1ਨਰਮ ਉੱਤਰ ਗੁੱਸੇ ਨੂੰ ਠੰਡਾ ਕਰ ਦਿੰਦਾ ਹੈ, ਪਰ ਕਠੋਰ ਬਚਨ ਕ੍ਰੋਧ ਨੂੰ ਭੜਕਾਉਂਦਾ ਹੈ।
2ਬੁੱਧਵਾਨ ਦੀ ਜੀਭ ਗਿਆਨ ਦਾ ਸਹੀ ਇਸਤੇਮਾਲ ਕਰਦੀ ਹੈ, ਪਰ ਮੂਰਖਾਂ ਦੇ ਮੂੰਹੋਂ ਬਸ ਮੂਰਖਤਾਈ ਨਿੱਕਲਦੀ ਹੈ।
3ਯਹੋਵਾਹ ਦੀਆਂ ਅੱਖਾਂ ਸਾਰੇ ਸਥਾਨਾਂ ਉੱਤੇ ਲੱਗੀਆਂ ਰਹਿੰਦੀਆਂ ਹਨ, ਅਤੇ ਬੁਰੇ ਭਲੇ ਦੋਹਾਂ ਨੂੰ ਤੱਕਦੀਆਂ ਹਨ।
4ਮੇਲ ਮਿਲਾਪ ਦੀ ਗੱਲਬਾਤ ਜੀਵਨ ਦਾ ਰੁੱਖ ਹੈ, ਪਰ ਪੁੱਠੀਆਂ ਗੱਲਾਂ ਆਤਮਾ ਨੂੰ ਤੋੜਦੀਆਂ ਹਨ।
5ਮੂਰਖ ਆਪਣੇ ਪਿਉ ਦੀ ਸਿੱਖਿਆ ਨੂੰ ਤੁੱਛ ਜਾਣਦਾ ਹੈ, ਪਰ ਜਿਹੜਾ ਤਾੜਨਾ ਨੂੰ ਮੰਨਦਾ ਹੈ ਉਹ ਸਿਆਣਾ ਹੈ।
6ਧਰਮੀ ਦੇ ਘਰ ਵਿੱਚ ਵੱਡਾ ਧਨ ਹੈ, ਪਰ ਦੁਸ਼ਟ ਦੀ ਕਮਾਈ ਨਾਲ ਕਸ਼ਟ ਹੁੰਦਾ ਹੈ।
7ਬੁੱਧਵਾਨ ਲੋਕ ਗਿਆਨ ਨੂੰ ਫੈਲਾਉਂਦੇ ਹਨ, ਪਰ ਮੂਰਖਾਂ ਦਾ ਮਨ ਇਸ ਤਰ੍ਹਾਂ ਨਹੀਂ ਕਰਦਾ।
8ਦੁਸ਼ਟ ਦੀ ਭੇਟ ਤੋਂ ਯਹੋਵਾਹ ਘਿਣ ਕਰਦਾ ਹੈ, ਪਰ ਸਚਿਆਰਾਂ ਦੀ ਪ੍ਰਾਰਥਨਾ ਤੋਂ ਉਹ ਅਨੰਦ ਹੁੰਦਾ ਹੈ।
9ਦੁਸ਼ਟ ਦੀ ਚਾਲ ਤੋਂ ਯਹੋਵਾਹ ਘਿਣ ਕਰਦਾ ਹੈ, ਪਰ ਧਰਮ ਦਾ ਪਿੱਛਾ ਕਰਨ ਵਾਲੇ ਨਾਲ ਉਹ ਪ੍ਰੇਮ ਰੱਖਦਾ ਹੈ।
10ਜਿਹੜਾ ਰਾਹ ਨੂੰ ਤਿਆਗ ਦਿੰਦਾ ਹੈ ਉਹ ਨੂੰ ਸਖ਼ਤ ਤਾੜਨਾ ਮਿਲਦੀ ਹੈ, ਅਤੇ ਝਿੜਕ ਨੂੰ ਬੁਰਾ ਜਾਣਨ ਵਾਲਾ ਮਰੇਗਾ।
11ਪਤਾਲ ਅਤੇ ਵਿਨਾਸ਼ ਲੋਕ ਵੀ ਯਹੋਵਾਹ ਦੇ ਅੱਗੇ ਖੁੱਲ੍ਹੇ ਪਏ ਹਨ, ਤਾਂ ਭਲਾ, ਆਦਮ ਵੰਸ਼ੀਆਂ ਦੇ ਮਨ ਕਿਵੇਂ ਖੁੱਲ੍ਹੇ ਨਾ ਹੋਣਗੇ?
12ਠੱਠਾ ਕਰਨ ਵਾਲਾ ਤਾੜਨਾ ਨੂੰ ਪਸੰਦ ਨਹੀਂ ਕਰਦਾ, ਤੇ ਨਾ ਉਹ ਬੁੱਧਵਾਨਾਂ ਦੇ ਕੋਲ ਜਾਂਦਾ ਹੈ।
13ਮਨ ਅਨੰਦ ਹੋਵੇ ਤਾਂ ਮੁਖ ਉੱਤੇ ਵੀ ਖੁਸ਼ੀ ਹੁੰਦੀ ਹੈ, ਪਰ ਮਨ ਦੇ ਸੋਗ ਨਾਲ ਆਤਮਾ ਨਿਰਾਸ਼ ਹੁੰਦਾ ਹੈ।
14ਸਮਝ ਵਾਲੇ ਦਾ ਮਨ ਗਿਆਨ ਦੀ ਖੋਜ ਕਰਦਾ ਹੈ, ਪਰ ਮੂਰਖ ਲੋਕ ਮੂਰਖਤਾ ਦੇ ਨਾਲ ਪੇਟ ਭਰਦੇ ਹਨ।
15ਦੁੱਖੀ ਦੇ ਸਾਰੇ ਦਿਨ ਬੁਰੇ ਹੁੰਦੇ ਹਨ, ਪਰ ਚੰਗੇ ਮਨ ਵਾਲਾ ਸਦਾ ਦਾਵਤਾਂ ਤੇ ਜਾਣ ਵਾਲੇ ਵਰਗਾ ਹੁੰਦਾ ਹੈ।