1ਮੈਂ ਆਪਣੇ ਮਨ ਵਿੱਚ ਆਖਿਆ ਭਈ ਆ, ਮੈਂ ਅਨੰਦ ਨਾਲ ਤੇਰਾ ਪਰਤਾਵਾ ਲਵਾਂਗਾ, ਇਸ ਲਈ ਸੁੱਖ ਭੋਗ ਅਤੇ ਵੇਖੋ, ਇਹ ਵੀ ਵਿਅਰਥ ਸੀ।
2ਮੈਂ ਹਾਸੇ ਦੇ ਬਾਰੇ ਆਖਿਆ ਕਿ ਇਹ ਮੂਰਖਤਾ ਹੈ ਅਤੇ ਅਨੰਦ ਦੇ ਬਾਰੇ ਕਿ ਇਹ ਕੀ ਕਰਦਾ ਹੈ?
3ਮੈਂ ਆਪਣੇ ਮਨ ਵਿੱਚ ਵਿਚਾਰ ਕੀਤਾ ਕਿ ਮੈਂ ਕਿਵੇਂ ਮਧ ਪੀ ਕੇ ਆਪਣੇ ਸਰੀਰ ਨੂੰ ਖੁਸ਼ ਕਰਾਂ, ਪਰ ਫੇਰ ਵੀ ਮੇਰਾ ਮਨ ਬੁੱਧ ਵੱਲ ਲੱਗਿਆ ਰਹੇ ਅਤੇ ਮੂਰਖਤਾਈ ਨੂੰ ਫੜ੍ਹ ਕੇ ਰੱਖਾਂ, ਜਦ ਤੱਕ ਇਹ ਨਾ ਵੇਖਾਂ ਕਿ ਉਹ ਚੰਗਾ ਕੰਮ ਕਿਹੜਾ ਹੈ ਜੋ ਆਦਮ ਵੰਸ਼ੀ ਆਪਣੇ ਜੀਵਨ ਦੇ ਥੋੜ੍ਹੇ ਜਿਹੇ ਦਿਨਾਂ ਵਿੱਚ ਅਕਾਸ਼ ਦੇ ਹੇਠਾਂ ਕਰਨ।
4ਮੈਂ ਵੱਡੇ-ਵੱਡੇ ਕੰਮ ਕੀਤੇ, ਮੈਂ ਆਪਣੇ ਲਈ ਘਰ ਉਸਾਰੇ ਅਤੇ ਮੈਂ ਆਪਣੇ ਲਈ ਦਾਖਾਂ ਦੀਆਂ ਵਾੜੀਆਂ ਲਗਾਈਆਂ,
5ਮੈਂ ਆਪਣੇ ਲਈ ਬਗੀਚੇ ਅਤੇ ਬਾਗ਼ ਬਣਾਏ ਅਤੇ ਉਹਨਾਂ ਵਿੱਚ ਭਾਂਤ-ਭਾਂਤ ਦੇ ਫਲਾਂ ਵਾਲੇ ਰੁੱਖ ਲਗਾਏ,
6ਮੈਂ ਆਪਣੇ ਹਰੇ ਰੁੱਖਾਂ ਦੇ ਬਣ ਨੂੰ ਸਿੰਜਣ ਦੇ ਲਈ ਤਲਾਬ ਬਣਾਏ,
7ਮੈਂ ਦਾਸ ਅਤੇ ਦਾਸੀਆਂ ਮੁੱਲ ਲਏ ਅਤੇ ਮੇਰੇ ਘਰ ਵਿੱਚ ਜੰਮੇ ਹੋਏ ਦਾਸ ਵੀ ਸਨ, ਸਗੋਂ ਮੇਰੇ ਕੋਲ ਉਹਨਾਂ ਸਾਰਿਆਂ ਨਾਲੋਂ ਵੱਧ ਵੱਗਾਂ ਅਤੇ ਇੱਜੜਾਂ ਦੀ ਜ਼ਾਇਦਾਦ ਸੀ, ਜਿਹੜੇ ਮੇਰੇ ਤੋਂ ਪਹਿਲਾਂ ਯਰੂਸ਼ਲਮ ਵਿੱਚ ਸਨ।