Text copied!
CopyCompare
ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ - 2 ਪਤ

2 ਪਤ 2

Help us?
Click on verse(s) to share them!
1ਪਰ ਉਨ੍ਹਾਂ ਲੋਕਾਂ ਵਿੱਚ ਝੂਠੇ ਨਬੀ ਵੀ ਉੱਠੇ ਜਿਵੇਂ ਤੁਹਾਡੇ ਵਿੱਚ ਵੀ ਝੂਠੇ ਉਪਦੇਸ਼ਕ ਹੋਣਗੇ, ਜਿਹੜੇ ਨਾਸ ਕਰਨ ਵਾਲੀਆਂ ਗੱਲਾਂ ਚੋਰੀ ਅੰਦਰ ਲਿਆਉਣਗੇ ਅਤੇ ਉਸ ਸੁਆਮੀ ਦਾ ਜਿਸ ਨੇ ਉਨ੍ਹਾਂ ਨੂੰ ਮੁੱਲ ਲਿਆ ਸੀ ਇਨਕਾਰ ਕਰ ਕੇ ਛੇਤੀ ਆਪਣਾ ਨਾਸ ਕਰਾਉਣਗੇ।
2ਅਤੇ ਬਹੁਤੇ ਉਨ੍ਹਾਂ ਦੇ ਲੁੱਚਪੁਣੇ ਦੇ ਮਗਰ ਲੱਗ ਤੁਰਨਗੇ ਅਤੇ ਉਨ੍ਹਾਂ ਦੇ ਕਾਰਨ ਸਚਿਆਈ ਦੇ ਮਾਰਗ ਦੀ ਨਿੰਦਿਆ ਕੀਤੀ ਜਾਵੇਗੀ।
3ਅਤੇ ਲਾਲਚ ਦੇ ਕਾਰਨ ਉਹ ਬਣਾਉਟੀ ਗੱਲਾਂ ਨਾਲ ਤੁਹਾਨੂੰ ਕਮਾਈ ਦਾ ਢੰਗ ਬਣਾ ਛੱਡਣਗੇ। ਉਨ੍ਹਾਂ ਉੱਤੇ ਸਜ਼ਾ ਦਾ ਹੁਕਮ ਜਿਹੜਾ ਪਹਿਲਾਂ ਹੀ ਹੋਇਆ ਹੈ ਅਤੇ ਉਨ੍ਹਾਂ ਦਾ ਨਾਸ ਸੁੱਤਾ ਨਹੀਂ ਪਿਆ।
4ਕਿਉਂਕਿ ਜਦੋਂ ਪਰਮੇਸ਼ੁਰ ਨੇ ਦੂਤਾਂ ਨੂੰ ਨਹੀਂ ਛੱਡਿਆ ਜਿਸ ਵੇਲੇ ਉਨ੍ਹਾਂ ਪਾਪ ਕੀਤਾ, ਸਗੋਂ ਉਹਨਾਂ ਨੂੰ ਨਰਕ ਵਿੱਚ ਸੁੱਟ ਕੇ ਅੰਧਕਾਰ ਵਿੱਚ ਬੰਨ ਕੇ ਰੱਖਿਆ ਤਾਂ ਕਿ ਨਿਆਂ ਦੇ ਲਈ ਕੈਦ ਵਿੱਚ ਰਹਿਣ।
5ਅਤੇ ਨਾ ਪੁਰਾਣੇ ਸੰਸਾਰ ਨੂੰ ਛੱਡਿਆ ਸਗੋਂ ਜਿਸ ਵੇਲੇ ਕੁਧਰਮੀਆਂ ਦੇ ਸੰਸਾਰ ਉੱਤੇ ਪਰਲੋ ਲਿਆਂਦੀ ਤਾਂ ਨੂਹ ਨੂੰ ਜਿਹੜਾ ਧਾਰਮਿਕਤਾ ਦਾ ਪਰਚਾਰਕ ਸੀ ਸੱਤਾਂ ਹੋਰਨਾਂ ਨਾਲ ਬਚਾ ਲਿਆ।
6ਅਤੇ ਸਦੂਮ ਅਤੇ ਅਮੂਰਾਹ ਦੇ ਨਗਰਾਂ ਨੂੰ ਸੁਆਹ ਕਰ ਕੇ ਢਾਹ ਸੁੱਟਣ ਦਾ ਹੁਕਮ ਦਿੱਤਾ ਅਤੇ ਉਨ੍ਹਾਂ ਨੂੰ ਉਹ ਦੇ ਬਾਅਦ ਦੇ ਕੁਧਰਮੀਆਂ ਲਈ ਇੱਕ ਨਮੂਨਾ ਠਹਿਰਾਇਆ ਹੈ।
7ਅਤੇ ਲੂਤ ਨੂੰ ਜਿਹੜਾ ਧਰਮੀ ਸੀ ਅਤੇ ਦੁਸ਼ਟਾਂ ਦੇ ਲੁੱਚਪੁਣੇ ਦੀ ਚਾਲ ਤੋਂ ਦੁੱਖੀ ਹੁੰਦਾ ਸੀ, ਬਚਾ ਲਿਆ।
8(ਕਿਉਂ ਜੋ ਉਹ ਧਰਮੀ ਪੁਰਖ ਉਨ੍ਹਾਂ ਵਿੱਚ ਵਸਦਿਆਂ ਉਨ੍ਹਾਂ ਦੇ ਭੈੜੇ ਕੰਮਾਂ ਨੂੰ ਵੇਖ ਤੇ ਸੁਣ ਕੇ ਦਿਨੋ ਦਿਨ ਆਪਣੀ ਧਰਮੀ ਜਾਨ ਨੂੰ ਦੁੱਖ ਦਿੰਦਾ ਸੀ)
9ਤਾਂ ਪ੍ਰਭੂ ਭਗਤਾਂ ਨੂੰ ਪਰਤਾਵੇ ਵਿੱਚੋਂ ਕੱਢਣਾ ਅਤੇ ਕੁਧਰਮੀਆਂ ਨੂੰ ਨਿਆਂ ਦੇ ਦਿਨ ਤੱਕ ਸਜ਼ਾ ਹੇਠ ਰੱਖਣਾ ਜਾਣਦਾ ਹੈ!
10ਪਰ ਬਹੁਤ ਕਰਕੇ ਉਨ੍ਹਾਂ ਨੂੰ, ਜਿਹੜੇ ਸਰੀਰ ਦੇ ਅਨੁਸਾਰ ਗੰਦੀ ਕਾਮਨਾ ਵਿੱਚ ਚੱਲਦੇ ਹਨ ਅਤੇ ਹਕੂਮਤ ਨੂੰ ਤੁਛ ਜਾਣਦੇ ਹਨ। ਉਹ ਢੀਠ ਅਤੇ ਮਨ ਮਰਜ਼ੀ ਕਰਨ ਵਾਲੇ ਹਨ ਅਤੇ ਪਰਤਾਪ ਵਾਲਿਆਂ ਦੀ ਨਿੰਦਿਆ ਕਰਨ ਤੋਂ ਨਹੀਂ ਡਰਦੇ।
11ਭਾਵੇਂ ਦੂਤ ਜਿਹੜੇ ਬਲ ਅਤੇ ਸਮਰੱਥਾ ਵਿੱਚ ਉਨ੍ਹਾਂ ਨਾਲੋਂ ਵੱਡੇ ਹਨ, ਮਿਹਣਾ ਮਾਰ ਕੇ ਪ੍ਰਭੂ ਦੇ ਅੱਗੇ ਉਨ੍ਹਾਂ ਉੱਤੇ ਦੋਸ਼ ਨਹੀਂ ਲਾਉਂਦੇ ਹਨ।
12ਪਰ ਇਹ ਲੋਕ ਉਨ੍ਹਾਂ ਪਸ਼ੂਆਂ ਦੇ ਵਰਗੇ ਹਨ ਜਿਹੜੇ ਅਸਲ ਵਿੱਚ ਬੁੱਧਹੀਣ ਹਨ ਅਤੇ ਸ਼ਿਕਾਰ ਕੀਤੇ ਜਾਣ ਤੇ ਨਸ਼ਟ ਹੋਣ ਲਈ ਉਤਪਤ ਹੋਏ ਹਨ, ਇਹ ਜਿਨ੍ਹਾਂ ਗੱਲਾਂ ਨੂੰ ਨਹੀਂ ਸਮਝਦੇ ਹਨ ਉਹਨਾਂ ਦੇ ਵਿਰੁੱਧ ਬੋਲਦੇ ਹੋਏ, ਉਨ੍ਹਾਂ ਦੇ ਨਾਸ ਕਰਨ ਨਾਲ ਆਪੇ ਨਾਸ ਹੋਣਗੇ ਅਤੇ ਕੁਧਰਮ ਕਰਕੇ ਕੁਧਰਮ ਦਾ ਫਲ ਭੋਗਣਗੇ।
13ਦਿਨੇ ਉਹ ਭੋਗ ਬਿਲਾਸ ਵਿੱਚ ਖੁਸ਼ ਹੁੰਦੇ ਹਨ, ਉਹ ਕਲੰਕ ਅਤੇ ਦਾਗ ਹਨ ਅਤੇ ਭਾਵੇਂ ਉਹ ਤੁਹਾਡੇ ਨਾਲ ਖਾਂਦੇ-ਪੀਂਦੇ ਹਨ ਪਰ ਆਪਣਿਆਂ ਪਿਆਰ ਭੋਜਨਾਂ ਵਿੱਚ ਭੋਗ ਬਿਲਾਸ ਕਰਦੇ ਹਨ।
14ਉਨ੍ਹਾਂ ਦੀਆਂ ਅੱਖਾਂ ਵਿਭਚਾਰਣਾਂ ਵੱਲ ਲੱਗੀਆਂ ਹੋਈਆਂ ਹਨ ਅਤੇ ਪਾਪ ਵੱਲੋਂ ਰੁਕ ਹੀ ਨਹੀਂ ਸਕਦੀਆਂ। ਉਹ ਡੋਲਣ ਵਾਲੇ ਜੀਵਾਂ ਨੂੰ ਭਰਮਾਉਂਦੇ ਹਨ। ਉਨ੍ਹਾਂ ਦੇ ਮਨ ਲੋਭ ਵਿੱਚ ਪੱਕੇ ਹੋਏ ਹਨ। ਉਹ ਸਰਾਪ ਦੇ ਪੁੱਤਰ ਹਨ!
15ਉਹ ਸਿੱਧੇ ਰਾਹ ਨੂੰ ਛੱਡ ਕੇ ਕੁਰਾਹੇ ਪੈ ਗਏ ਅਤੇ ਬਿਓਰ ਦੇ ਪੁੱਤਰ ਬਿਲਆਮ ਦੇ ਮਾਰਗ ਹੋ ਤੁਰੇ, ਜਿਸ ਨੇ ਕੁਧਰਮ ਦੀ ਮਜ਼ਦੂਰੀ ਨੂੰ ਪਿਆਰਾ ਜਾਣਿਆ।
16ਪਰ ਉਹ ਨੇ ਆਪਣੇ ਅਪਰਾਧ ਕਾਰਨ ਝਿੜਕ ਖਾਧੀ। ਇੱਕ ਬੇਜ਼ੁਬਾਨ ਗਧੀ ਨੇ ਮਨੁੱਖ ਦੀ ਬੋਲੀ ਵਿੱਚ ਬੋਲ ਕੇ ਉਸ ਨਬੀ ਦੇ ਪਾਗਲਪਣ ਨੂੰ ਰੋਕ ਦਿੱਤਾ।
17ਉਹ ਸੁੱਕੇ ਖੂਹ ਹਨ। ਉਹ ਹਨੇਰੀ ਦੇ ਉਡਾਏ ਹੋਏ ਬੱਦਲ ਹਨ ਜਿਨ੍ਹਾਂ ਲਈ ਅਨ੍ਹੇਰ ਘੁੱਪ ਰੱਖਿਆ ਹੋਇਆ ਹੈ।
18ਕਿਉਂ ਜੋ ਉਹ ਵੱਡੀਆਂ ਫੋਕੀਆਂ ਗੱਪਾਂ ਮਾਰ ਕੇ, ਉਨ੍ਹਾਂ ਨੂੰ ਜਿਹੜੇ ਭੁੱਲਿਆਂ ਹੋਇਆਂ ਤੋਂ ਹੁਣੇ ਬਚ ਕੇ ਨਿੱਕਲਣ ਲੱਗੇ ਹਨ, ਲੁੱਚਪੁਣੇ ਨਾਲ ਸਰੀਰ ਦੀਆਂ ਕਾਮਨਾਂ ਵੱਲ ਭਰਮਾ ਲੈਂਦੇ ਹਨ।

19ਉਹ ਉਨ੍ਹਾਂ ਨਾਲ ਅਜ਼ਾਦੀ ਦਾ ਵਾਇਦਾ ਤਾਂ ਕਰਦੇ ਹਨ ਪਰ ਉਹ ਆਪ ਵਿਨਾਸ਼ ਦੇ ਗੁਲਾਮ ਹਨ, ਕਿਉਂਕਿ ਜਿਸ ਦੇ ਕੋਈ ਅਧੀਨ ਹੋ ਗਿਆ ਸੋ ਉਹ ਦਾ ਗੁਲਾਮ ਹੈ।
20ਜੇਕਰ ਉਹ ਪ੍ਰਭੂ ਅਤੇ ਮੁਕਤੀਦਾਤਾ ਯਿਸੂ ਮਸੀਹ ਦੇ ਗਿਆਨ ਦੇ ਦੁਆਰਾ ਸੰਸਾਰ ਦੇ ਗੰਦ-ਮੰਦ ਤੋਂ ਬਚ ਕੇ ਉਸ ਵਿੱਚ ਮੁੜ ਕੇ ਫਸਣ ਅਤੇ ਅਧੀਨ ਹੋ ਜਾਣ ਤਾਂ ਉਨ੍ਹਾਂ ਦਾ ਪਿਛਲਾ ਹਾਲ ਪਹਿਲੇ ਨਾਲੋਂ ਬੁਰਾ ਹੋਇਆ।
21ਕਿਉਂ ਜੋ ਧਾਰਮਿਕਤਾ ਦਾ ਮਾਰਗ ਨਾ ਹੀ ਜਾਣਨਾ ਇਸ ਨਾਲੋਂ ਚੰਗਾ ਸੀ ਕਿ ਉਹ ਨੂੰ ਜਾਣ ਕੇ ਉਸ ਪਵਿੱਤਰ ਆਗਿਆ ਤੋਂ ਜੋ ਉਹਨਾਂ ਨੂੰ ਕੀਤੀ ਗਈ ਸੀ ਫਿਰ ਜਾਣ।
22ਇਹ ਸੱਚੀ ਕਹਾਵਤ ਉਨ੍ਹਾਂ ਉੱਤੇ ਠੀਕ ਢੁੱਕਦੀ ਹੈ ਭਈ ਕਿ ਕੁੱਤਾ ਆਪਣੀ ਉਲਟੀ ਨੂੰ ਚੱਟ ਲੈਂਦਾ ਹੈ ਅਤੇ ਨਹਿਲਾਈ ਹੋਈ ਸੂਰਨੀ ਚਿੱਕੜ ਵਿੱਚ ਲੇਟਣ ਨੂੰ ਜਾਂਦੀ ਹੈ।