1ਜਿਵੇਂ ਗਰਮੀ ਵਿੱਚ ਬਰਫ਼ ਅਤੇ ਵਾਢੀ ਵਿੱਚ ਵਰਖਾ, ਤਿਵੇਂ ਮੂਰਖ ਨੂੰ ਆਦਰ ਸੂਤ ਨਹੀਂ।
2ਜਿਵੇਂ ਚਿੜ੍ਹੀ ਭਟਕਦੀ ਅਤੇ ਬਾਲ ਕਟਾਰਾ ਉੱਡਦਾ ਫਿਰਦਾ ਹੈ, ਓਵੇਂ ਹੀ ਮੱਲੋ-ਮੱਲੀ ਦਾ ਸਰਾਪ ਨਹੀਂ ਪੈਂਦਾ।
3ਘੋੜੇ ਦੇ ਲਈ ਚਾਬੁਕ, ਗਧੇ ਦੇ ਲਈ ਲਗਾਮ, ਅਤੇ ਮੂਰਖ ਦੀ ਪਿੱਠ ਲਈ ਸੋਟੀ ਹੁੰਦੀ ਹੈ।
4ਮੂਰਖ ਨੂੰ ਉਹ ਦੀ ਮੂਰਖਤਾਈ ਦੇ ਅਨੁਸਾਰ ਉੱਤਰ ਨਾ ਦੇ, ਕਿਤੇ ਤੂੰ ਵੀ ਉਹ ਦੇ ਵਰਗਾ ਨਾ ਹੋ ਜਾਵੇਂ।
5ਮੂਰਖ ਨੂੰ ਉਹ ਦੀ ਮੂਰਖਤਾਈ ਦੇ ਅਨੁਸਾਰ ਉੱਤਰ ਦੇ, ਕਿਤੇ ਉਹ ਆਪਣੇ ਲੇਖੇ ਵਿੱਚ ਬੁੱਧਵਾਨ ਨਾ ਬਣ ਬੈਠੇ।
6ਜਿਹੜਾ ਮੂਰਖ ਦੇ ਹੱਥ ਸੁਨੇਹਾ ਘੱਲਦਾ ਹੈ, ਉਹ ਆਪਣੇ ਪੈਰ ਤੇ ਕੁਹਾੜੀ ਮਾਰਦਾ ਅਤੇ ਜ਼ਹਿਰ ਪੀਂਦਾ ਹੈ।
7ਜਿਵੇਂ ਲੰਗੜੇ ਦੀਆਂ ਲਮਕਦੀਆਂ ਲੱਤਾਂ ਨਿਕੰਮੀਆਂ ਹਨ, ਓਵੇਂ ਮੂਰਖਾਂ ਦੇ ਮੂੰਹ ਵਿੱਚ ਕਹਾਉਤਾਂ ਹਨ।
8ਜਿਵੇਂ ਪੱਥਰਾਂ ਦੇ ਢੇਰ ਵਿੱਚ ਰਤਨਾਂ ਨੂੰ ਰੱਖਣਾ ਹੈ, ਓਵੇਂ ਮੂਰਖ ਨੂੰ ਆਦਰ ਦੇਣਾ ਹੈ,
9ਜਿਵੇਂ ਸ਼ਰਾਬੀ ਦੇ ਹੱਥ ਵਿੱਚ ਕੰਡਾ ਚੁੱਭਦਾ ਹੈ, ਤਿਵੇਂ ਮੂਰਖਾਂ ਦੇ ਮੂੰਹ ਵਿੱਚ ਦ੍ਰਿਸ਼ਟਾਂਤ ਹੈ।
10ਜਿਵੇਂ ਤੀਰ-ਅੰਦਾਜ਼ ਸਭਨਾਂ ਨੂੰ ਫੱਟੜ ਕਰਦਾ ਹੈ, ਤਿਵੇਂ ਉਹ ਹੈ ਜੋ ਮੂਰਖ ਅਤੇ ਲੰਘਣ ਵਾਲੇ ਨੂੰ ਮਜ਼ਦੂਰੀ ਤੇ ਲਾਉਂਦਾ ਹੈ।
11ਜਿਵੇਂ ਕੁੱਤਾ ਆਪਣੀ ਉਲਟੀ ਨੂੰ ਚੱਟ ਲੈਂਦਾ ਹੈ, ਓਵੇਂ ਮੂਰਖ ਆਪਣੀ ਮੂਰਖਤਾਈ ਨੂੰ ਦੁਹਰਾਉਂਦਾ ਹੈ।
12ਕੀ ਤੂੰ ਉਸ ਮਨੁੱਖ ਨੂੰ ਵੇਖਦਾ ਹੈਂ ਜੋ ਆਪਣੀ ਨਿਗਾਹ ਵਿੱਚ ਬੁੱਧਵਾਨ ਹੈ? ਉਹ ਦੇ ਨਾਲੋਂ ਮੂਰਖ ਲਈ ਵਧੇਰੀ ਆਸ ਹੈ!
13ਆਲਸੀ ਆਖਦਾ ਹੈ, ਰਾਹ ਵਿੱਚ ਤਾਂ ਸ਼ੇਰ ਹੈ, ਗਲੀਆਂ ਵਿੱਚ ਬੱਬਰ ਸ਼ੇਰ ਹੈ!
14ਜਿਵੇਂ ਦਰਵਾਜ਼ਾ ਕਬਜ਼ੇ ਉੱਤੇ ਘੁੰਮਦਾ ਹੈ, ਓਵੇਂ ਆਲਸੀ ਆਪਣੇ ਮੰਜੇ ਉੱਤੇ।
15ਆਲਸੀ ਆਪਣਾ ਹੱਥ ਥਾਲੀ ਵਿੱਚ ਪਾਉਂਦਾ ਹੈ, ਪਰ ਉਸ ਨੂੰ ਫੇਰ ਮੂੰਹ ਤੱਕ ਲਿਆਉਣ ਨਾਲ ਉਹ ਥੱਕ ਜਾਂਦਾ ਹੈ।
16ਆਲਸੀ ਆਪਣੀ ਆਪ ਨੂੰ ਉਹਨਾਂ ਸੱਤਾਂ ਜਣਿਆਂ ਨਾਲੋਂ ਵੀ ਜੋ ਠੀਕ ਉੱਤਰ ਦੇਣ ਜੋਗ ਹਨ, ਬੁੱਧਵਾਨ ਸਮਝਦਾ ਹੈ।
17ਜਿਹੜਾ ਰਾਹ ਤੁਰਦਿਆਂ ਪਰਾਏ ਝਗੜੇ ਵਿੱਚ ਪੈਰ ਅੜਾਉਂਦਾ ਹੈ, ਉਹ ਉਸ ਵਰਗਾ ਹੈ ਜੋ ਕੁੱਤੇ ਨੂੰ ਕੰਨੋਂ ਫੜੇ।