Text copied!
CopyCompare
ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ - ਯਹੂਦਾ

ਯਹੂਦਾ 1

Help us?
Click on verse(s) to share them!
1ਯਹੂਦਾਹ, ਜਿਹੜਾ ਯਿਸੂ ਮਸੀਹ ਦਾ ਦਾਸ ਅਤੇ ਯਾਕੂਬ ਦਾ ਭਰਾ ਹਾਂ, ਅੱਗੇ ਯੋਗ ਉਨ੍ਹਾਂ ਨੂੰ ਜਿਹੜੇ ਬੁਲਾਏ ਹੋਏ, ਪਿਤਾ ਪਰਮੇਸ਼ੁਰ ਵਿੱਚ ਪਿਆਰੇ ਅਤੇ ਯਿਸੂ ਮਸੀਹ ਦੇ ਲਈ ਅਲੱਗ ਕੀਤੇ ਹੋਏ ਹਨ,
2ਤੁਹਾਨੂੰ ਦਯਾ, ਸ਼ਾਂਤੀ ਅਤੇ ਪਿਆਰ ਵੱਧ ਤੋਂ ਵੱਧ ਭਰਪੂਰੀ ਨਾਲ ਮਿਲਦਾ ਰਹੇ।
3ਪਿਆਰਿਓ, ਜਦੋਂ ਮੈਂ ਮੁਕਤੀ ਦੇ ਵਿਖੇ ਤੁਹਾਨੂੰ ਲਿਖਣ ਦੀ ਬਹੁਤ ਕੋਸ਼ਿਸ਼ ਕਰ ਰਿਹਾ ਸੀ ਤਾਂ ਮੈਂ ਤੁਹਾਨੂੰ ਲਿਖ ਕੇ ਬੇਨਤੀ ਕਰਨਾ ਜ਼ਰੂਰੀ ਸਮਝਿਆ ਕਿ ਤੁਸੀਂ ਉਸ ਵਿਸ਼ਵਾਸ ਦੇ ਲਈ ਯਤਨ ਨਾਲ ਕੋਸ਼ਿਸ਼ ਕਰਦੇ ਰਹੋ, ਜਿਹੜਾ ਇੱਕੋ ਹੀ ਵਾਰ ਸੰਤਾਂ ਨੂੰ ਸੌਂਪਿਆ ਗਿਆ ਸੀ।
4ਕਿਉਂ ਜੋ ਕਈ ਮਨੁੱਖ ਚੋਰੀ ਆ ਵੜੇ ਹਨ ਜਿਹੜੇ ਇਸ ਸਜ਼ਾ ਲਈ ਪਹਿਲਾਂ ਤੋਂ ਹੀ ਠਹਿਰਾਏ ਗਏ ਸਨ, ਸ਼ਤਾਨੀ ਮਨੁੱਖ ਜਿਹੜੇ ਸਾਡੇ ਪਰਮੇਸ਼ੁਰ ਦੀ ਕਿਰਪਾ ਨੂੰ ਉਲਟਾ ਕਰਕੇ ਲੁੱਚਪੁਣੇ ਵੱਲ ਲਾ ਲੈਂਦੇ ਹਨ ਅਤੇ ਯਿਸੂ ਮਸੀਹ ਦਾ ਇਨਕਾਰ ਕਰਦੇ ਹਨ ਜਿਹੜਾ ਇੱਕੋ ਹੀ ਸਾਡਾ ਸੁਆਮੀ ਅਤੇ ਪ੍ਰਭੂ ਹੈ।
5ਹੁਣ ਭਾਵੇਂ ਤੁਸੀਂ ਇੱਕੋ ਵਾਰ ਸਭ ਕੁਝ ਜਾਣ ਵੀ ਚੁੱਕੇ ਹੋ, ਤਾਂ ਵੀ ਮੈਂ ਤੁਹਾਨੂੰ ਚੇਤੇ ਕਰਵਾਉਣਾ ਚਾਹੁੰਦਾ ਹਾਂ ਕਿ ਪ੍ਰਭੂ ਨੇ ਲੋਕਾਂ ਨੂੰ ਮਿਸਰ ਦੇਸ ਵਿੱਚੋਂ ਬਚਾ ਕੇ, ਬਾਅਦ ਵਿੱਚ ਉਨ੍ਹਾਂ ਦਾ ਨਾਸ ਕੀਤਾ ਜਿਨ੍ਹਾਂ ਨੇ ਵਿਸ਼ਵਾਸ ਨਾ ਕੀਤਾ।
6ਅਤੇ ਉਨ੍ਹਾਂ ਦੂਤਾਂ ਨੂੰ ਜੋ ਆਪਣੀ ਪਦਵੀ ਉੱਤੇ ਨਾ ਰਹੇ ਸਗੋਂ ਆਪਣੇ ਅਸਲੀ ਠਿਕਾਣੇ ਨੂੰ ਛੱਡ ਦਿੱਤਾ ਉਹ ਨੇ ਘੁੱਪ ਹਨ੍ਹੇਰੇ ਵਿੱਚ ਉਸ ਭਿਆਨਕ ਦਿਨ ਦੇ ਸਦੀਪਕ ਨਿਆਂ ਲਈ ਬੰਧਨਾਂ ਵਿੱਚ ਰੱਖ ਛੱਡਿਆ।
7ਜਿਵੇਂ ਸਦੂਮ, ਅਮੂਰਾਹ ਅਤੇ ਉਹਨਾਂ ਦੇ ਆਲੇ-ਦੁਆਲੇ ਦੇ ਨਗਰ ਇਹਨਾਂ ਵਾਂਗੂੰ ਹਰਾਮਕਾਰੀ ਕਰਕੇ ਅਤੇ ਪਰਾਏ ਸਰੀਰ ਦੇ ਮਗਰ ਲੱਗ ਕੇ ਸਦੀਪਕ ਅੱਗ ਦੀ ਸਜ਼ਾ ਭੋਗਦੇ ਹੋਏ, ਨਮੂਨਾ ਬਣਾਏ ਹੋਏ ਹਨ।
8ਤਾਂ ਇਸੇ ਤਰ੍ਹਾਂ ਇਹ ਵੀ ਆਪਣੇ ਸੁਫਨਿਆਂ ਵਿੱਚ ਸਰੀਰ ਨੂੰ ਭਰਿਸ਼ਟ ਕਰਦੇ, ਹਕੂਮਤਾਂ ਨੂੰ ਤੁਛ ਜਾਣਦੇ ਅਤੇ ਪਰਤਾਪ ਵਾਲਿਆਂ ਦੀ ਨਿੰਦਿਆ ਕਰਦੇ ਹਨ।
9ਪਰ ਮਹਾਂ ਦੂਤ ਮਿਕਾਏਲ ਨੇ ਸ਼ੈਤਾਨ ਨਾਲ ਝਗੜਾ ਕਰ ਕੇ ਮੂਸਾ ਦੀ ਲਾਸ਼ ਦੇ ਵਿਖੇ ਵਿਵਾਦ ਕਰਦਾ ਸੀ, ਤਾਂ ਉਹ ਦੀ ਹਿੰਮਤ ਨਾ ਹੋਈ ਕਿ ਮਿਹਣਾ ਮਾਰ ਕੇ ਉਸ ਉੱਤੇ ਦੋਸ਼ ਲਾਵੇ ਸਗੋਂ ਇਹ ਆਖਿਆ ਭਈ ਪ੍ਰਭੂ ਤੈਨੂੰ ਝਿੜਕੇ!
10ਪਰ ਇਹ ਲੋਕ ਜੋ ਕੁਝ ਉਹ ਜਾਣਦੇ ਹੀ ਨਹੀਂ ਉਹ ਦੇ ਵਿਖੇ ਕੁਫ਼ਰ ਬਕਦੇ ਹਨ ਅਤੇ ਜੋ ਕੁਝ ਬੇਅਕਲ ਪਸ਼ੂਆਂ ਵਰਗੇ ਸੁਭਾਅ ਨਾਲ ਹੀ ਜਾਣਦੇ ਹਨ, ਉਸ ਵਿੱਚ ਨਾਸ ਹੋ ਜਾਂਦੇ ਹਨ।
11ਹਾਏ ਉਨ੍ਹਾਂ ਨੂੰ! ਕਿਉਂ ਜੋ ਉਹ ਕਾਇਨ ਦੇ ਰਾਹ ਲੱਗ ਤੁਰੇ, ਲਾਭ ਦੇ ਲਈ ਬਿਲਆਮ ਦੇ ਭਰਮ ਵਿੱਚ ਭੱਜੇ ਅਤੇ ਕੁਰਾਹ ਦੇ ਵਿਰੋਧ ਵਿੱਚ ਨਾਸ ਹੋਏ।
12ਇਹ ਉਹ ਹਨ ਜਿਹੜੇ ਤੁਹਾਡੇ ਨਾਲ ਬੇਧੜਕ ਖਾਂਦੇ-ਪੀਂਦੇ ਹੋਏ, ਤੁਹਾਡੇ ਪਿਆਰ ਭੋਜਨਾਂ ਵਿੱਚ ਡੁੱਬੇ ਹੋਏ ਟਿੱਲੇ ਹਨ ਇਹ ਆਪਣੇ ਹੀ ਢਿੱਡ ਭਰਦੇ ਹਨ। ਇਹ ਪੌਣਾਂ ਦੇ ਉਡਾਏ ਹੋਏ ਸੁੱਕੇ ਬੱਦਲ ਹਨ। ਇਹ ਪੱਤਝੜ ਦੇ ਰੁੱਤ ਦੇ ਦਰੱਖਤ ਹਨ ਜੋ ਫਲ ਨਹੀਂ ਦਿੰਦੇ, ਦੋ ਵਾਰੀ ਮਰੇ ਅਤੇ ਜੜ੍ਹੋਂ ਪੁੱਟੇ ਹੋਏ ਹਨ।
13ਇਹ ਸਮੁੰਦਰ ਦੀਆਂ ਤੂਫਾਨੀ ਲਹਿਰਾਂ ਹਨ ਜੋ ਆਪਣੀ ਸ਼ਰਮਿੰਦਗੀ ਦੀ ਝੱਗ ਉਛਾਲਦੀਆਂ ਹਨ। ਇਹ ਘੁੰਮਣ ਵਾਲੇ ਤਾਰੇ ਹਨ ਜਿਨ੍ਹਾਂ ਲਈ ਸਦਾ ਤੱਕ ਦਾ ਘੁੱਪ ਹਨ੍ਹੇਰਾ ਘੇਰ ਰੱਖਿਆ ਹੋਇਆ ਹੈ।
14ਨਾਲੇ ਹਨੋਕ ਨੇ ਜਿਹੜਾ ਆਦਮ ਤੋਂ ਸੱਤਵੀਂ ਪੀਹੜੀ ਦਾ ਸੀ ਇਹਨਾਂ ਹੀ ਦੇ ਵਿਖੇ ਅਗੰਮ ਵਾਕ ਕਰ ਕੇ ਆਖਿਆ ਭਈ ਵੇਖੋ, ਪ੍ਰਭੂ ਆਪਣੇ ਲੱਖਾਂ ਸੰਤਾਂ ਨਾਲ ਆਇਆ।
15ਤਾਂ ਕਿ ਸਭਨਾਂ ਦਾ ਨਿਆਂ ਕਰੇ ਅਤੇ ਸਭਨਾਂ ਨੂੰ ਉਨ੍ਹਾਂ ਦੇ ਸਾਰੇ ਦੁਸ਼ਟ ਕੰਮਾਂ ਦੇ ਕਾਰਨ ਜੋ ਉਨ੍ਹਾਂ ਨੇ ਦੁਸ਼ਟਤਾ ਨਾਲ ਕੀਤੇ ਸਨ ਅਤੇ ਸਾਰੀਆਂ ਕਠੋਰ ਗੱਲਾਂ ਦੇ ਕਾਰਨ ਜੋ ਦੁਸ਼ਟ ਪਾਪੀਆਂ ਨੇ ਉਹ ਦੇ ਵਿਰੁੱਧ ਆਖੀਆਂ ਸਨ, ਦੋਸ਼ੀ ਠਹਿਰਾਵੇ।
16ਇਹ ਬੁੜ-ਬੁੜਾਉਣ ਅਤੇ ਸ਼ਿਕਾਇਤ ਕਰਨ ਵਾਲੇ ਹਨ, ਜਿਹੜੇ ਆਪਣੀਆਂ ਕਾਮਨਾਵਾਂ ਦੇ ਅਨੁਸਾਰ ਚੱਲਦੇ ਹਨ, ਮੂੰਹੋਂ ਵੱਡੀਆਂ-ਵੱਡੀਆਂ ਫੋਕੀਆਂ ਗੱਪਾਂ ਮਾਰਦੇ ਹਨ ਅਤੇ ਲਾਭ ਲਈ ਚਾਪਲੂਸੀ ਕਰਦੇ ਹਨ।
17ਪਰ ਤੁਸੀਂ ਹੇ ਪਿਆਰਿਓ, ਇੰਨ੍ਹਾਂ ਗੱਲਾਂ ਨੂੰ ਯਾਦ ਰੱਖੋ ਜੋ ਸਾਡੇ ਪ੍ਰਭੂ ਯਿਸੂ ਮਸੀਹ ਦੇ ਰਸੂਲਾਂ ਨੇ ਪਹਿਲਾਂ ਹੀ ਆਖੀਆਂ।
18ਜੋ ਉਨ੍ਹਾਂ ਨੇ ਤੁਹਾਨੂੰ ਕਿਹਾ ਕਿ ਅੰਤ ਦੇ ਸਮੇਂ ਠੱਠਾ ਕਰਨ ਵਾਲੇ ਹੋਣਗੇ ਜਿਹੜੇ ਆਪਣੀਆਂ ਸ਼ਤਾਨੀ ਕਾਮਨਾਵਾਂ ਦੇ ਅਨੁਸਾਰ ਚੱਲਣਗੇ।

19ਇਹ ਉਹੋ ਹਨ ਜਿਹੜੇ ਧੜੇਬਾਜ਼ ਅਤੇ ਸਰੀਰਕ ਹਨ, ਜਿੰਨ੍ਹਾ ਵਿੱਚ ਆਤਮਾ ਨਹੀਂ।
20ਪਰ ਤੁਸੀਂ ਹੇ ਪਿਆਰਿਓ, ਆਪਣੇ ਆਪ ਨੂੰ ਆਪਣੇ ਅੱਤ ਪਵਿੱਤਰ ਵਿਸ਼ਵਾਸ ਉੱਤੇ ਉਸਾਰੀ ਜਾਓ ਅਤੇ ਪਵਿੱਤਰ ਆਤਮਾ ਵਿੱਚ ਪ੍ਰਾਰਥਨਾ ਕਰਦੇ ਹੋਏ।
21ਪਰਮੇਸ਼ੁਰ ਦੇ ਪਿਆਰ ਵਿੱਚ ਆਪਣੇ ਆਪ ਨੂੰ ਕਾਇਮ ਰੱਖੋ ਅਤੇ ਸਦੀਪਕ ਜੀਵਨ ਦੇ ਲਈ ਸਾਡੇ ਪ੍ਰਭੂ ਯਿਸੂ ਮਸੀਹ ਦੀ ਦਯਾ ਦੀ ਉਡੀਕ ਕਰਦੇ ਰਹੋ।
22ਅਤੇ ਕਿੰਨਿਆਂ ਉੱਤੇ ਜਿਹੜੇ ਦੁਬਧਾ ਵਿੱਚ ਪਏ ਹੋਏ ਹਨ, ਦਯਾ ਕਰੋ।
23ਅਤੇ ਕਿੰਨਿਆਂ ਨੂੰ ਅੱਗ ਵਿੱਚੋਂ ਧੂੰਹ ਖਿੱਚ ਕੇ ਬਚਾਓ, ਅਤੇ ਉਸ ਬਸਤਰ ਤੋਂ ਵੀ ਜਿਸ ਦੇ ਵਿੱਚ ਦੇਹੀ ਦਾ ਦਾਗ ਲੱਗਿਆ ਹੋਵੇ, ਨਫ਼ਰਤ ਕਰਦੇ ਹੋਏ ਕਿੰਨਿਆਂ ਉੱਤੇ ਡਰ ਨਾਲ ਦਯਾ ਕਰੋ।
24ਹੁਣ ਜਿਹੜਾ ਸਮਰੱਥ ਹੈ ਜੋ ਤੁਹਾਨੂੰ ਠੇਡੇ ਖਾਣ ਤੋਂ ਬਚਾ ਸਕਦਾ ਹੈ ਅਤੇ ਤੁਹਾਨੂੰ ਆਪਣੀ ਮਹਿਮਾ ਦੇ ਸਨਮੁਖ ਅਨੰਦ ਨਾਲ ਨਿਰਮਲ ਖੜ੍ਹਾ ਕਰ ਸਕਦਾ ਹੈ।
25ਉਸੇ ਦੀ ਅਰਥਾਤ ਉਸ ਅਦੁੱਤੀ ਪਰਮੇਸ਼ੁਰ ਦੀ ਜੋ ਸਾਡਾ ਮੁਕਤੀਦਾਤਾ ਹੈ ਸਾਡੇ ਪ੍ਰਭੂ ਯਿਸੂ ਮਸੀਹ ਦੇ ਰਾਹੀਂ ਸਭਨਾਂ ਜੁੱਗਾਂ ਤੋਂ ਪਹਿਲਾਂ ਅਤੇ ਹੁਣ ਵੀ ਅਤੇ ਸਭਨਾਂ ਜੁੱਗਾਂ ਤੱਕ ਮਹਿਮਾ, ਪਰਾਕਰਮ, ਮਹਾਨਤਾ ਅਤੇ ਅਧਿਕਾਰ ਹੋਵੇ। ਆਮੀਨ।