29ਤਦ ਪਤਰਸ ਅਤੇ ਰਸੂਲਾਂ ਨੇ ਉੱਤਰ ਦਿੱਤਾ ਕਿ ਮਨੁੱਖਾਂ ਦੇ ਹੁਕਮਾਂ ਨਾਲੋਂ ਪਰਮੇਸ਼ੁਰ ਦੀ ਆਗਿਆ ਦਾ ਮੰਨਣਾ ਜ਼ਰੂਰੀ ਹੈ।
30ਸਾਡੇ ਬਾਪ ਦਾਦਿਆਂ ਦੇ ਪਰਮੇਸ਼ੁਰ ਨੇ ਯਿਸੂ ਨੂੰ ਜਿਉਂਦਾ ਕੀਤਾ, ਜਿਸ ਨੂੰ ਤੁਸੀਂ ਸਲੀਬ ਉੱਤੇ ਲਟਕਾ ਕੇ ਮਾਰ ਦਿੱਤਾ ਸੀ।
31ਉਸੇ ਨੂੰ ਪਰਮੇਸ਼ੁਰ ਨੇ ਆਪਣੇ ਸੱਜੇ ਹੱਥ ਨਾਲ ਅੱਤ ਉੱਚਾ ਕਰ ਕੇ ਪ੍ਰਭੂ ਅਤੇ ਮੁਕਤੀਦਾਤਾ ਠਹਿਰਾਇਆ ਤਾਂ ਜੋ ਉਹ ਇਸਰਾਏਲ ਨੂੰ ਤੋਬਾ ਅਤੇ ਪਾਪਾਂ ਦੀ ਮਾਫ਼ੀ ਬਖ਼ਸ਼ੇ।
32ਅਸੀਂ ਇਹਨਾਂ ਗੱਲਾਂ ਦੇ ਗਵਾਹ ਹਾਂ ਅਤੇ ਪਵਿੱਤਰ ਆਤਮਾ ਵੀ ਜੋ ਪਰਮੇਸ਼ੁਰ ਨੇ ਆਪਣੇ ਮੰਨਣ ਵਾਲਿਆਂ ਨੂੰ ਬਖ਼ਸ਼ਿਆ ਹੈ।
33ਇਹ ਸੁਣ ਕੇ ਉਹ ਗੁੱਸੇ ਨਾਲ ਭਰ ਗਏ ਅਤੇ ਉਹਨਾਂ ਨੂੰ ਮਾਰਨ ਦੀ ਯੋਜਨਾ ਬਣਾਈ।
34ਪਰ ਗਮਲੀਏਲ ਨਾਮ ਦੇ ਇੱਕ ਫ਼ਰੀਸੀ ਜੋ ਉਪਦੇਸ਼ਕ ਸੀ ਅਤੇ ਸਭ ਲੋਕਾਂ ਵਿੱਚ ਆਦਰਯੋਗ ਸੀ ਮਹਾਂ ਸਭਾ ਵਿੱਚ ਉੱਠ ਕੇ ਹੁਕਮ ਕੀਤਾ ਕਿ ਇਨ੍ਹਾਂ ਮਨੁੱਖਾਂ ਨੂੰ ਥੋੜ੍ਹੇ ਸਮੇਂ ਲਈ ਬਾਹਰ ਕੱਢ ਦਿਓ
35ਤਾਂ ਉਸ ਨੇ ਉਨ੍ਹਾਂ ਨੂੰ ਆਖਿਆ ਕਿ ਹੇ ਇਸਰਾਏਲੀ ਲੋਕੋ, ਖ਼ਬਰਦਾਰ ਰਹੋ, ਜੋ ਤੁਸੀਂ ਇਨ੍ਹਾਂ ਮਨੁੱਖਾਂ ਨਾਲ ਕੀ ਕਰਨਾ ਚਾਹੁੰਦੇ ਹੋ।
36ਕਿਉਂ ਜੋ ਇਨ੍ਹਾਂ ਦਿਨਾਂ ਤੋਂ ਅੱਗੇ ਥੇਉਦਾਸ ਉੱਠਿਆ ਅਤੇ ਕਹਿਣ ਲੱਗਾ ਕਿ ਮੈਂ ਕੁਝ ਹਾਂ ਅਤੇ ਗਿਣਤੀ ਵਿੱਚ ਚਾਰ ਸੌ ਆਦਮੀ ਉਹ ਦੇ ਨਾਲ ਮਿਲ ਗਏ ਅਤੇ ਉਹ ਮਾਰਿਆ ਗਿਆ ਅਤੇ ਸਭ ਜੋ ਉਹ ਨੂੰ ਮੰਨਦੇ ਸਨ, ਖਿੱਲਰ ਗਏ ਅਤੇ ਬੇ ਠਿਕਾਣੇ ਹੋ ਗਏ।
37ਉਹ ਦੇ ਬਾਅਦ ਮਰਦੁਮਸ਼ੁਮਾਰੀ ਦੇ ਦਿਨਾਂ ਵਿੱਚ ਗਲੀਲ ਦਾ ਰਹਿਣ ਵਾਲਾ ਯਹੂਦਾ ਉੱਠਿਆ ਅਤੇ ਲੋਕਾਂ ਨੂੰ ਆਪਣੇ ਮਗਰ ਲਾ ਲਿਆ। ਉਹ ਦਾ ਵੀ ਨਾਸ ਹੋਇਆ ਅਤੇ ਜਿੰਨੇ ਉਹ ਨੂੰ ਮੰਨਦੇ ਸਨ, ਸਾਰੇ ਖਿੱਲਰ ਗਏ।
38ਅਤੇ ਹੁਣ ਮੈਂ ਤੁਹਾਨੂੰ ਆਖਦਾ ਹਾਂ ਕਿ ਇਨ੍ਹਾਂ ਮਨੁੱਖਾਂ ਤੋਂ ਦੂਰ ਹੋਵੋ ਅਤੇ ਇਨ੍ਹਾਂ ਨੂੰ ਜਾਣ ਦਿਓ ਕਿਉਂਕਿ ਜੇ ਇਹ ਯੋਜਨਾ ਆਦਮੀਆਂ ਦੀ ਵੱਲੋਂ ਹੈ ਤਾਂ ਨਸ਼ਟ ਹੋ ਜਾਵੇਗੀ।