1ਤਦ ਇਸਰਾਏਲੀਆਂ ਨੇ ਕੂਚ ਕਰ ਕੇ ਮੋਆਬ ਦੇ ਮੈਦਾਨ ਵਿੱਚ, ਯਰਦਨ ਦੇ ਪਾਰ ਯਰੀਹੋ ਦੇ ਕੋਲ ਡੇਰੇ ਲਾਏ।
2ਸਿੱਪੋਰ ਦੇ ਪੁੱਤਰ ਬਾਲਾਕ ਨੇ ਸਭ ਕੁਝ ਵੇਖਿਆ ਜੋ ਇਸਰਾਏਲੀਆਂ ਨੇ ਅਮੋਰੀਆਂ ਨਾਲ ਕੀਤਾ ਸੀ।
3ਇਸ ਲਈ ਮੋਆਬ ਉਸ ਪਰਜਾ ਤੋਂ ਬਹੁਤ ਡਰਿਆ ਕਿਉਂ ਜੋ ਉਹ ਗਿਣਤੀ ਵਿੱਚ ਵੱਧ ਸਨ, ਸੋ ਮੋਆਬ ਇਸਰਾਏਲੀਆਂ ਦੇ ਕਾਰਨ ਬਹੁਤ ਘਬਰਾਇਆ।
4ਤਦ ਮੋਆਬ ਨੇ ਮਿਦਯਾਨ ਦੇ ਬਜ਼ੁਰਗਾਂ ਨੂੰ ਆਖਿਆ ਕੀ ਹੁਣ ਇਹ ਦਲ ਸਾਡੇ ਆਲੇ-ਦੁਆਲੇ ਦਾ ਸਭ ਕੁਝ ਖ਼ਤਮ ਕਰ ਜਾਵੇਗਾ ਜਿਵੇਂ ਬਲ਼ਦ ਖੇਤ ਦਾ ਘਾਹ ਖ਼ਤਮ ਕਰ ਦਿੰਦਾ ਹੈ। ਸਿੱਪੋਰ ਦਾ ਪੁੱਤਰ ਬਾਲਾਕ ਉਸ ਸਮੇਂ ਮੋਆਬ ਦਾ ਰਾਜਾ ਸੀ।
5ਫੇਰ ਉਸ ਨੇ ਪਥੋਰ ਨਗਰ ਨੂੰ, ਜਿਹੜਾ ਵੱਡੇ ਦਰਿਆ ਉੱਤੇ ਹੈ ਆਪਣੀ ਉੱਮਤ ਦੇ ਅੰਸ ਦੇ ਦੇਸ ਵਿੱਚ ਬਓਰ ਦੇ ਪੁੱਤਰ ਬਿਲਆਮ ਕੋਲ, ਸੰਦੇਸ਼ਵਾਹਕ ਘੱਲੇ ਕਿ ਉਹ ਉਸ ਨੂੰ ਇਹ ਆਖ ਕੇ ਸੱਦੇ ਕਿ ਵੇਖੋ, ਇੱਕ ਦਲ ਮਿਸਰ ਤੋਂ ਨਿੱਕਲਿਆ ਹੈ ਅਤੇ ਵੇਖੋ, ਉਹਨਾਂ ਨੇ ਧਰਤੀ ਨੂੰ ਆਪਣੀ ਵੱਸੋਂ ਨਾਲ ਭਰ ਲਿਆ ਹੈ ਅਤੇ ਉਹ ਹੁਣ ਮੇਰੇ ਸਾਹਮਣੇ ਆ ਵੱਸੇ ਹਨ।
6ਹੁਣ ਤੂੰ ਆ ਕੇ ਇਸ ਦਲ ਨੂੰ ਮੇਰੇ ਲਈ ਸਰਾਪ ਦੇਵੀਂ ਕਿਉਂ ਜੋ ਉਹ ਮੇਰੇ ਨਾਲੋਂ ਅੱਤ ਬਲਵੰਤ ਹਨ। ਸ਼ਾਇਦ ਮੈਂ ਫਤਹ ਪਾਵਾਂ ਅਤੇ ਅਸੀਂ ਉਨ੍ਹਾਂ ਨੂੰ ਅਜਿਹਾ ਮਾਰੀਏ ਕਿ ਉਨ੍ਹਾਂ ਨੂੰ ਆਪਣੇ ਦੇਸ ਤੋਂ ਕੱਢ ਦੇਈਏ ਕਿਉਂ ਜੋ ਮੈਂ ਜਾਣਦਾ ਹਾਂ ਕਿ ਜਿਸ ਨੂੰ ਤੂੰ ਬਰਕਤ ਦੇਵੇਂ ਉਹ ਮੁਬਾਰਕ ਹੈ, ਅਤੇ ਜਿਸ ਨੂੰ ਤੂੰ ਸਰਾਪ ਦੇਵੇਂ ਉਹ ਸਰਾਪੀ ਹੈ।
7ਤਦ ਮੋਆਬ ਦੇ ਅਤੇ ਮਿਦਯਾਨ ਦੇ ਬਜ਼ੁਰਗ ਚੱਲ ਪਏ ਅਤੇ ਉਨ੍ਹਾਂ ਦੇ ਹੱਥਾਂ ਵਿੱਚ ਅਗੰਮ ਨੂੰ ਜਾਣਨ ਲਈ ਇਨਾਮ ਸਨ ਅਤੇ ਉਹ ਬਿਲਆਮ ਕੋਲ ਆ ਕੇ ਉਸ ਨੂੰ ਬਾਲਾਕ ਦੀਆਂ ਗੱਲਾਂ ਬਾਰੇ ਦੱਸਿਆ।
8ਉਸ ਨੇ ਉਨ੍ਹਾਂ ਨੂੰ ਆਖਿਆ, ਤੁਸੀਂ ਅੱਜ ਦੀ ਰਾਤ ਇੱਥੇ ਠਹਿਰੋ ਅਤੇ ਜਿਵੇਂ ਯਹੋਵਾਹ ਮੈਨੂੰ ਬੋਲੇ ਮੈਂ ਤੁਹਾਡੇ ਕੋਲ ਮੁੜ ਖ਼ਬਰ ਲਿਆਵਾਂਗਾ। ਉਪਰੰਤ ਮੋਆਬ ਦੇ ਪ੍ਰਧਾਨ ਬਿਲਆਮ ਨਾਲ ਠਹਿਰੇ।