13ਤਦ ਯਹੂਦੀਆਂ ਵਿੱਚੋਂ ਕਈ ਆਦਮੀਆਂ ਨੇ ਜੋ ਇੱਧਰ-ਉੱਧਰ ਫਿਰਦਿਆਂ ਹੋਇਆਂ ਝਾੜ ਫੂਕ ਕਰਦੇ ਹੁੰਦੇ ਸਨ, ਇਹ ਦਲੇਰੀ ਕੀਤੀ ਕਿ ਜਿਨ੍ਹਾਂ ਨੂੰ ਦੁਸ਼ਟ ਆਤਮਾਵਾਂ ਚਿੰਬੜੀਆਂ ਹੋਈਆਂ ਸਨ, ਉਨ੍ਹਾਂ ਉੱਤੇ ਪ੍ਰਭੂ ਯਿਸੂ ਦਾ ਨਾਮ ਲੈ ਕੇ ਕਹਿਣ ਲੱਗੇ ਕਿ ਮੈਂ ਤੁਹਾਨੂੰ ਯਿਸੂ ਦੇ ਨਾਮ ਦੀ ਸਹੁੰ ਦਿੰਦਾ ਹਾਂ ਜਿਸ ਦਾ ਪੌਲੁਸ ਪ੍ਰਚਾਰ ਕਰਦਾ ਹੈ।
14ਅਤੇ ਸਕੇਵਾ ਨਾਮ ਦੇ ਕਿਸੇ ਯਹੂਦੀ ਮੁੱਖ ਜਾਜਕ ਦੇ ਸੱਤ ਪੁੱਤਰ ਸਨ ਜਿਹੜੇ ਇਹੋ ਕੰਮ ਕਰਦੇ ਸਨ।
15ਪਰ ਦੁਸ਼ਟ ਆਤਮਾ ਨੇ ਉਹਨਾਂ ਨੂੰ ਉੱਤਰ ਦਿੱਤਾ ਕਿ ਯਿਸੂ ਨੂੰ ਤਾਂ ਮੈਂ ਜਾਣਦੀ ਹਾਂ ਅਤੇ ਪੌਲੁਸ ਨੂੰ ਮੈਂ ਪਹਿਚਾਣਦੀ ਹਾਂ, ਪਰ ਤੁਸੀਂ ਕੌਣ ਹੋ?
16ਅਤੇ ਉਹ ਮਨੁੱਖ ਜਿਸ ਨੂੰ ਦੁਸ਼ਟ ਆਤਮਾ ਚਿੰਬੜਿਆ ਹੋਇਆ ਸੀ ਟੁੱਟ ਕੇ ਉਹਨਾਂ ਉੱਤੇ ਆ ਪਿਆ ਅਤੇ ਦੋਹਾਂ ਨੂੰ ਵੱਸ ਵਿੱਚ ਲਿਆ ਕੇ ਉਹਨਾਂ ਤੇ ਐਸੀ ਸਖਤੀ ਕੀਤੀ ਜੋ ਉਹ ਨੰਗੇ ਅਤੇ ਜ਼ਖਮੀ ਹੋ ਕੇ ਉਸ ਘਰ ਵਿੱਚੋਂ ਭੱਜ ਨਿੱਕਲੇ।
17ਇਹ ਗੱਲ ਸਭ ਯਹੂਦੀਆਂ ਅਤੇ ਯੂਨਾਨੀਆਂ ਉੱਤੇ ਜਿਹੜੇ ਅਫ਼ਸੁਸ ਵਿੱਚ ਰਹਿੰਦੇ ਸਨ, ਉਜਾਗਰ ਹੋ ਗਈ ਅਤੇ ਉਹ ਸਭ ਡਰ ਗਏ ਅਤੇ ਪ੍ਰਭੂ ਯਿਸੂ ਦੇ ਨਾਮ ਦੀ ਵਡਿਆਈ ਹੋਈ।