18ਜਦ ਦਲੀਲਾਹ ਨੇ ਵੇਖਿਆ ਕਿ ਉਸ ਨੇ ਆਪਣੇ ਮਨ ਦਾ ਸਾਰਾ ਭੇਤ ਖੋਲ੍ਹ ਦਿੱਤਾ ਹੈ ਤਾਂ ਉਸ ਨੇ ਫ਼ਲਿਸਤੀਆਂ ਦੇ ਸਰਦਾਰਾਂ ਨੂੰ ਸੰਦੇਸ਼ਾ ਭੇਜਿਆ, “ਇਸ ਵਾਰੀ ਚੜ੍ਹ ਆਓ ਕਿਉਂਕਿ ਜੋ ਕੁਝ ਉਸ ਦੇ ਮਨ ਵਿੱਚ ਸੀ, ਉਹ ਸਭ ਉਸ ਨੇ ਮੇਰੇ ਅੱਗੇ ਪ੍ਰਗਟ ਕੀਤਾ ਹੈ।” ਤਦ ਫ਼ਲਿਸਤੀਆਂ ਦੇ ਸਰਦਾਰ ਆਪਣੇ ਹੱਥ ਵਿੱਚ ਧਨ ਲੈ ਕੇ ਉਸ ਦੇ ਕੋਲ ਆਏ।
19ਤਦ ਉਸ ਨੇ ਉਹ ਨੂੰ ਆਪਣੇ ਗੋਡਿਆਂ ਉੱਤੇ ਸੁਲਾ ਲਿਆ ਅਤੇ ਇੱਕ ਮਨੁੱਖ ਨੂੰ ਸੱਦ ਕੇ ਉਸ ਦੇ ਸਿਰ ਦੀਆਂ ਸੱਤੇ ਲਟਾਂ ਮੁਨਾ ਸੁੱਟੀਆਂ। ਫਿਰ ਉਹ ਉਸ ਨੂੰ ਛੇੜਨ ਲੱਗੀ ਅਤੇ ਉਸ ਦਾ ਜ਼ੋਰ ਉਸ ਕੋਲੋਂ ਜਾਂਦਾ ਰਿਹਾ।
20ਤਾਂ ਉਸਨੇ ਕਿਹਾ, “ਹੇ ਸਮਸੂਨ, ਫ਼ਲਿਸਤੀ ਤੇਰੇ ਉੱਤੇ ਚੜ੍ਹ ਆਏ ਹਨ!” ਉਹ ਨੀਂਦ ਤੋਂ ਜਾਗਿਆ ਅਤੇ ਸੋਚਣ ਲੱਗਾ, “ਮੈਂ ਪਹਿਲਾਂ ਵਾਂਗੂੰ ਬਾਹਰ ਨਿੱਕਲ ਕੇ ਆਪਣੇ ਆਪ ਨੂੰ ਹਿਲਾ ਕੇ ਖੋਲ੍ਹ ਲਵਾਂਗਾ।” ਪਰ ਉਹ ਨਹੀਂ ਜਾਣਦਾ ਸੀ ਕਿ ਯਹੋਵਾਹ ਉਸ ਤੋਂ ਅਲੱਗ ਹੋ ਗਿਆ ਹੈ।
21ਤਦ ਫ਼ਲਿਸਤੀਆਂ ਨੇ ਉਸ ਨੂੰ ਫੜਿਆ ਅਤੇ ਉਸ ਦੀਆਂ ਅੱਖਾਂ ਕੱਢ ਦਿੱਤੀਆਂ, ਅਤੇ ਉਸ ਨੂੰ ਅੱਜ਼ਾਹ ਵਿੱਚ ਲੈ ਗਏ ਅਤੇ ਪਿੱਤਲ ਦੀਆਂ ਬੇੜੀਆਂ ਨਾਲ ਉਸ ਨੂੰ ਬੰਨ੍ਹ ਦਿੱਤਾ ਅਤੇ ਉਹ ਕੈਦਖ਼ਾਨੇ ਵਿੱਚ ਚੱਕੀ ਪੀਸਦਾ ਹੁੰਦਾ ਸੀ।