34ਜਦ ਉਸ ਨੇ ਉਹਨਾਂ ਨੂੰ ਵੱਢਿਆ ਤਾਂ ਉਨ੍ਹਾਂ ਨੇ ਉਸ ਦੀ ਭਾਲ ਕੀਤੀ, ਓਹ ਮੁੜੇ ਤੇ ਉਨ੍ਹਾਂ ਨੇ ਮਨੋਂ ਤਨੋਂ ਪਰਮੇਸ਼ੁਰ ਨੂੰ ਭਾਲਿਆ।
35ਤਾਂ ਉਨ੍ਹਾਂ ਨੂੰ ਯਾਦ ਆਇਆ ਕਿ ਪਰਮੇਸ਼ੁਰ ਸਾਡੀ ਚੱਟਾਨ ਹੈ, ਅਤੇ ਅੱਤ ਮਹਾਨ ਪਰਮੇਸ਼ੁਰ ਸਾਡਾ ਛੁਡਾਉਣ ਵਾਲਾ ਹੈ।
36ਉਨ੍ਹਾਂ ਨੇ ਆਪਣੇ ਮੂੰਹ ਨਾਲ ਲੱਲੋ-ਪੱਤੋ ਕੀਤੀ, ਅਤੇ ਆਪਣੀ ਜ਼ਬਾਨ ਦੇ ਨਾਲ ਉਸ ਦੇ ਲਈ ਝੂਠ ਮਾਰਿਆ,
37ਕਿਉਂ ਜੋ ਉਨ੍ਹਾਂ ਦੇ ਮਨ ਉਸ ਦੇ ਨਾਲ ਕਾਇਮ ਨਹੀਂ ਸਨ, ਨਾ ਓਹ ਉਸ ਦੇ ਨੇਮ ਵਿੱਚ ਵਫ਼ਾਦਾਰ ਰਹੇ,
38ਪਰ ਉਸ ਰਹੀਮ ਹੋ ਕੇ ਉਨ੍ਹਾਂ ਦੀ ਬੁਰਿਆਈ ਨੂੰ ਖਿਮਾ ਕੀਤਾ, ਅਤੇ ਉਸ ਨੇ ਉਨ੍ਹਾਂ ਦਾ ਨਾਸ ਨਾ ਕੀਤਾ, ਹਾਂ, ਬਹੁਤ ਵਾਰੀ ਉਸ ਨੇ ਆਪਣਾ ਕ੍ਰੋਧ ਰੋਕ ਛੱਡਿਆ, ਅਤੇ ਆਪਣਾ ਸਾਰਾ ਗੁੱਸਾ ਨਾ ਭੜਕਾਇਆ।
39ਉਸ ਨੂੰ ਤਾਂ ਯਾਦ ਸੀ ਕਿ ਓਹ ਨਿਰੇ ਬਸ਼ਰ ਹੀ ਹਨ, ਓਹ ਹਵਾ ਹਨ ਜਿਹੜੀ ਵਗਦੀ ਹੈ ਅਤੇ ਮੁੜ ਨਹੀਂ ਆਉਂਦੀ।
40ਕਿੰਨੀ ਵਾਰ ਓਹ ਉਜਾੜ ਵਿੱਚ ਉਸ ਤੋਂ ਆਕੀ ਹੋਏ, ਅਤੇ ਉਸ ਨੂੰ ਥਲ ਵਿੱਚ ਉਦਾਸ ਕੀਤਾ!
41ਮੁੜ ਘਿੜ ਉਨ੍ਹਾਂ ਨੇ ਪਰਮੇਸ਼ੁਰ ਨੂੰ ਪਰਤਾਇਆ, ਅਤੇ ਇਸਰਾਏਲ ਦੇ ਪਵਿੱਤਰ ਪੁਰਖ ਨੂੰ ਅਕਾਇਆ।
42ਉਨ੍ਹਾਂ ਨੇ ਉਸ ਦੇ ਹੱਥ ਨੂੰ ਚੇਤੇ ਨਾ ਰੱਖਿਆ, ਨਾ ਉਸ ਦਿਨ ਨੂੰ ਜਦ ਉਸ ਨੇ ਉਨ੍ਹਾਂ ਨੂੰ ਵਿਰੋਧੀ ਤੋਂ ਛੁਡਾਇਆ,
43ਜਦ ਉਸ ਨੇ ਮਿਸਰ ਵਿੱਚ ਆਪਣੇ ਨਿਸ਼ਾਨ, ਅਤੇ ਸੋਆਨ ਦੀ ਜੂਹ ਵਿੱਚ ਆਪਣੇ ਅਚੰਭੇ ਵਿਖਾਏ।
44ਉਸ ਨੇ ਉਨ੍ਹਾਂ ਦੋ ਦਰਿਆਵਾਂ ਨੂੰ ਲਹੂ ਬਣਾ ਦਿੱਤਾ, ਨਾਲੇ ਉਨ੍ਹਾਂ ਦੀਆਂ ਨਦੀਆਂ ਨੂੰ, ਸੋ ਓਹ ਉਨ੍ਹਾਂ ਤੋਂ ਪੀ ਨਾ ਸਕੇ।
45ਉਸ ਨੇ ਉਨ੍ਹਾਂ ਵਿੱਚ ਮੱਖਾਂ ਦੇ ਝੁੰਡ ਭੇਜੇ ਜਿਹੜੇ ਉਨ੍ਹਾਂ ਨੂੰ ਖਾ ਗਏ, ਅਤੇ ਡੱਡੂ ਜਿਨ੍ਹਾਂ ਨੇ ਉਨ੍ਹਾਂ ਦਾ ਸੱਤਿਆਨਾਸ ਕੀਤਾ।
46ਉਸ ਨੇ ਉਨ੍ਹਾਂ ਦੀ ਪੈਦਾਵਾਰ ਕੀੜਿਆਂ ਨੂੰ, ਅਤੇ ਉਨ੍ਹਾਂ ਦੀ ਮਿਹਨਤ ਸਲਾ ਨੂੰ ਦਿੱਤੀ।
47ਉਸ ਨੇ ਉਨ੍ਹਾਂ ਦੀਆਂ ਦਾਖ ਦੀਆਂ ਵੇਲਾਂ ਨੂੰ ਗੜਿਆਂ ਨਾਲ, ਅਤੇ ਉਨ੍ਹਾਂ ਦਿਆਂ ਗੁੱਲਰ ਰੁੱਖਾਂ ਨੂੰ ਵੱਡੇ-ਵੱਡੇ ਔਲਿਆਂ ਨਾਲ ਬਰਬਾਦ ਕਰ ਸੁੱਟਿਆ।
48ਉਸ ਨੇ ਉਨ੍ਹਾਂ ਦੇ ਪਸ਼ੂਆਂ ਨੂੰ ਗੜਿਆਂ ਦੇ ਅਤੇ ਉਨ੍ਹਾਂ ਦੇ ਵੱਗਾਂ ਨੂੰ ਤੇਜ ਲਸ਼ਕਾਂ ਦੇ ਹਵਾਲੇ ਕੀਤਾ।
49ਉਸ ਨੇ ਬੁਰਿਆਈ ਦੇ ਦੂਤਾਂ ਨੂੰ ਭੇਜ ਕੇ ਆਪਣੇ ਕ੍ਰੋਧ ਦਾ ਡਾਢਾ ਕਹਿਰ, ਰੋਸਾ, ਗਜ਼ਬ ਅਤੇ ਬਿਪਤਾ ਉਨ੍ਹਾਂ ਉੱਤੇ ਪਾ ਦਿੱਤੀ।
50ਉਸ ਨੇ ਆਪਣੇ ਕ੍ਰੋਧ ਲਈ ਰਾਹ ਸਿੱਧਾ ਕੀਤਾ, ਉਸ ਨੇ ਉਨ੍ਹਾਂ ਦੀਆਂ ਜਾਨਾਂ ਨੂੰ ਮੌਤ ਤੋਂ ਨਾ ਰੋਕਿਆ, ਸਗੋਂ ਉਨ੍ਹਾਂ ਦੀਆਂ ਹਯਾਤੀਆਂ ਨੂੰ ਬਵਾ ਦੇ ਹਵਾਲੇ ਕੀਤਾ।
51ਉਸ ਨੇ ਮਿਸਰ ਵਿੱਚ ਸਾਰੇ ਪਹਿਲੌਠੇ ਮਾਰ ਸੁੱਟੇ, ਜਿਹੜੇ ਹਾਮ ਦੇ ਤੰਬੂਆਂ ਵਿੱਚ ਉਨ੍ਹਾਂ ਦੀ ਸ਼ਕਤੀ ਦਾ ਮੁੱਢ ਸਨ,
52ਪਰ ਆਪਣੀ ਪਰਜਾ ਨੂੰ ਭੇਡਾਂ ਵਾਂਗੂੰ ਲੈ ਤੁਰਿਆ, ਅਤੇ ਉਜਾੜ ਵਿੱਚ ਇੱਜੜ ਵਾਂਗੂੰ ਉਨ੍ਹਾਂ ਦੀ ਅਗਵਾਈ ਕੀਤੀ,
53ਅਤੇ ਉਨ੍ਹਾਂ ਨੂੰ ਸੁੱਖ ਨਾਲ ਲੈ ਗਿਆ ਸੋ ਓਹ ਨਾ ਡਰੇ, ਪਰ ਉਨ੍ਹਾਂ ਦੇ ਵੈਰੀਆਂ ਨੂੰ ਸਮੁੰਦਰ ਨੇ ਢੱਕ ਲਿਆ।
54ਤਾਂ ਉਸ ਨੇ ਉਨ੍ਹਾਂ ਨੂੰ ਆਪਣੇ ਪਵਿੱਤਰ ਥਾਂ ਦੇ ਬੰਨੇ ਤੱਕ ਪਹੁੰਚਾਇਆ, ਇਸ ਪਰਬਤ ਤੱਕ ਜਿਹ ਨੂੰ ਉਸ ਦੇ ਸੱਜੇ ਹੱਥ ਨੇ ਲਿਆ ਸੀ।
55ਉਸ ਨੇ ਕੌਮਾਂ ਨੂੰ ਉਨ੍ਹਾਂ ਦੇ ਅੱਗੋਂ ਕੱਢ ਦਿੱਤਾ, ਅਤੇ ਜਰੀਬ ਨਾਲ ਮਿਣ ਕੇ ਉਨ੍ਹਾਂ ਨੂੰ ਮਿਲਖ਼ ਦਿੱਤੀ, ਅਤੇ ਇਸਰਾਏਲ ਦੀਆਂ ਗੋਤਾਂ ਨੂੰ ਉਨ੍ਹਾਂ ਦੇ ਤੰਬੂਆਂ ਵਿੱਚ ਵਸਾਇਆ।
56ਤਾਂ ਵੀ ਉਨ੍ਹਾਂ ਨੇ ਅੱਤ ਮਹਾਨ ਪਰਮੇਸ਼ੁਰ ਨੂੰ ਪਰਤਾਇਆ ਅਤੇ ਉਸ ਤੋਂ ਆਕੀ ਹੋ ਗਏ, ਅਤੇ ਉਸ ਦੀਆਂ ਸਾਖੀਆਂ ਦੀ ਪਾਲਣਾ ਨਾ ਕੀਤੀ।
57ਸਗੋਂ ਓਹ ਫਿਰ ਗਏ ਅਤੇ ਆਪਣੇ ਪੁਰਖਿਆਂ ਵਾਂਗੂੰ ਛਲੀਏ ਹੋ ਗਏ, ਓਹ ਵਿੰਗੇ ਧਣੁੱਖ ਵਾਂਗੂੰ ਕੁੱਬੇ ਹੋ ਗਏ ਸਨ।
58ਆਪਣਿਆਂ ਉੱਚਿਆਂ ਥਾਵਾਂ ਦੇ ਕਾਰਨ ਉਸ ਦੇ ਗੁੱਸੇ ਨੂੰ ਛੇੜਿਆ, ਅਤੇ ਆਪਣੀਆਂ ਉੱਕਰੀਆਂ ਹੋਈਆਂ ਮੂਰਤਾਂ ਦੇ ਕਾਰਨ ਉਸ ਦੀ ਅਣਖ ਨੂੰ ਹਿਲਾਇਆ।
59ਪਰਮੇਸ਼ੁਰ ਨੇ ਸੁਣਿਆ, ਤਾਂ ਬਹੁਤ ਤੱਪਿਆ, ਅਤੇ ਇਸਰਾਏਲ ਤੋਂ ਬਹੁਤ ਘਿਣ ਖਾਧੀ।
60ਉਸ ਨੇ ਸ਼ੀਲੋਹ ਦੇ ਡੇਰੇ ਨੂੰ ਅਤੇ ਉਸ ਤੰਬੂ ਨੂੰ ਜਿਹੜਾ ਉਸ ਨੇ ਆਦਮੀਆਂ ਵਿੱਚ ਖੜ੍ਹਾ ਕੀਤਾ ਸੀ ਛੱਡ ਦਿੱਤਾ।
61ਉਸ ਨੇ ਉਹ ਦਾ ਬਲ ਗ਼ੁਲਾਮੀ ਵਿੱਚ ਅਤੇ ਉਹ ਦਾ ਤੇਜ ਵਿਰੋਧੀ ਦੇ ਹੱਥ ਵਿੱਚ ਦੇ ਦਿੱਤਾ।
62ਉਸ ਨੇ ਆਪਣੀ ਪਰਜਾ ਨੂੰ ਤਲਵਾਰ ਦੇ ਵੱਸ ਪਾਇਆ, ਅਤੇ ਆਪਣੀ ਮਿਲਖ਼ ਨਾਲ ਅੱਤ ਕ੍ਰੋਧਵਾਨ ਹੋਇਆ।
63ਉਨ੍ਹਾਂ ਦੇ ਗੱਭਰੂਆਂ ਨੂੰ ਅੱਗ ਨੇ ਭਸਮ ਕਰ ਸੁੱਟਿਆ, ਅਤੇ ਉਨ੍ਹਾਂ ਦੀਆਂ ਕੁਆਰੀਆਂ ਦੇ ਸੁਹਾਗ ਨਾ ਗਾਏ ਗਏ।
64ਉਨ੍ਹਾਂ ਦੇ ਜਾਜਕ ਤਲਵਾਰ ਨਾਲ ਡਿੱਗੇ, ਪਰ ਉਨ੍ਹਾਂ ਦੀਆਂ ਵਿਧਵਾਂ ਨੇ ਵਿਰਲਾਪ ਨਾ ਕੀਤਾ।
65ਤਾਂ ਪ੍ਰਭੂ ਸੁੱਤੇ ਹੋਏ ਵਾਂਗੂੰ ਜਾਗ ਉੱਠਿਆ, ਉਸ ਸੂਰਮੇ ਵਾਂਗੂੰ ਜਿਹੜਾ ਨਸ਼ੇ ਵਿੱਚ ਲਲਕਾਰੇ ਮਾਰਦਾ ਹੈ।
66ਉਸ ਨੇ ਆਪਣੇ ਵਿਰੋਧੀਆਂ ਨੂੰ ਮਾਰ ਕੇ ਪਿਛਾਂਹ ਹਟਾ ਦਿੱਤਾ, ਉਸ ਨੇ ਉਨ੍ਹਾਂ ਨੂੰ ਸਦਾ ਲਈ ਨਿੰਦਿਆ ਦਾ ਥਾਂ ਬਣਾਇਆ।