜਾਣਦਾ ਹੈਂ ਕਿਉਂ ਜੋ ਤੂੰ ਹਾਂ ਤੂੰ ਹੀ ਮਨੁੱਖਾਂ ਦੇ ਦਿਲਾਂ ਨੂੰ ਜਾਣਦਾ ਹੈਂ।
40 ਤਾਂ ਜੋ ਉਹ ਆਪਣੇ ਜੀਉਣ ਦੇ ਸਾਰੇ ਦਿਨ ਜਿਹੜੇ ਉਹ ਉਸ ਭੂਮੀ ਉੱਤੇ ਗੁਜ਼ਾਰਨ ਜਿਹ ਨੂੰ ਤੂੰ ਸਾਡੇ ਪੁਰਖਿਆਂ ਨੂੰ ਦਿੱਤੀ ਹੈ ਤੇਰੇ ਕੋਲੋਂ ਡਰਨ।
41 ਨਾਲੇ ਉਸ ਪਰਦੇਸੀ ਦੇ ਵਿਖੇ ਵੀ ਜੋ ਤੇਰੀ ਪਰਜਾ ਇਸਰਾਏਲ ਦਾ ਨਹੀਂ ਹੈ ਪਰ ਦੂਰ ਦੇਸ ਤੋਂ ਤੇਰੇ ਨਾਮ ਦੇ ਕਾਰਨ ਆਇਆ ਹੈ।
42 ਕਿਉਂ ਜੋ ਉਹ ਤੇਰਾ ਵੱਡਾ ਨਾਮ, ਬਲਵਾਨ ਹੱਥ ਅਤੇ ਪਸਾਰੀ ਹੋਈ ਬਾਂਹ ਦੀ ਖ਼ਬਰ ਸੁਣਨਗੇ ਸੋ ਜਦ ਉਹ ਆਵੇ ਅਤੇ ਇਸ ਭਵਨ ਵੱਲ ਬੇਨਤੀ ਕਰੇ।
43 ਤਦ ਤੂੰ ਆਪਣੇ ਸਵਰਗੀ ਭਵਨ ਤੋਂ ਸੁਣ ਕੇ ਉਸ ਓਪਰੇ ਦੀ ਸਾਰੀ ਦੁਹਾਈ ਅਨੁਸਾਰ ਕਰੀਂ ਤਾਂ ਜੋ ਧਰਤੀ ਦੇ ਸਾਰੇ ਲੋਕ ਤੇਰੇ ਨਾਮ ਨੂੰ ਜਾਣ ਲੈਣ ਅਤੇ ਤੇਰਾ ਭੈਅ ਮੰਨਣ ਜਿਵੇਂ ਤੇਰੀ ਪਰਜਾ ਇਸਰਾਏਲ ਕਰਦੀ ਹੈ ਅਤੇ ਜਾਣ ਲੈਣ ਕਿ ਇਹ ਭਵਨ ਜਿਹ ਨੂੰ ਮੈਂ ਬਣਾਇਆ ਹੈ ਤੇਰੇ ਨਾਮ ਦਾ ਕਹਾਉਂਦਾ ਹੈ।
44 ਜਦ ਤੇਰੀ ਪਰਜਾ ਆਪਣੇ ਵੈਰੀ ਨਾਲ ਯੁੱਧ ਕਰਨ ਲਈ ਨਿੱਕਲੇ ਜਿਸ ਰਾਹ ਤੋਂ ਤੂੰ ਉਨ੍ਹਾਂ ਨੂੰ ਭੇਜੇਂ ਅਤੇ ਯਹੋਵਾਹ ਅੱਗੇ ਇਸ ਸ਼ਹਿਰ ਵੱਲ ਜਿਸ ਨੂੰ ਤੂੰ ਚੁਣਿਆ ਹੈ ਅਤੇ ਇਸ ਭਵਨ ਵੱਲ ਜਿਸ ਨੂੰ ਮੈਂ ਤੇਰੇ ਨਾਮ ਲਈ ਬਣਾਇਆ ਹੈ ਬੇਨਤੀ ਕਰਨ।
45 ਤਾਂ ਤੂੰ ਸਵਰਗ ਤੋਂ ਉਨ੍ਹਾਂ ਦੀ ਪ੍ਰਾਰਥਨਾ ਅਤੇ ਉਨ੍ਹਾਂ ਦੀ ਬੇਨਤੀ ਸੁਣ ਲਈਂ ਅਤੇ ਉਨ੍ਹਾਂ ਦੇ ਹੱਕ ਦਾ ਨਿਆਂ ਕਰੀਂ।
46 ਜੇ ਉਹ ਪਾਪ ਕਰਨ ਕਿਉਂ ਜੋ ਕੋਈ ਮਨੁੱਖ ਅਜਿਹਾ ਨਹੀਂ ਜੋ ਪਾਪ ਨਾ ਕਰੇ ਅਤੇ ਤੂੰ ਉਨ੍ਹਾਂ ਨਾਲ ਕ੍ਰੋਧਵਾਨ ਹੋਵੇਂ ਅਤੇ ਉਨ੍ਹਾਂ ਨੂੰ ਵੈਰੀ ਦੇ ਹੱਥ ਵਿੱਚ ਇਸ ਤਰ੍ਹਾਂ ਦੇ ਦੇਵੇਂ ਕਿ ਉਹ ਉਨ੍ਹਾਂ ਨੂੰ ਬੰਦੀ ਬਣਾ ਕੇ ਵੈਰੀ ਦੇ ਦੇਸ ਲੈ ਜਾਣ ਭਾਵੇਂ ਦੂਰ ਭਾਵੇਂ ਨੇੜੇ।
47 ਤਾਂ ਜੋ ਉਹ ਉਸ ਦੇਸ ਵਿੱਚ ਜਿੱਥੇ ਉਹ ਬੰਦੀ ਬਣ ਕੇ ਪਹੁੰਚਾਏ ਗਏ ਹੋਣ ਆਪਣੇ ਮਨਾਂ ਵਿੱਚ ਧਿਆਨ ਕਰਨ ਅਤੇ ਪਛਤਾਉਣ ਅਤੇ ਆਪਣੇ ਬੰਦੀ ਬਣਾਉਣ ਵਾਲਿਆਂ ਦੇ ਦੇਸ ਵਿੱਚ ਤੇਰੇ ਅੱਗੇ ਇਹ ਆਖ ਕੇ ਬੇਨਤੀ ਕਰਨ ਕਿ ਅਸੀਂ ਪਾਪ ਕੀਤਾ, ਅਸੀਂ ਅਪਰਾਧ ਕੀਤਾ ਅਤੇ ਅਸੀਂ ਬਦੀ ਕੀਤੀ।
48 ਅਤੇ ਇਸ ਤਰ੍ਹਾਂ ਆਪਣੇ ਵੈਰੀਆਂ ਦੇ ਦੇਸ ਜਿਨ੍ਹਾਂ ਨੇ ਉਨ੍ਹਾਂ ਨੂੰ ਬੰਦੀ ਬਣਾਇਆ ਉਹ ਤੇਰੀ ਵੱਲ ਆਪਣੇ ਸਾਰੇ ਮਨ ਤੇ ਆਪਣੀ ਸਾਰੀ ਜਾਨ ਨਾਲ ਮੁੜਨ ਅਤੇ ਤੇਰੇ ਅੱਗੇ ਆਪਣੇ ਦੇਸ ਵੱਲ ਬੇਨਤੀ ਕਰਨ ਜਿਹੜਾ ਤੂੰ ਉਨ੍ਹਾਂ ਦੇ ਪੁਰਖਿਆਂ ਨੂੰ ਦਿੱਤਾ ਅਤੇ ਇਸ ਸ਼ਹਿਰ ਵੱਲ ਜਿਸ ਨੂੰ ਤੂੰ ਚੁਣਿਆ ਅਤੇ ਇਸ ਸ਼ਹਿਰ ਵੱਲ ਜਿਸ ਨੂੰ ਮੈਂ ਤੇਰੇ ਨਾਮ ਲਈ ਬਣਾਇਆ।
49 ਤਾਂ ਤੂੰ ਆਪਣੇ ਸਵਰਗੀ ਭਵਨ ਤੋਂ ਉਨ੍ਹਾਂ ਦੀ ਪ੍ਰਾਰਥਨਾ ਅਤੇ ਬੇਨਤੀ ਸੁਣ ਲਈਂ ਅਤੇ ਉਨ੍ਹਾਂ ਦੇ ਹੱਕ ਦਾ ਨਿਆਂ ਕਰੀਂ।
50 ਅਤੇ ਆਪਣੇ ਲੋਕਾਂ ਨੂੰ ਜਿਨ੍ਹਾਂ ਨੇ ਤੇਰਾ ਪਾਪ ਕੀਤਾ ਉਨ੍ਹਾਂ ਦਿਆਂ ਸਾਰਿਆਂ ਅਪਰਾਧਾਂ ਨੂੰ ਜਿਨ੍ਹਾਂ ਨਾਲ ਉਨ੍ਹਾਂ ਨੇ ਤੇਰੀ ਉਲੰਘਣਾ ਕੀਤੀ ਮਾਫ਼ ਕਰੀਂ ਅਤੇ ਉਹ ਆਪਣੇ ਬੰਦੀ ਬਣਾਉਣ ਵਾਲਿਆਂ ਦੇ ਅੱਗੇ ਦਯਾ ਪ੍ਰਾਪਤ ਕਰਨ ਤਾਂ ਜੋ ਉਹ ਉਨ੍ਹਾਂ ਉੱਤੇ ਰਹਿਮ ਕਰਨ।
51 ਕਿਉਂ ਜੋ ਇਹ ਤੇਰੀ ਪਰਜਾ ਤੇ ਤੇਰੀ ਵਿਰਾਸਤ ਹੈ ਜਿਹ ਨੂੰ ਤੂੰ ਮਿਸਰ ਤੋਂ ਲੋਹੇ ਦੀ ਭੱਠੀ ਵਿੱਚੋਂ ਕੱਢਿਆ ਹੈ।
52 ਤਾਂ ਜੋ ਤੇਰੀਆਂ ਅੱਖਾਂ ਆਪਣੇ ਦਾਸ ਦੀ ਅਰਦਾਸ ਵੱਲ ਅਤੇ ਆਪਣੀ ਪਰਜਾ ਇਸਰਾਏਲ ਦੀ ਅਰਦਾਸ ਵੱਲ ਖੁੱਲ੍ਹੀਆਂ ਰਹਿਣ ਕਿ ਤੂੰ ਉਨ੍ਹਾਂ ਦੀ ਸਾਰੀ ਦੁਹਾਈ ਨੂੰ ਜੋ ਉਹ ਤੇਰੇ ਅੱਗੇ ਦੇਣ ਸੁਣੇਂ।
53 ਕਿਉਂ ਜੋ ਤੂੰ ਹੇ ਪ੍ਰਭੂ ਯਹੋਵਾਹ, ਉਨ੍ਹਾਂ ਨੂੰ ਧਰਤੀ ਦੇ ਸਾਰੇ ਲੋਕਾਂ ਤੋਂ ਆਪਣੀ ਵਿਰਾਸਤ ਹੋਣ ਲਈ ਵੱਖਰਾ ਕੀਤਾ ਜਿਵੇਂ ਤੂੰ ਆਪਣੇ ਦਾਸ ਮੂਸਾ ਦੇ ਰਾਹੀਂ ਬਚਨ ਕੀਤਾ ਜਦ ਤੂੰ ਸਾਡੇ ਪੁਰਖਿਆਂ ਨੂੰ ਮਿਸਰ ਤੋਂ ਕੱਢਿਆ।
54 ਇਸ ਤਰ੍ਹਾਂ ਹੋਇਆ ਕਿ ਜਦ ਸੁਲੇਮਾਨ ਇਹ ਸਾਰੀ ਬੇਨਤੀ ਤੇ ਅਰਦਾਸ ਯਹੋਵਾਹ ਦੇ ਅੱਗੇ ਕਰ ਚੁੱਕਿਆ ਤਾਂ ਉਹ ਯਹੋਵਾਹ ਦੀ ਜਗਵੇਦੀ ਦੇ ਅੱਗਿਓਂ ਉੱਠ ਖੜ੍ਹਾ ਹੋਇਆ ਜਿੱਥੇ ਉਹ ਆਪਣੇ ਗੋਡੇ ਨਿਵਾ ਕੇ ਤੇ ਹੱਥ ਅਕਾਸ਼ ਵੱਲ ਅੱਡ ਕੇ ਬੈਠਾ ਸੀ।
55 ਉਹ ਖੜ੍ਹਾ ਹੋ ਗਿਆ ਅਤੇ ਉਸ ਇਸਰਾਏਲ ਦੀ ਸਾਰੀ ਸਭਾ ਨੂੰ ਉੱਚੀ ਅਵਾਜ਼ ਨਾਲ ਬਰਕਤ ਦਿੱਤੀ ਕਿ
56 ਯਹੋਵਾਹ ਮੁਬਾਰਕ ਹੋਵੇ ਜਿਸ ਨੇ ਆਪਣੀ ਪਰਜਾ ਇਸਰਾਏਲ ਨੂੰ ਸੁੱਖ ਦਿੱਤਾ ਜਿਵੇਂ ਉਸ ਬਚਨ ਕੀਤਾ ਸੀ। ਉਸ ਸਾਰੇ ਚੰਗੇ ਬਚਨ ਤੋਂ ਜਿਹੜਾ ਉਸ ਨੇ ਆਪਣੇ ਦਾਸ ਮੂਸਾ ਦੇ ਰਾਹੀਂ ਕੀਤਾ ਇੱਕ ਵੀ ਗੱਲ ਖਾਲੀ ਨਾ ਗਈ।
57 ਯਹੋਵਾਹ ਸਾਡਾ ਪਰਮੇਸ਼ੁਰ ਸਾਡੇ ਅੰਗ-ਸੰਗ ਹੋਵੇ ਜਿਵੇਂ ਉਹ ਸਾਡੇ ਪੁਰਖਿਆਂ ਦੇ ਨਾਲ ਸੀ, ਉਹ ਨਾ ਸਾਨੂੰ ਤਿਆਗੇ ਅਤੇ ਨਾ ਸਾਨੂੰ ਛੱਡੇ।
58 ਉਹ ਸਾਡੇ ਮਨਾਂ ਨੂੰ ਆਪਣੀ ਵੱਲ ਫੇਰੇ ਕਿ ਅਸੀਂ ਉਹ ਦੇ ਸਾਰੇ ਰਾਹਾਂ ਵਿੱਚ ਚੱਲੀਏ ਅਤੇ ਉਹ ਦੇ ਹੁਕਮ ਬਿਧੀਆਂ ਤੇ ਨਿਆਂ ਮੰਨੀਏ ਜਿਨ੍ਹਾਂ ਦਾ ਉਸ ਸਾਡੇ ਪੁਰਖਿਆਂ ਨੂੰ ਹੁਕਮ ਦਿੱਤਾ ਸੀ।
1 ਰਾਜਾ 8 in ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ