55ਉਸ ਨੇ ਕੌਮਾਂ ਨੂੰ ਉਨ੍ਹਾਂ ਦੇ ਅੱਗੋਂ ਕੱਢ ਦਿੱਤਾ, ਅਤੇ ਜਰੀਬ ਨਾਲ ਮਿਣ ਕੇ ਉਨ੍ਹਾਂ ਨੂੰ ਮਿਲਖ਼ ਦਿੱਤੀ, ਅਤੇ ਇਸਰਾਏਲ ਦੀਆਂ ਗੋਤਾਂ ਨੂੰ ਉਨ੍ਹਾਂ ਦੇ ਤੰਬੂਆਂ ਵਿੱਚ ਵਸਾਇਆ।
56ਤਾਂ ਵੀ ਉਨ੍ਹਾਂ ਨੇ ਅੱਤ ਮਹਾਨ ਪਰਮੇਸ਼ੁਰ ਨੂੰ ਪਰਤਾਇਆ ਅਤੇ ਉਸ ਤੋਂ ਆਕੀ ਹੋ ਗਏ, ਅਤੇ ਉਸ ਦੀਆਂ ਸਾਖੀਆਂ ਦੀ ਪਾਲਣਾ ਨਾ ਕੀਤੀ।
57ਸਗੋਂ ਓਹ ਫਿਰ ਗਏ ਅਤੇ ਆਪਣੇ ਪੁਰਖਿਆਂ ਵਾਂਗੂੰ ਛਲੀਏ ਹੋ ਗਏ, ਓਹ ਵਿੰਗੇ ਧਣੁੱਖ ਵਾਂਗੂੰ ਕੁੱਬੇ ਹੋ ਗਏ ਸਨ।
58ਆਪਣਿਆਂ ਉੱਚਿਆਂ ਥਾਵਾਂ ਦੇ ਕਾਰਨ ਉਸ ਦੇ ਗੁੱਸੇ ਨੂੰ ਛੇੜਿਆ, ਅਤੇ ਆਪਣੀਆਂ ਉੱਕਰੀਆਂ ਹੋਈਆਂ ਮੂਰਤਾਂ ਦੇ ਕਾਰਨ ਉਸ ਦੀ ਅਣਖ ਨੂੰ ਹਿਲਾਇਆ।
59ਪਰਮੇਸ਼ੁਰ ਨੇ ਸੁਣਿਆ, ਤਾਂ ਬਹੁਤ ਤੱਪਿਆ, ਅਤੇ ਇਸਰਾਏਲ ਤੋਂ ਬਹੁਤ ਘਿਣ ਖਾਧੀ।
60ਉਸ ਨੇ ਸ਼ੀਲੋਹ ਦੇ ਡੇਰੇ ਨੂੰ ਅਤੇ ਉਸ ਤੰਬੂ ਨੂੰ ਜਿਹੜਾ ਉਸ ਨੇ ਆਦਮੀਆਂ ਵਿੱਚ ਖੜ੍ਹਾ ਕੀਤਾ ਸੀ ਛੱਡ ਦਿੱਤਾ।
61ਉਸ ਨੇ ਉਹ ਦਾ ਬਲ ਗ਼ੁਲਾਮੀ ਵਿੱਚ ਅਤੇ ਉਹ ਦਾ ਤੇਜ ਵਿਰੋਧੀ ਦੇ ਹੱਥ ਵਿੱਚ ਦੇ ਦਿੱਤਾ।
62ਉਸ ਨੇ ਆਪਣੀ ਪਰਜਾ ਨੂੰ ਤਲਵਾਰ ਦੇ ਵੱਸ ਪਾਇਆ, ਅਤੇ ਆਪਣੀ ਮਿਲਖ਼ ਨਾਲ ਅੱਤ ਕ੍ਰੋਧਵਾਨ ਹੋਇਆ।
63ਉਨ੍ਹਾਂ ਦੇ ਗੱਭਰੂਆਂ ਨੂੰ ਅੱਗ ਨੇ ਭਸਮ ਕਰ ਸੁੱਟਿਆ, ਅਤੇ ਉਨ੍ਹਾਂ ਦੀਆਂ ਕੁਆਰੀਆਂ ਦੇ ਸੁਹਾਗ ਨਾ ਗਾਏ ਗਏ।
64ਉਨ੍ਹਾਂ ਦੇ ਜਾਜਕ ਤਲਵਾਰ ਨਾਲ ਡਿੱਗੇ, ਪਰ ਉਨ੍ਹਾਂ ਦੀਆਂ ਵਿਧਵਾਂ ਨੇ ਵਿਰਲਾਪ ਨਾ ਕੀਤਾ।
65ਤਾਂ ਪ੍ਰਭੂ ਸੁੱਤੇ ਹੋਏ ਵਾਂਗੂੰ ਜਾਗ ਉੱਠਿਆ, ਉਸ ਸੂਰਮੇ ਵਾਂਗੂੰ ਜਿਹੜਾ ਨਸ਼ੇ ਵਿੱਚ ਲਲਕਾਰੇ ਮਾਰਦਾ ਹੈ।
66ਉਸ ਨੇ ਆਪਣੇ ਵਿਰੋਧੀਆਂ ਨੂੰ ਮਾਰ ਕੇ ਪਿਛਾਂਹ ਹਟਾ ਦਿੱਤਾ, ਉਸ ਨੇ ਉਨ੍ਹਾਂ ਨੂੰ ਸਦਾ ਲਈ ਨਿੰਦਿਆ ਦਾ ਥਾਂ ਬਣਾਇਆ।
67ਨਾਲੇ ਉਸ ਨੇ ਯੂਸੁਫ਼ ਦੇ ਵੰਸ਼ ਨੂੰ ਤਿਆਗ ਦਿੱਤਾ, ਅਤੇ ਇਫ਼ਰਾਈਮ ਦੇ ਗੋਤ ਵਿੱਚੋਂ ਨਾ ਚੁਣਿਆ।
68ਪਰ ਉਸ ਨੇ ਯਹੂਦਾਹ ਦੇ ਗੋਤ ਨੂੰ ਚੁਣਿਆ, ਅਰਥਾਤ ਸੀਯੋਨ ਦੇ ਪਰਬਤ ਨੂੰ ਜਿਹੜਾ ਉਸ ਨੂੰ ਪਿਆਰਾ ਸੀ,
69ਅਤੇ ਉਸ ਨੇ ਉੱਚਿਆਈਆਂ ਦੀ ਨਿਆਈਂ ਆਪਣਾ ਪਵਿੱਤਰ ਸਥਾਨ ਉਸਾਰਿਆ, ਅਤੇ ਧਰਤੀ ਦੀ ਨਿਆਈਂ ਜਿਹ ਨੂੰ ਉਸ ਨੇ ਸਦਾ ਲਈ ਅਟੱਲ ਰੱਖਿਆ ਹੈ।
70ਉਸ ਨੇ ਆਪਣੇ ਦਾਸ ਦਾਊਦ ਨੂੰ ਵੀ ਚੁਣਿਆ, ਅਤੇ ਭੇਡਾਂ ਦੇ ਵਾੜਿਆਂ ਵਿੱਚੋਂ ਉਹ ਨੂੰ ਲੈ ਲਿਆ।
71ਉਹ ਉਸ ਨੂੰ ਬੱਚਿਆਂ ਵਾਲੀਆਂ ਭੇਡਾਂ ਦੇ ਪਿੱਛੇ ਚੱਲਣ ਤੋਂ ਹਟਾ ਲਿਆਇਆ। ਕਿ ਉਸ ਦੀ ਪਰਜਾ ਯਾਕੂਬ ਨੂੰ ਅਤੇ ਉਸ ਦੀ ਮਿਲਖ਼ ਇਸਰਾਏਲ ਨੂੰ ਚਰਾਵੇ।