9ਕੰਮ ਕਰਨ ਵਾਲੇ ਨੂੰ ਆਪਣੀ ਮਿਹਨਤ ਤੋਂ ਜੋ ਉਹ ਕਰਦਾ ਹੈ, ਕੀ ਲਾਭ ਹੈ?
10ਮੈਂ ਉਸ ਕਸ਼ਟ ਨੂੰ ਵੇਖਿਆ ਹੈ, ਜੋ ਪਰਮੇਸ਼ੁਰ ਨੇ ਆਦਮ ਵੰਸ਼ ਨੂੰ ਦਿੱਤਾ ਕਿ ਉਹ ਉਸ ਦੇ ਵਿੱਚ ਰੁੱਝੇ ਰਹਿਣ।
11ਉਸ ਨੇ ਹਰੇਕ ਵਸਤੂ ਆਪੋ ਆਪਣੇ ਸਮੇਂ ਵਿੱਚ ਸੁੰਦਰ ਬਣਾਈ ਹੈ ਅਤੇ ਉਸ ਨੇ ਸਦੀਪਕਤਾ ਨੂੰ ਵੀ ਉਹਨਾਂ ਦੇ ਮਨ ਵਿੱਚ ਟਿਕਾ ਦਿੱਤਾ ਹੈ, ਤਾਂ ਵੀ ਇਨਸਾਨ ਉਸ ਕੰਮ ਨੂੰ ਜੋ ਪਰਮੇਸ਼ੁਰ ਆਦ ਤੋਂ ਲੈ ਕੇ ਅੰਤ ਤੱਕ ਕਰਦਾ ਹੈ, ਬੁੱਝ ਨਹੀਂ ਸਕਦਾ।
12ਮੈਂ ਸੱਚ ਜਾਣਦਾ ਹਾਂ ਕਿ ਉਹਨਾਂ ਦੇ ਲਈ ਇਸ ਨਾਲੋਂ ਵੱਧ ਹੋਰ ਕੁਝ ਚੰਗਾ ਨਹੀਂ ਕਿ ਉਹ ਅਨੰਦ ਹੋਣ ਅਤੇ ਆਪਣੇ ਜੀਉਂਦੇ ਜੀ ਭਲਿਆਈ ਕਰ ਲੈਣ
13ਅਤੇ ਇਹ ਵੀ ਜੋ ਹਰੇਕ ਆਦਮੀ ਖਾਵੇ-ਪੀਵੇ ਅਤੇ ਆਪੋ ਆਪਣੇ ਧੰਦੇ ਦਾ ਲਾਭ ਭੋਗੇ, ਇਹ ਵੀ ਪਰਮੇਸ਼ੁਰ ਦੀ ਦਾਤ ਹੈ।
14ਮੈਂ ਜਾਣਦਾ ਹਾਂ ਕਿ ਜੋ ਕੁਝ ਪਰਮੇਸ਼ੁਰ ਕਰਦਾ ਹੈ, ਉਹ ਸਦਾ ਦੇ ਲਈ ਹੈ, ਨਾ ਉਸ ਦੇ ਵਿੱਚ ਕੋਈ ਵਾਧਾ ਹੋ ਸਕਦਾ ਹੈ ਅਤੇ ਨਾ ਉਸ ਵਿੱਚ ਕੋਈ ਘਾਟਾ ਹੋ ਸਕਦਾ ਹੈ ਅਤੇ ਪਰਮੇਸ਼ੁਰ ਇਹ ਇਸ ਲਈ ਕਰਦਾ ਹੈ ਕਿ ਲੋਕ ਉਸ ਤੋਂ ਡਰਦੇ ਰਹਿਣ।
15ਜੋ ਕੁਝ ਹੋਇਆ ਸੀ, ਉਹ ਹੁਣ ਵੀ ਹੈ ਅਤੇ ਜੋ ਕੁਝ ਹੋਣ ਵਾਲਾ ਹੈ, ਉਹ ਪਹਿਲਾਂ ਵੀ ਹੋ ਚੁੱਕਾ ਹੈ ਅਤੇ ਪਰਮੇਸ਼ੁਰ ਬੀਤੇ ਹੋਏ ਦੀ ਫੇਰ ਭਾਲ ਕਰਦਾ ਹੈ।
16ਫੇਰ ਮੈਂ ਸੂਰਜ ਦੇ ਹੇਠ ਵੇਖਿਆ ਕਿ ਨਿਆਂ ਦੇ ਥਾਂ ਤੇ ਦੁਸ਼ਟਤਾ ਹੁੰਦੀ ਹੈ ਅਤੇ ਧਰਮ ਦੇ ਥਾਂ ਤੇ ਵੀ ਦੁਸ਼ਟਤਾ ਹੁੰਦੀ ਹੈ।
17ਤਦ ਮੈਂ ਆਪਣੇ ਮਨ ਵਿੱਚ ਆਖਿਆ ਕਿ ਪਰਮੇਸ਼ੁਰ ਧਰਮੀਆਂ ਅਤੇ ਦੁਸ਼ਟਾਂ ਦਾ ਨਿਆਂ ਕਰੇਗਾ ਕਿਉਂ ਜੋ ਇੱਕ-ਇੱਕ ਗੱਲ ਦਾ ਅਤੇ ਇੱਕ-ਇੱਕ ਕੰਮ ਦਾ ਇੱਕ ਵੇਲਾ ਹੈ।
18ਮੈਂ ਆਪਣੇ ਮਨ ਵਿੱਚ ਆਖਿਆ ਕਿ ਇਹ ਆਦਮ ਵੰਸ਼ੀਆਂ ਦੇ ਕਾਰਨ ਹੁੰਦਾ ਹੈ, ਤਾਂ ਜੋ ਪਰਮੇਸ਼ੁਰ ਉਹਨਾਂ ਨੂੰ ਜਾਂਚੇ ਅਤੇ ਉਹ ਵੇਖਣ ਕਿ ਉਹ ਆਪ ਪਸ਼ੂਆਂ ਵਰਗੇ ਹੀ ਹਨ।
19ਕਿਉਂਕਿ ਜੋ ਕੁਝ ਆਦਮ ਵੰਸ਼ ਉੱਤੇ ਬੀਤਦਾ ਹੈ, ਉਹ ਹੀ ਪਸ਼ੂ ਉੱਤੇ ਵੀ ਬੀਤਦਾ ਹੈ, ਦੋਹਾਂ ਉੱਤੇ ਇੱਕੋ ਜਿਹੀ ਹੀ ਬੀਤਦੀ ਹੈ, - ਜਿਵੇਂ ਇਹ ਮਰਦਾ ਹੈ, ਉਸੇ ਤਰ੍ਹਾਂ ਹੀ ਉਹ ਵੀ ਮਰਦਾ ਹੈ, ਹਾਂ, ਸਭਨਾਂ ਵਿੱਚ ਇੱਕੋ ਜਿਹਾ ਸਾਹ ਹੈ ਅਤੇ ਮਨੁੱਖ ਪਸ਼ੂ ਨਾਲੋਂ ਕੁਝ ਉੱਤਮ ਨਹੀਂ ਹੈ। ਹਾਂ, ਸਭ ਵਿਅਰਥ ਹੀ ਹੈ!
20ਸਾਰਿਆਂ ਦੇ ਸਾਰੇ ਇੱਕੋ ਥਾਂ ਜਾਂਦੇ ਹਨ, ਸਭ ਦੇ ਸਭ ਮਿੱਟੀ ਦੇ ਵਿੱਚ ਜਾ ਰਲਦੇ ਹਨ।