14ਪਰ ਜਦੋਂ ਬਰਨਬਾਸ ਅਤੇ ਪੌਲੁਸ ਰਸੂਲਾਂ ਨੇ ਇਹ ਸੁਣਿਆ, ਤਾਂ ਆਪਣੇ ਕੱਪੜੇ ਪਾੜੇ ਅਤੇ ਲੋਕਾਂ ਦੇ ਵਿੱਚੋਂ ਬਾਹਰ ਨੂੰ ਦੌੜੇ।
15ਅਤੇ ਇਹ ਕਹਿਣ ਲੱਗੇ ਕਿ ਹੇ ਪੁਰਖੋ, ਤੁਸੀਂ ਇਹ ਕੀ ਕਰਦੇ ਹੋ? ਅਸੀਂ ਵੀ ਤੁਹਾਡੇ ਵਾਂਗੂੰ ਦੁੱਖ-ਸੁੱਖ ਭੋਗਣ ਵਾਲੇ ਮਨੁੱਖ ਹਾਂ, ਅਤੇ ਤੁਹਾਨੂੰ ਇਹ ਖੁਸ਼ਖਬਰੀ ਦਾ ਉਪਦੇਸ਼ ਦਿੰਦੇ ਹਾਂ ਕਿ ਇਨ੍ਹਾਂ ਵਿਅਰਥ ਗੱਲਾਂ ਨੂੰ ਛੱਡ ਕੇ, ਜਿਉਂਦੇ ਪਰਮੇਸ਼ੁਰ ਦੀ ਵੱਲ ਮੁੜੋ ਜਿਸ ਨੇ ਅਕਾਸ਼, ਧਰਤੀ, ਸਮੁੰਦਰ ਅਤੇ ਸਭ ਕੁਝ ਜੋ ਉਨ੍ਹਾਂ ਦੇ ਵਿੱਚ ਹੈ ਬਣਾਇਆ।
16ਉਸ ਨੇ ਪਹਿਲੇ ਸਮਿਆਂ ਵਿੱਚ ਸਾਰੀਆਂ ਕੌਮਾਂ ਨੂੰ ਆਪੋ ਆਪਣੇ ਰਾਹ ਉੱਤੇ ਚੱਲਣ ਦਿੱਤਾ।
17ਤਾਂ ਵੀ ਉਹ ਨੇ ਆਪ ਨੂੰ ਬਿਨ੍ਹਾਂ ਗਵਾਹੀ ਨਾ ਰੱਖਿਆ, ਇਸ ਲਈ ਜੋ ਉਹ ਨੇ ਭਲਾ ਕੀਤਾ ਅਤੇ ਅਕਾਸ਼ ਤੋਂ ਵਰਖਾ ਅਤੇ ਫਲ ਦੇਣ ਵਾਲੀਆਂ ਰੁੱਤਾਂ ਤੁਹਾਨੂੰ ਦੇ ਕੇ ਤੁਹਾਡਿਆਂ ਮਨਾਂ ਨੂੰ ਭੋਜਨ ਅਤੇ ਅਨੰਦ ਨਾਲ ਭਰਪੂਰ ਕੀਤਾ।
18ਇਹ ਗੱਲਾਂ ਕਹਿ ਕੇ ਉਨ੍ਹਾਂ ਨੇ ਮੁਸ਼ਕਿਲ ਨਾਲ ਲੋਕਾਂ ਨੂੰ ਰੋਕਿਆ, ਕਿ ਉਨ੍ਹਾਂ ਦੇ ਲਈ ਬਲੀਦਾਨ ਨਾ ਕਰਨ।
19ਪਰੰਤੂ ਕਈ ਯਹੂਦੀ ਅੰਤਾਕਿਯਾ ਅਤੇ ਇਕੋਨਿਯੁਮ ਤੋਂ ਉੱਥੇ ਆਏ, ਲੋਕਾਂ ਨੂੰ ਭਰਮਾ ਕੇ ਪੌਲੁਸ ਉੱਤੇ ਪਥਰਾਉ ਕੀਤਾ ਅਤੇ ਇਹ ਸਮਝ ਕੇ ਉਹ ਮਰ ਗਿਆ ਹੈ ਉਹ ਨੂੰ ਘਸੀਟ ਕੇ ਨਗਰੋਂ ਬਾਹਰ ਲੈ ਗਏ।
20ਪਰ ਜਦੋਂ ਚੇਲੇ ਉਹ ਦੇ ਚਾਰੇ ਪਾਸੇ ਇਕੱਠੇ ਹੋਏ ਤਾਂ ਉਹ ਉੱਠ ਕੇ ਨਗਰ ਵਿੱਚ ਆਇਆ ਅਤੇ ਅਗਲੇ ਦਿਨ ਬਰਨਬਾਸ ਦੇ ਨਾਲ ਦਰਬੇ ਨੂੰ ਚੱਲਿਆ ਗਿਆ।