1ਉਹ ਗਿਆਨ ਨਾਲ ਪ੍ਰੀਤ ਰੱਖਦਾ ਹੈ, ਪਰ ਜੋ ਤਾੜਨਾ ਨੂੰ ਬੁਰਾ ਜਾਣਦਾ ਹੈ ਉਹ ਪਸ਼ੂ ਵਰਗਾ ਹੈ।
2ਭਲੇ ਮਨੁੱਖ ਤੋਂ ਯਹੋਵਾਹ ਪਰਸੰਨ ਹੁੰਦਾ ਹੈ, ਪਰ ਬੁਰੀਆਂ ਜੁਗਤਾਂ ਬਣਾਉਣ ਵਾਲੇ ਨੂੰ ਉਹ ਦੋਸ਼ੀ ਠਹਿਰਾਉਂਦਾ ਹੈ।
3ਦੁਸ਼ਟਤਾ ਨਾਲ ਕੋਈ ਮਨੁੱਖ ਸਥਿਰ ਨਹੀਂ ਹੁੰਦਾ, ਪਰ ਧਰਮੀਆਂ ਦੀ ਜੜ੍ਹ ਕਦੀ ਪੁੱਟੀ ਨਾ ਜਾਵੇਗੀ।
4ਨੇਕ ਇਸਤਰੀ ਆਪਣੇ ਪਤੀ ਦਾ ਮੁਕਟ ਹੈ, ਪਰ ਖੱਜਲ ਕਰਨ ਵਾਲੀ ਉਹ ਦੀ ਹੱਡੀਆਂ ਦਾ ਸਾੜਾ ਹੈ।
5ਧਰਮੀਆਂ ਦੀਆਂ ਯੋਜਨਾਵਾਂ ਤਾਂ ਨਿਆਂ ਵਾਲੀਆਂ ਹੁੰਦੀਆਂ ਹਨ, ਪਰ ਦੁਸ਼ਟਾਂ ਦੀਆਂ ਜੁਗਤਾਂ ਛਲ ਦੀਆਂ ਹੁੰਦੀਆਂ ਹਨ।
6ਦੁਸ਼ਟਾਂ ਦੀਆਂ ਗੱਲਾਂ ਖ਼ੂਨ ਕਰਨ ਲਈ ਘਾਤ ਲਾਉਣ ਦੇ ਵਿਖੇ ਹੁੰਦੀਆਂ ਹਨ, ਪਰ ਸਚਿਆਰਾਂ ਦੇ ਬੋਲ ਉਹਨਾਂ ਨੂੰ ਛੁਡਾ ਲੈਂਦੇ ਹਨ।
7ਦੁਸ਼ਟ ਪਟਕੇ ਜਾਂਦੇ ਹਨ ਅਤੇ ਉਹ ਰਹਿੰਦੇ ਹੀ ਨਹੀਂ, ਪਰ ਧਰਮੀਆਂ ਦਾ ਘਰ ਸਥਿਰ ਰਹੇਗਾ।
8ਮਨੁੱਖ ਦੀ ਪ੍ਰਸੰਸਾ ਉਸ ਦੀ ਬੁੱਧ ਦੇ ਅਨੁਸਾਰ ਹੁੰਦੀ ਹੈ, ਪਰ ਪੁੱਠੀ ਸੋਚ ਵਾਲਾ ਮਨੁੱਖ ਤੁੱਛ ਸਮਝਿਆ ਜਾਂਦਾ ਹੈ।
9ਜੋ ਰੋਟੀਓਂ ਵੀ ਤੰਗ ਹੈ ਅਤੇ ਵਡਿਆਈ ਮਾਰਦਾ ਹੈ, ਉਸ ਨਾਲੋਂ ਉਹ ਛੋਟਾ ਮਨੁੱਖ ਚੰਗਾ ਹੈ, ਜਿਸ ਦੇ ਕੋਲ ਦਾਸ ਹੈ।
10ਧਰਮੀ ਆਪਣੇ ਪਸ਼ੂ ਦੇ ਪ੍ਰਾਣਾਂ ਦੀ ਵੀ ਸੁੱਧ ਰੱਖਦਾ ਹੈ, ਪਰ ਦੁਸ਼ਟ ਦੀ ਦਯਾ ਵੀ ਨਿਰਦਈ ਹੀ ਹੁੰਦੀ ਹੈ।
11ਜਿਹੜਾ ਆਪਣੇ ਖੇਤ ਨੂੰ ਦੱਬ ਕੇ ਵਾਹੁੰਦਾ ਹੈ, ਉਹ ਰੱਜ ਕੇ ਖਾਵੇਗਾ, ਪਰ ਜੋ ਨਿਕੰਮੀਆਂ ਗੱਲਾਂ ਦਾ ਪਿੱਛਾ ਕਰਦਾ ਹੈ ਉਹ ਨਿਰਬੁੱਧ ਹੈ।
12ਦੁਸ਼ਟ ਬੁਰਿਆਰਾਂ ਦੇ ਮਾਲ ਲਈ ਲੋਚਦਾ ਹੈ, ਪਰ ਧਰਮੀਆਂ ਦੀ ਜੜ੍ਹ ਫਲਦੀ ਹੈ।
13ਬੁਰਿਆਰ ਆਪਣੀਆਂ ਗੱਲਾਂ ਦੇ ਅਪਰਾਧ ਨਾਲ ਫਸ ਜਾਂਦਾ ਹੈ, ਪਰ ਧਰਮੀ ਦੁੱਖ ਤੋਂ ਬਚ ਨਿੱਕਲਦਾ ਹੈ।