11ਫੇਰ ਮੈਂ ਮੁੜ ਕੇ ਸੂਰਜ ਦੇ ਹੇਠ ਵੇਖਿਆ ਕਿ ਨਾ ਤਾਂ ਤੇਜ਼ ਦੌੜਨ ਵਾਲੇ ਦੇ ਲਈ ਦੌੜ ਹੈ, ਨਾ ਸੂਰਮੇ ਦੇ ਲਈ ਯੁੱਧ, ਸਗੋਂ ਬੁੱਧਵਾਨ ਲਈ ਰੋਟੀ ਵੀ ਨਹੀਂ, ਨਾ ਸਮਝ ਵਾਲਿਆਂ ਨੂੰ ਧਨ ਅਤੇ ਨਾ ਹੀ ਨਿਪੁੰਨ ਲੋਕਾਂ ਨੂੰ ਕਿਰਪਾ ਪ੍ਰਾਪਤ ਹੁੰਦੀ ਹੈ, ਪਰ ਇਨ੍ਹਾਂ ਸਾਰਿਆਂ ਨੂੰ ਸਮੇਂ ਸਿਰ ਅਤੇ ਮੌਕੇ ਨਾਲ ਹੀ ਮਿਲਦਾ ਹੈ।
12ਨਾਲੇ ਮਨੁੱਖ ਆਪਣਾ ਸਮਾਂ ਵੀ ਨਹੀਂ ਪਹਿਚਾਣਦਾ, ਜਿਵੇਂ ਮੱਛੀਆਂ ਜਿਹੜੀਆਂ ਬਿਪਤਾ ਦੇ ਜਾਲ਼ ਵਿੱਚ ਫਸ ਜਾਂਦੀਆਂ ਹਨ ਅਤੇ ਜਿਵੇਂ ਪੰਛੀ ਜਾਲ਼ ਵਿੱਚ ਫਸ ਜਾਂਦੇ ਹਨ, ਉਸੇ ਤਰ੍ਹਾਂ ਹੀ ਆਦਮ ਵੰਸ਼ੀ ਵੀ ਬਿਪਤਾ ਵਿੱਚ ਫਸ ਜਾਂਦੇ ਹਨ, ਜੋ ਅਚਾਨਕ ਉਹਨਾਂ ਉੱਤੇ ਆ ਪੈਂਦੀ ਹੈ।
13ਸੂਰਜ ਦੇ ਹੇਠ ਮੈਂ ਇਹ ਬੁੱਧ ਵੀ ਵੇਖੀ ਅਤੇ ਇਹ ਮੈਨੂੰ ਵੱਡੀ ਲੱਗੀ।
14ਇੱਕ ਛੋਟਾ ਜਿਹਾ ਸ਼ਹਿਰ ਸੀ ਅਤੇ ਉਹ ਦੇ ਵਿੱਚ ਥੋੜ੍ਹੇ ਜਿਹੇ ਲੋਕ ਸਨ। ਉਹ ਦੇ ਉੱਤੇ ਇੱਕ ਵੱਡੇ ਰਾਜੇ ਨੇ ਹਮਲਾ ਕੀਤਾ ਅਤੇ ਉਹ ਨੂੰ ਘੇਰਾ ਪਾਇਆ ਅਤੇ ਉਹ ਦੇ ਸਾਹਮਣੇ ਵੱਡੇ ਮੋਰਚੇ ਲਾਏ।
15ਉਹ ਦੇ ਵਿੱਚ ਇੱਕ ਕੰਗਾਲ ਪਰ ਬੁੱਧਵਾਨ ਮਨੁੱਖ ਮਿਲਿਆ, ਜਿਸ ਨੇ ਆਪਣੀ ਬੁੱਧ ਨਾਲ ਉਸ ਸ਼ਹਿਰ ਨੂੰ ਬਚਾ ਲਿਆ, ਤਾਂ ਵੀ ਕਿਸੇ ਮਨੁੱਖ ਨੇ ਉਸ ਕੰਗਾਲ ਨੂੰ ਯਾਦ ਨਾ ਰੱਖਿਆ।
16ਤਦ ਮੈਂ ਆਖਿਆ ਕਿ ਜ਼ੋਰ ਨਾਲੋਂ ਬੁੱਧ ਚੰਗੀ ਹੈ, ਤਾਂ ਵੀ ਕੰਗਾਲ ਦੀ ਬੁੱਧ ਤੁੱਛ ਸਮਝੀ ਜਾਂਦੀ ਹੈ ਅਤੇ ਉਹ ਦੀਆਂ ਗੱਲਾਂ ਸੁਣੀਆਂ ਨਹੀਂ ਜਾਂਦੀਆਂ।
17ਬੁੱਧਵਾਨਾਂ ਦੀਆਂ ਹੌਲੀ ਆਖੀਆਂ ਹੋਈਆਂ ਗੱਲਾਂ, ਮੂਰਖਾਂ ਦੇ ਹਾਕਮ ਦੇ ਰੌਲ਼ੇ ਨਾਲੋਂ ਵਧੇਰੇ ਸੁਣੀਆਂ ਜਾਂਦੀਆਂ ਹਨ।