10ਜੰਮਦਿਆਂ ਸਾਰ ਮੈਂ ਤੇਰੇ ਹੀ ਉੱਤੇ ਭਰੋਸਾ ਰੱਖਿਆ, ਮਾਤਾ ਦੀ ਕੁੱਖ ਤੋਂ ਹੀ ਤੂੰ ਮੇਰਾ ਪਰਮੇਸ਼ੁਰ ਹੈਂ।
11ਮੈਥੋਂ ਦੂਰ ਨਾ ਰਹਿ ਕਿਉਂ ਜੋ ਬਿਪਤਾ ਨੇੜੇ ਆ ਗਈ ਹੈ, ਅਤੇ ਕੋਈ ਸਹਾਇਕ ਨਹੀਂ।
12ਬਹੁਤੇ ਬਲ਼ਦਾਂ ਨੇ ਮੈਨੂੰ ਘੇਰ ਲਿਆ ਹੈ, ਬਾਸ਼ਾਨ ਦੇਸ਼ ਦੇ ਬਲਵੰਤ ਬਲ਼ਦਾਂ ਨੇ ਮੈਨੂੰ ਘੇਰਾ ਪਾ ਲਿਆ ਹੈ,
13ਓਹ ਪਾੜਨ ਅਤੇ ਗੱਜਣ ਵਾਲੇ ਬੱਬਰ ਸ਼ੇਰ ਵਾਂਗੂੰ ਮੇਰੇ ਉੱਤੇ ਮੂੰਹ ਅੱਡਦੇ ਹਨ।
14ਮੈਂ ਪਾਣੀ ਵਾਂਗੂੰ ਡੋਲ੍ਹਿਆ ਗਿਆ ਹਾਂ, ਮੇਰੀਆਂ ਸਾਰੀਆਂ ਹੱਡੀਆਂ ਉੱਖੜ ਗਈਆਂ ਹਨ, ਮੇਰਾ ਦਿਲ ਮੋਮ ਵਰਗਾ ਹੈ, ਉਹ ਮੇਰੇ ਅੰਦਰ ਪਿਘਲ ਗਿਆ ਹੈ।
15ਮੇਰਾ ਗਲ਼ਾ ਠੀਕਰੇ ਵਾਂਗੂੰ ਸੁੱਕ ਗਿਆ, ਅਤੇ ਮੇਰੀ ਜੀਭ ਤਾਲੂ ਨਾਲ ਲੱਗਦੀ ਜਾਂਦੀ ਹੈ, ਅਤੇ ਤੂੰ ਮੈਨੂੰ ਮੌਤ ਦੀ ਧੂੜ ਵਿੱਚ ਰੱਖ ਛੱਡਿਆ।
16ਕਿਉਂ ਜੋ ਕੁੱਤਿਆਂ ਨੇ ਮੈਨੂੰ ਘੇਰ ਲਿਆ ਹੈ, ਕੁਕਰਮੀਆਂ ਦੀ ਟੋਲੀ ਨੇ ਮੈਨੂੰ ਘੇਰਾ ਪਾ ਲਿਆ ਹੈ, ਉਨ੍ਹਾਂ ਨੇ ਮੇਰੇ ਹੱਥ-ਪੈਰ ਵਿੰਨ੍ਹ ਸੁੱਟੇ ਹਨ।
17ਮੈਂ ਆਪਣੀਆਂ ਸਾਰੀਆਂ ਹੱਡੀਆਂ ਗਿਣ ਸਕਦਾ ਹਾਂ, ਓਹ ਮੈਨੂੰ ਘੂਰ-ਘੂਰ ਕੇ ਵੇਖਦੇ ਹਨ।
18ਓਹ ਮੇਰੇ ਕੱਪੜੇ ਆਪਸ ਵਿੱਚ ਵੰਡ ਲੈਂਦੇ ਹਨ, ਅਤੇ ਮੇਰੇ ਲਿਬਾਸ ਉੱਤੇ ਪਰਚੀਆਂ ਸੁੱਟਦੇ ਹਨ।
19ਪਰ ਤੂੰ ਯਹੋਵਾਹ ਦੂਰ ਨਾ ਰਹਿ, ਹੇ ਮੇਰੇ ਬਲ, ਮੇਰੀ ਸਹਾਇਤਾ ਲਈ ਛੇਤੀ ਕਰ,
20ਮੇਰੀ ਜਾਨ ਨੂੰ ਤਲਵਾਰ ਤੋਂ, ਅਤੇ ਮੇਰੇ ਜੀਵ ਨੂੰ ਕੁੱਤੇ ਦੇ ਵੱਸ ਤੋਂ ਛੁਡਾ।