1ਹੇ ਮੇਰੇ ਪੁੱਤਰ, ਜੇ ਤੂੰ ਆਪਣੇ ਗੁਆਂਢੀ ਦਾ ਜ਼ਮਾਨਤੀ ਹੋਇਆ ਜਾਂ ਕਿਸੇ ਪਰਾਏ ਦੇ ਲਈ ਹੱਥ ਉੱਤੇ ਹੱਥ ਮਾਰ ਕੇ ਜ਼ਿੰਮੇਵਾਰੀ ਲਈ ਹੋਵੇ,
2ਤਾਂ ਤੂੰ ਆਪਣੇ ਹੀ ਮੂੰਹ ਦੇ ਬਚਨਾਂ ਨਾਲ ਫਸ ਗਿਆ, ਤੂੰ ਆਪਣੇ ਹੀ ਮੂੰਹ ਦੇ ਬਚਨਾਂ ਨਾਲ ਫੜ੍ਹਿਆ ਗਿਆ।
3ਸੋ ਹੇ ਮੇਰੇ ਪੁੱਤਰ, ਜਦੋਂ ਤੂੰ ਆਪਣੇ ਗੁਆਂਢੀ ਦੇ ਹੱਥ ਪੈ ਗਿਆ, ਹੁਣ ਅਜਿਹਾ ਕਰ ਤਾਂ ਤੂੰ ਛੁਟੇਂਗਾ, ਜਾ, ਨੀਵਾਂ ਹੋ ਕੇ ਆਪਣੇ ਗੁਆਂਢੀ ਨੂੰ ਮਨਾ ਲੈ।
4ਨਾ ਆਪਣੀਆਂ ਅੱਖਾਂ ਵਿੱਚ ਨੀਂਦ ਆਉਣ ਦੇ, ਨਾ ਆਪਣੀਆਂ ਪਲਕਾਂ ਨੂੰ ਝਪਕਣ ਦੇ।
5ਜਿਵੇਂ ਸ਼ਿਕਾਰੀ ਦੇ ਹੱਥੋਂ ਹਿਰਨੀ ਅਤੇ ਚਿੜ੍ਹੀਮਾਰ ਦੇ ਹੱਥੋਂ ਚਿੜ੍ਹੀ, ਉਸੇ ਤਰ੍ਹਾਂ ਹੀ ਆਪਣੇ ਆਪ ਨੂੰ ਛੁਡਾ ਲੈ।
6ਹੇ ਆਲਸੀ, ਤੂੰ ਕੀੜੀ ਕੋਲ ਜਾ, ਉਹ ਦੇ ਰਾਹਾਂ ਨੂੰ ਵੇਖ ਅਤੇ ਬੁੱਧਵਾਨ ਬਣ,
7ਜਿਸ ਦਾ ਨਾ ਕੋਈ ਆਗੂ, ਨਾ ਪ੍ਰਧਾਨ, ਨਾ ਹਾਕਮ ਹੈ,
8ਉਹ ਆਪਣਾ ਭੋਜਨ ਗਰਮੀਆਂ ਵਿੱਚ ਜੋੜਦੀ ਅਤੇ ਵਾਢੀ ਦੇ ਵੇਲੇ ਆਪਣੀਆਂ ਖਾਣ ਵਾਲੀਆਂ ਵਸਤਾਂ ਇਕੱਠੀਆਂ ਕਰਦੀ ਹੈ।
9ਹੇ ਆਲਸੀ, ਤੂੰ ਕਦੋਂ ਤੱਕ ਪਿਆ ਰਹੇਂਗਾ? ਤੂੰ ਕਦੋਂ ਆਪਣੀ ਨੀਂਦ ਤੋਂ ਉੱਠੇਂਗਾ?
10ਰੱਤੀ ਕੁ ਨੀਂਦ, ਰੱਤੀ ਕੁ ਊਂਘ, ਰੱਤੀ ਕੁ ਹੱਥ ਇਕੱਠੇ ਕਰਕੇ ਲੰਮਾ ਪੈਣਾ,
11ਇਸੇ ਤਰ੍ਹਾਂ ਗਰੀਬੀ ਡਾਕੂ ਵਾਂਗੂੰ, ਅਤੇ ਤੰਗੀ ਸ਼ਸਤਰਧਾਰੀ ਵਾਂਗੂੰ ਤੇਰੇ ਉੱਤੇ ਆ ਪਵੇਗੀ!
12ਨਿਕੰਮਾ ਆਦਮੀ ਅਤੇ ਬੁਰਾ ਮਨੁੱਖ, ਪੁੱਠੀਆਂ ਗੱਲਾਂ ਬਕਦਾ ਹੈ।