1ਏਥਾਨ ਅਜ਼ਰਾ ਵੰਸ਼ੀ ਦਾ ਮਸ਼ਕੀਲ ਯਹੋਵਾਹ ਦੀਆਂ ਮਿਹਰਬਾਨੀਆਂ ਦੇ ਗੀਤ ਮੈਂ ਸਦਾ ਗਾਵਾਂਗਾ, ਮੈਂ ਤੇਰੀ ਵਫ਼ਾਦਾਰੀ ਸਾਰੀਆਂ ਪੀੜ੍ਹੀਆਂ ਨੂੰ ਆਪਣੇ ਮੂੰਹੋਂ ਸਮਝਾਵਾਂਗਾ।
2ਮੈਂ ਤਾਂ ਆਖਿਆ, ਤੇਰੀ ਦਯਾ ਸਦਾ ਤੋੜੀ ਬਣੀ ਰਹੇਗੀ, ਤੂੰ ਆਪਣੀ ਵਫ਼ਾਦਾਰੀ ਨੂੰ ਅਕਾਸ਼ ਵਿੱਚ ਕਾਇਮ ਕਰੇਂਗਾ।
3ਮੈਂ ਆਪਣੇ ਚੁਣੇ ਹੋਏ ਦੇ ਨਾਲ ਨੇਮ ਬੰਨ੍ਹਿਆ ਹੈ, ਅਤੇ ਆਪਣੇ ਦਾਸ ਦਾਊਦ ਨਾਲ ਸਹੁੰ ਖਾਧੀ,
4ਕਿ ਮੈਂ ਤੇਰੀ ਅੰਸ ਨੂੰ ਸਦਾ ਤੱਕ ਕਾਇਮ ਰੱਖਾਂਗਾ, ਅਤੇ ਤੇਰੀ ਰਾਜ ਗੱਦੀ ਨੂੰ ਪੀੜ੍ਹੀਓਂ ਪੀੜ੍ਹੀ ਬਣਾਈ ਰੱਖਾਂਗਾ। ਸਲਹ।
5ਹੇ ਯਹੋਵਾਹ, ਅਕਾਸ਼ ਤੇਰੇ ਅਚਰਜਾਂ ਨੂੰ ਸਲਾਹੁਣਗੇ, ਨਾਲੇ ਸੰਤਾਂ ਦੀ ਸੰਗਤ ਵਿੱਚ ਤੇਰੀ ਵਫ਼ਾਦਾਰੀ ਨੂੰ!
6ਗਗਣ ਵਿੱਚ ਯਹੋਵਾਹ ਦੇ ਤੁੱਲ ਕੌਣ ਹੋ ਸਕਦਾ ਹੈ? ਦੇਵਤਿਆਂ ਦੇ ਪੁੱਤਰਾਂ ਵਿੱਚੋਂ ਕੌਣ ਯਹੋਵਾਹ ਦੇ ਸਮਾਨ ਹੋਵੇਗਾ?
7ਪਰਮੇਸ਼ੁਰ ਪਵਿੱਤਰਾਂ ਦੀ ਘੋਸ਼ਟੀ ਵਿੱਚ ਅੱਤ ਭਿਆਨਕ ਹੈ, ਅਤੇ ਆਪਣੇ ਆਲੇ-ਦੁਆਲੇ ਦੇ ਸਾਰਿਆਂ ਨਾਲੋਂ ਭੈਅ ਦਾਇਕ ਹੈ!
8ਹੇ ਯਹੋਵਾਹ, ਸੈਨਾਂ ਦੇ ਪਰਮੇਸ਼ੁਰ, ਹੇ ਯਹੋਵਾਹ, ਤੇਰੇ ਤੁੱਲ ਸ਼ਕਤੀਮਾਨ ਕੌਣ ਹੈ? ਤੇਰੀ ਵਫ਼ਾਦਾਰੀ ਤੇਰੇ ਆਲੇ-ਦੁਆਲੇ ਹੈ,
9ਤੂੰ ਹੀ ਸਮੁੰਦਰ ਦੇ ਉਛਾਲ ਉੱਤੇ ਹਕੂਮਤ ਕਰਦਾ ਹੈਂ, ਜਾਂ ਉਹ ਦੀਆਂ ਠਾਠਾਂ ਉੱਠ ਪੈਂਦੀਆਂ ਹਨ, ਤਾਂ ਤੂੰ ਉਨ੍ਹਾਂ ਨੂੰ ਥੰਮ੍ਹ ਦਿੰਦਾ ਹੈਂ।
10ਤੂੰ ਰਹਬ ਨੂੰ ਕਿਸੇ ਵੱਢੇ ਹੋਏ ਵਾਂਗੂੰ ਚੂਰ-ਚੂਰ ਕਰ ਦਿੱਤਾ ਹੈ, ਅਤੇ ਆਪਣੀਆਂ ਬਾਂਹਾਂ ਦੇ ਬਲ ਨਾਲ ਤੂੰ ਆਪਣੇ ਵੈਰੀਆਂ ਨੂੰ ਛਿੰਨ ਭਿੰਨ ਕਰ ਦਿੱਤਾ ਹੈ!