13ਅਤੇ ਬਹੁਤ ਸਾਰਿਆਂ ਭੂਤਾਂ ਨੂੰ ਕੱਢ ਦਿੱਤਾ ਅਤੇ ਬਹੁਤ ਸਾਰੇ ਰੋਗੀਆਂ ਉੱਤੇ ਤੇਲ ਮਲ ਕੇ ਉਨ੍ਹਾਂ ਨੂੰ ਚੰਗਾ ਕੀਤਾ।
14ਅਤੇ ਜਦੋਂ ਰਾਜਾ ਹੇਰੋਦੇਸ ਨੇ ਪ੍ਰਭੂ ਯਿਸੂ ਦੀ ਚਰਚਾ ਸੁਣੀ, ਕਿਉਂ ਜੋ ਉਹ ਦਾ ਨਾਮ ਬਹੁਤ ਫੈਲ ਗਿਆ ਸੀ। ਤਾਂ ਉਸ ਨੇ ਆਖਿਆ, ਯੂਹੰਨਾ ਬਪਤਿਸਮਾ ਦੇਣ ਵਾਲਾ ਮੁਰਦਿਆਂ ਵਿੱਚੋਂ ਜੀ ਉੱਠਿਆ ਹੈ ਅਤੇ ਇਸੇ ਲਈ ਇਹ ਸ਼ਕਤੀਆਂ ਉਹ ਦੇ ਵਿੱਚ ਕੰਮ ਕਰ ਰਹੀਆਂ ਹਨ!
15ਪਰ ਕਈਆਂ ਨੇ ਆਖਿਆ ਉਹ ਏਲੀਯਾਹ ਹੈ, ਅਤੇ ਦੂਜਿਆਂ ਨੇ ਕਿਹਾ ਕਿ ਇਹ ਇੱਕ ਨਬੀ ਹੈ, ਪਰ ਕਈਆਂ ਨੇ ਆਖਿਆ ਨਬੀਆਂ ਵਰਗਾ।
16ਪਰ ਹੇਰੋਦੇਸ ਨੇ ਸੁਣ ਕੇ ਕਿਹਾ, ਯੂਹੰਨਾ ਜਿਸ ਦਾ ਸਿਰ ਮੈਂ ਵਢਵਾਇਆ ਸੀ ਉਹੋ ਜੀ ਉੱਠਿਆ ਹੈ।
17ਕਿਉਂਕਿ ਹੇਰੋਦੇਸ ਨੇ ਆਪਣੇ ਭਾਈ ਫ਼ਿਲਿਪੁੱਸ ਦੀ ਪਤਨੀ ਹੇਰੋਦਿਯਾਸ ਦੇ ਕਾਰਨ ਜਿਹ ਨੂੰ ਉਸ ਨੇ ਵਿਆਹ ਲਿਆ ਸੀ ਆਪੇ ਲੋਕਾਂ ਨੂੰ ਭੇਜ ਨੇ ਯੂਹੰਨਾ ਨੂੰ ਫੜਵਾਇਆ ਅਤੇ ਉਹ ਨੂੰ ਕੈਦਖ਼ਾਨੇ ਵਿੱਚ ਬੰਦ ਕੀਤਾ।
18ਇਸ ਲਈ ਜੋ ਯੂਹੰਨਾ ਨੇ ਹੇਰੋਦੇਸ ਨੂੰ ਆਖਿਆ ਸੀ ਕਿ ਆਪਣੇ ਭਰਾ ਦੀ ਪਤਨੀ ਦਾ ਰੱਖਣਾ ਤੇਰੇ ਲਈ ਠੀਕ ਨਹੀਂ।
19ਤਾਂ ਹੇਰੋਦਿਯਾਸ ਉਸ ਨਾਲ ਵੈਰ ਰੱਖਦੀ ਸੀ ਅਤੇ ਉਸ ਨੂੰ ਮਾਰ ਸੁੱਟਣਾ ਚਾਹੁੰਦੀ ਸੀ ਪਰ ਉਸਦਾ ਵੱਸ ਨਹੀਂ ਸੀ ਚੱਲਦਾ।
20ਕਿਉਂ ਜੋ ਹੇਰੋਦੇਸ ਯੂਹੰਨਾ ਨੂੰ ਧਰਮੀ ਅਤੇ ਪਵਿੱਤਰ ਪੁਰਖ ਜਾਣ ਕੇ ਉਸ ਕੋਲੋਂ ਡਰਦਾ ਅਤੇ ਉਸ ਨੂੰ ਬਚਾਈ ਰੱਖਦਾ ਸੀ ਅਤੇ ਉਹ ਦੀ ਸੁਣ ਕੇ ਬਹੁਤ ਦੁਬਧਾ ਵਿੱਚ ਪੈਂਦਾ ਜਾਂਦਾ ਪਰ ਖੁਸ਼ੀ ਨਾਲ ਉਸ ਦੀ ਸੁਣਦਾ ਸੀ।
21ਅਤੇ ਦਾਵਤ ਦਾ ਦਿਨ ਆ ਪਹੁੰਚਿਆ ਜਦੋਂ ਹੇਰੋਦੇਸ ਨੇ ਆਪਣੇ ਜਨਮ ਦਿਨ ਉੱਤੇ ਆਪਣੇ ਅਮੀਰਾਂ ਅਤੇ ਫ਼ੌਜ ਦੇ ਸਰਦਾਰਾਂ ਅਤੇ ਗਲੀਲ ਦੇ ਰਹੀਸਾਂ ਲਈ ਦਾਵਤ ਕੀਤੀ।
22ਅਤੇ ਜਦ ਹੇਰੋਦਿਯਾਸ ਦੀ ਧੀ ਆਪ ਅੰਦਰ ਆਣ ਕੇ ਨੱਚੀ ਅਤੇ ਹੇਰੋਦੇਸ ਤੇ ਉਹ ਦੇ ਨਾਲ ਬੈਠਣ ਵਾਲਿਆਂ ਨੂੰ ਖੁਸ਼ ਕੀਤਾ ਤਦ ਰਾਜਾ ਨੇ ਉਸ ਕੁੜੀ ਨੂੰ ਕਿਹਾ, ਜੋ ਤੂੰ ਚਾਹੇਂ ਸੋ ਮੇਰੇ ਕੋਲੋਂ ਮੰਗ ਤਾਂ ਮੈਂ ਤੈਨੂੰ ਦਿਆਂਗਾ।