6ਆਪਣੀ ਔਖ ਦੇ ਵੇਲੇ ਮੈਂ ਯਹੋਵਾਹ ਨੂੰ ਪੁਕਾਰਿਆ, ਅਤੇ ਆਪਣੇ ਪਰਮੇਸ਼ੁਰ ਦੀ ਦੁਹਾਈ ਦਿੱਤੀ। ਉਸ ਨੇ ਆਪਣੀ ਹੈਕਲ ਵਿੱਚੋਂ ਮੇਰੀ ਅਵਾਜ਼ ਸੁਣੀ, ਅਤੇ ਮੇਰੀ ਦੁਹਾਈ ਉਸ ਦੇ ਅੱਗੇ, ਸਗੋਂ ਉਸ ਦੇ ਕੰਨਾਂ ਤੱਕ ਪਹੁੰਚੀ।
7ਤਦ ਧਰਤੀ ਕੰਬ ਗਈ ਅਤੇ ਥਰ-ਥਰਾਈ, ਅਤੇ ਪਹਾੜਾਂ ਦੀਆਂ ਨੀਹਾਂ ਹਿੱਲ ਗਈਆਂ, ਅਤੇ ਧੜਕ ਉੱਠੀਆਂ, ਕਿਉਂ ਜੋ ਉਹ ਕ੍ਰੋਧਵਾਨ ਹੋ ਗਿਆ ਸੀ!
8ਉਸ ਦੀਆਂ ਨਾਸਾਂ ਤੋਂ ਧੂੰਆਂ ਉੱਠਿਆ, ਅਤੇ ਉਸ ਦੇ ਮੂੰਹ ਤੋਂ ਅੱਗ ਭਸਮ ਕਰਦੀ ਸੀ, ਅੰਗਿਆਰੇ ਉਸ ਤੋਂ ਦਗ-ਦਗ ਕਰਨ ਲੱਗੇ।
9ਉਸ ਨੇ ਅਕਾਸ਼ਾਂ ਨੂੰ ਝੁਕਾਇਆ ਅਤੇ ਹੇਠਾਂ ਉਤਰਿਆ, ਅਤੇ ਉਸ ਦੇ ਪੈਰਾਂ ਹੇਠ ਘੁੱਪ ਹਨ੍ਹੇਰਾ ਸੀ।
10ਤਦ ਉਹ ਕਰੂਬ ਉੱਤੇ ਸਵਾਰ ਹੋ ਕੇ ਉੱਡਿਆ, ਹਾਂ, ਉਹ ਨੇ ਪੌਣ ਦਿਆਂ ਖੰਭਾਂ ਉੱਤੇ ਉਡਾਰੀ ਮਾਰੀ।
11ਉਸ ਨੇ ਹਨੇਰੇ ਨੂੰ ਆਪਣਾ ਗੁਪਤ ਸਥਾਨ, ਬੱਦਲਾਂ ਦੇ ਇਕੱਠ ਅਤੇ ਅਕਾਸ਼ ਦੀਆਂ ਘਟਾਂਵਾਂ ਨੂੰ ਆਪਣੇ ਆਲੇ-ਦੁਆਲੇ ਦਾ ਮੰਡਪ ਬਣਾਇਆ।