Text copied!
CopyCompare
ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ - 1 ਰਾਜਾ - 1 ਰਾਜਾ 18

1 ਰਾਜਾ 18:13-26

Help us?
Click on verse(s) to share them!
13ਭਲਾ, ਮੇਰੇ ਸੁਆਮੀ ਨੂੰ ਉਹ ਨਹੀਂ ਦੱਸਿਆ ਗਿਆ ਜੋ ਮੈਂ ਕੀਤਾ ਜਦ ਈਜ਼ਬਲ ਯਹੋਵਾਹ ਦੇ ਨਬੀਆਂ ਨੂੰ ਵੱਢ ਰਹੀ ਸੀ ਕਿ ਮੈਂ ਕਿਵੇਂ ਯਹੋਵਾਹ ਦੇ ਨਬੀਆਂ ਵਿੱਚੋਂ ਸੌ ਮਨੁੱਖ ਪੰਜਾਹ-ਪੰਜਾਹ ਕਰ ਕੇ ਇੱਕ ਖੁੰਧਰ ਵਿੱਚ ਲੁਕਾ ਛੱਡੇ ਸਨ ਨਾਲੇ ਉਨ੍ਹਾਂ ਨੂੰ ਅੰਨ ਪਾਣੀ ਦਿੱਤਾ ਸੀ?
14ਹੁਣ ਤੂੰ ਕਹਿੰਦਾ ਹੈਂ ਜਾ ਆਪਣੇ ਮਾਲਕ ਨੂੰ ਆਖ ਕਿ ਵੇਖੋ ਏਲੀਯਾਹ ਆਇਆ ਹੈ। ਉਹ ਮੈਨੂੰ ਵੱਢ ਸੁੱਟੇਗਾ।
15ਤਾਂ ਏਲੀਯਾਹ ਨੇ ਆਖਿਆ, ਸੈਨਾਂ ਦੇ ਯਹੋਵਾਹ ਦੀ ਸਹੁੰ ਜਿਹ ਦੇ ਅੱਗੇ ਮੈਂ ਖੜ੍ਹਾ ਹਾਂ ਮੈਂ ਅੱਜ ਆਪਣਾ ਆਪ ਉਹ ਨੂੰ ਸੱਚ-ਮੁੱਚ ਵਿਖਾਵਾਂਗਾ।
16ਸੋ ਓਬਦਿਆਹ ਅਹਾਬ ਨੂੰ ਮਿਲਣ ਲਈ ਗਿਆ ਅਤੇ ਉਹ ਨੂੰ ਖ਼ਬਰ ਦਿੱਤੀ। ਤਾਂ ਅਹਾਬ ਏਲੀਯਾਹ ਦੇ ਮਿਲਣ ਨੂੰ ਆਇਆ।
17ਫੇਰ ਇਸ ਤਰ੍ਹਾਂ ਹੋਇਆ ਜਦ ਅਹਾਬ ਨੇ ਏਲੀਯਾਹ ਨੂੰ ਦੇਖਿਆ ਤਦ ਅਹਾਬ ਨੇ ਉਸ ਨੂੰ ਆਖਿਆ, ਭਲਾ, ਤੂੰ ਹੀ ਹੈਂ ਹੇ ਇਸਰਾਏਲ ਦੇ ਦੁੱਖ ਦੇਣ ਵਾਲਿਆ?
18ਤਾਂ ਉਸਨੇ ਆਖਿਆ, ਮੈਂ ਇਸਰਾਏਲ ਨੂੰ ਦੁੱਖ ਨਹੀਂ ਦਿੱਤਾ ਸਗੋਂ ਤੂੰ ਅਤੇ ਤੇਰੇ ਪਿਤਾ ਦੇ ਘਰਾਣੇ ਨੇ ਜਦ ਤੁਸੀਂ ਯਹੋਵਾਹ ਦੇ ਹੁਕਮਾਂ ਨੂੰ ਛੱਡ ਦਿੱਤਾ ਅਤੇ ਬਆਲ ਦੇ ਮਗਰ ਚੱਲ ਪਾਏ।
19ਹੁਣ ਤੂੰ ਮੇਰੇ ਲਈ ਸਾਰਾ ਇਸਰਾਏਲ ਕਰਮਲ ਪਰਬਤ ਕੋਲ ਸੱਦ ਕੇ ਇਕੱਠਾ ਕਰ ਨਾਲੇ ਬਆਲ ਦੇ ਸਾਢੇ ਚਾਰ ਸੌ ਨਬੀ ਅਤੇ ਅਸ਼ੇਰਾਹ ਦੇਵੀਂ ਦੇ ਚਾਰ ਸੌ ਨਬੀ ਜਿਹੜੇ ਈਜ਼ਬਲ ਦੇ ਲੰਗਰ ਵਿੱਚੋਂ ਖਾਂਦੇ ਹਨ।
20ਇਸ ਤੋਂ ਬਾਅਦ ਅਹਾਬ ਨੇ ਸਾਰੇ ਇਸਰਾਏਲੀਆਂ ਨੂੰ ਸੱਦਿਆ ਅਤੇ ਉਹਨਾਂ ਨਬੀਆਂ ਨੂੰ ਕਰਮਲ ਪਰਬਤ ਉੱਤੇ ਇਕੱਠਾ ਕੀਤਾ।
21ਤਾਂ ਏਲੀਯਾਹ ਸਾਰੇ ਲੋਕਾਂ ਕੋਲ ਆਇਆ ਅਤੇ ਉਨ੍ਹਾਂ ਨੂੰ ਆਖਿਆ, ਭਲਾ, ਤੁਸੀਂ ਕਦ ਤੱਕ ਦੋ ਖਿਆਲਾਂ ਉੱਤੇ ਲੰਗੜਾ ਕੇ ਚੱਲੋਗੇ? ਜੇ ਯਹੋਵਾਹ ਪਰਮੇਸ਼ੁਰ ਹੈ ਤਾਂ ਉਹ ਦੇ ਮਗਰ ਲੱਗੋ ਪਰ ਜੇ ਬਆਲ ਹੈ ਤਾਂ ਉਹ ਦੇ ਮਗਰ ਲੱਗੋ ਤਾਂ ਲੋਕਾਂ ਨੇ ਉਸ ਦੇ ਉੱਤਰ ਵਿੱਚ ਇੱਕ ਗੱਲ ਵੀ ਨਾ ਆਖੀ।
22ਤਾਂ ਏਲੀਯਾਹ ਨੇ ਲੋਕਾਂ ਨੂੰ ਆਖਿਆ, ਮੈਂ ਇਕੱਲਾ ਹੀ ਯਹੋਵਾਹ ਦਾ ਨਬੀ ਰਹਿ ਗਿਆ ਹਾਂ ਪਰ ਬਆਲ ਦੇ ਸਾਢੇ ਚਾਰ ਸੌ ਮਨੁੱਖ ਹਨ।
23ਉਹ ਸਾਨੂੰ ਦੋ ਬਲ਼ਦ ਦੇਣ ਅਤੇ ਉਹ ਆਪਣੇ ਲਈ ਇੱਕ ਬਲ਼ਦ ਚੁਣ ਲੈਣ ਅਤੇ ਉਹ ਨੂੰ ਟੋਟੇ-ਟੋਟੇ ਕਰ ਕੇ ਬਾਲਣ ਦੇ ਉੱਤੇ ਰੱਖਣ ਪਰ ਅੱਗ ਨਾ ਲਾਉਣ ਅਤੇ ਮੈਂ ਦੂਜਾ ਬਲ਼ਦ ਤਿਆਰ ਕਰਾਂਗਾ ਅਤੇ ਉਹ ਨੂੰ ਬਾਲਣ ਉੱਤੇ ਰੱਖਾਂਗਾ ਪਰ ਅੱਗ ਨਾ ਲਾਵਾਂਗਾ।
24ਤਾਂ ਤੁਸੀਂ ਆਪਣੇ ਦੇਵਤੇ ਦਾ ਨਾਮ ਲੈ ਕੇ ਪੁਕਾਰੋ ਅਤੇ ਮੈਂ ਯਹੋਵਾਹ ਦਾ ਨਾਮ ਲੈ ਕੇ ਪੁਕਾਰਾਂਗਾ। ਫੇਰ ਜਿਹੜਾ ਪਰਮੇਸ਼ੁਰ ਅੱਗ ਨਾਲ ਉੱਤਰ ਦੇਵੇ ਉਹੋ ਹੀ ਪਰਮੇਸ਼ੁਰ ਹੋਵੇ। ਤਾਂ ਸਭਨਾਂ ਲੋਕਾਂ ਨੇ ਉੱਤਰ ਦੇ ਕੇ ਆਖਿਆ, ਇਹ ਗੱਲ ਚੰਗੀ ਹੈ।
25ਤਦ ਏਲੀਯਾਹ ਨੇ ਬਆਲ ਦੇ ਨਬੀਆਂ ਨੂੰ ਆਖਿਆ, ਤੁਸੀਂ ਇੱਕ ਬਲ਼ਦ ਆਪਣੇ ਲਈ ਚੁਣ ਲਓ ਅਤੇ ਤੁਸੀਂ ਪਹਿਲਾਂ ਉਸ ਨੂੰ ਤਿਆਰ ਕਰੋ ਕਿਉਂ ਜੋ ਤੁਸੀਂ ਬਹੁਤੇ ਹੋ ਅਤੇ ਆਪਣੇ ਦੇਵਤੇ ਦਾ ਨਾਮ ਲੈ ਕੇ ਪੁਕਾਰੋ ਪਰ ਅੱਗ ਨਾ ਲਾਓ।
26ਸੋ ਉਨ੍ਹਾਂ ਨੇ ਉਹ ਬਲ਼ਦ ਜੋ ਉਨ੍ਹਾਂ ਨੂੰ ਮਿਲਿਆ ਸੀ ਲੈ ਕੇ ਤਿਆਰ ਕੀਤਾ ਅਤੇ ਸਵੇਰ ਤੋਂ ਦੁਪਹਿਰ ਤੱਕ ਬਆਲ ਦੇ ਨਾਮ ਉੱਤੇ ਪੁਕਾਰਦੇ ਰਹੇ, ਹੇ ਬਆਲ ਸਾਡੀ ਸੁਣ। ਪਰ ਕੁਝ ਅਵਾਜ਼ ਨਾ ਆਈ ਨਾ ਕੋਈ ਉੱਤਰ ਦੇਣ ਵਾਲਾ ਸੀ ਅਤੇ ਉਹ ਉਸ ਜਗਵੇਦੀ ਦੇ ਦੁਆਲੇ ਜੋ ਬਣੀ ਹੋਈ ਸੀ ਭੁੜਕਦੇ ਫਿਰਦੇ ਸਨ।

Read 1 ਰਾਜਾ 181 ਰਾਜਾ 18
Compare 1 ਰਾਜਾ 18:13-261 ਰਾਜਾ 18:13-26