19ਉਹ ਮੈਨੂੰ ਖੁੱਲ੍ਹੇ ਸਥਾਨ ਵਿੱਚ ਕੱਢ ਲਿਆਇਆ, ਉਸ ਨੇ ਮੈਨੂੰ ਛੁਡਾਇਆ ਕਿਉਂ ਜੋ ਉਹ ਮੈਥੋਂ ਪ੍ਰਸੰਨ ਸੀ।
20ਯਹੋਵਾਹ ਨੇ ਮੇਰੇ ਧਰਮ ਦੇ ਅਨੁਸਾਰ ਮੈਨੂੰ ਬਦਲਾ ਦਿੱਤਾ, ਮੇਰੇ ਹੱਥਾਂ ਦੀ ਸੁੱਚਮਤਾਈ ਦੇ ਅਨੁਸਾਰ ਮੈਨੂੰ ਵੱਟਾ ਦਿੱਤਾ,
21ਕਿਉਂ ਜੋ ਮੈਂ ਯਹੋਵਾਹ ਦੇ ਰਾਹਾਂ ਦੀ ਪਾਲਣਾ ਕੀਤੀ, ਅਤੇ ਬਦੀ ਕਰਕੇ ਆਪਣੇ ਪਰਮੇਸ਼ੁਰ ਤੋਂ ਬੇਮੁੱਖ ਨਹੀਂ ਹੋਇਆ।
22ਉਹ ਦੇ ਸਾਰੇ ਨਿਯਮ ਮੇਰੇ ਸਾਹਮਣੇ ਰਹੇ, ਅਤੇ ਉਹ ਦੀਆਂ ਬਿਧੀਆਂ ਨੂੰ ਮੈਂ ਆਪਣੇ ਕੋਲੋਂ ਦੂਰ ਨਾ ਕੀਤਾ।
23ਮੈਂ ਉਹ ਦੇ ਨਾਲ ਖਰਾ ਉਤਰਿਆ, ਅਤੇ ਆਪਣੇ ਆਪ ਨੂੰ ਬਦੀ ਤੋਂ ਬਚਾਈ ਰੱਖਿਆ।
24ਸੋ ਯਹੋਵਾਹ ਨੇ ਨਿਗਾਹ ਕਰ ਕੇ ਮੇਰੇ ਧਰਮ ਦੇ ਅਨੁਸਾਰ, ਅਤੇ ਮੇਰੇ ਹੱਥਾਂ ਦੀ ਸ਼ੁੱਧਤਾ ਦੇ ਅਨੁਸਾਰ ਮੈਨੂੰ ਵੱਟਾ ਦਿੱਤਾ।
25ਦਯਾਵਾਨ ਲਈ ਤੂੰ ਆਪਣੇ ਆਪ ਨੂੰ ਦਯਾਵਾਨ ਵਿਖਾਵੇਂਗਾ, ਪੂਰੇ ਮਨੁੱਖ ਲਈ ਤੂੰ ਆਪਣੇ ਆਪ ਨੂੰ ਪੂਰਾ ਵਿਖਾਵੇਂਗਾ।
26ਸ਼ੁੱਧ ਲਈ ਤੂੰ ਆਪਣੇ ਆਪ ਨੂੰ ਸ਼ੁੱਧ ਵਿਖਾਵੇਂਗਾ, ਅਤੇ ਟੇਢਿਆਂ ਲਈ ਤੂੰ ਆਪਣੇ ਆਪ ਨੂੰ ਟੇਢਾ ਵਿਖਾਵੇਂਗਾ।
27ਤੂੰ ਦੁਖੀ ਲੋਕਾਂ ਨੂੰ ਬਚਾਵੇਂਗਾ, ਪਰ ਉੱਚੀਆਂ ਅੱਖਾਂ ਨੂੰ ਨੀਵੀਂਆਂ ਕਰੇਂਗਾ।
28ਫੇਰ ਤੂੰ ਮੇਰਾ ਦੀਵਾ ਬਾਲਦਾ ਹੈਂ, ਯਹੋਵਾਹ ਮੇਰਾ ਪਰਮੇਸ਼ੁਰ ਮੇਰੇ ਹਨੇਰੇ ਨੂੰ ਚਾਨਣ ਕਰਦਾ ਹੈ।
29ਮੈਂ ਤੇਰੀ ਸਹਾਇਤਾ ਨਾਲ ਆਪਣੇ ਵੈਰੀਆਂ ਦੇ ਵਿਰੁੱਧ ਹੱਲਾ ਬੋਲ ਸਕਦਾ ਹਾਂ, ਅਤੇ ਆਪਣੇ ਪਰਮੇਸ਼ੁਰ ਦੀ ਸਹਾਇਤਾ ਨਾਲ ਮੈਂ ਸ਼ਹਿਰਪਨਾਹ ਨੂੰ ਟੱਪ ਸਕਦਾ ਹਾਂ।
30ਪਰਮੇਸ਼ੁਰ ਦਾ ਰਾਹ ਸਿੱਧ ਹੈ, ਯਹੋਵਾਹ ਦਾ ਬਚਨ ਤਾਇਆ ਹੋਇਆ ਹੈ, ਉਹ ਆਪਣੇ ਸਾਰੇ ਸ਼ਰਨਾਰਥੀਆਂ ਲਈ ਇੱਕ ਢਾਲ਼ ਹੈ।
31ਯਹੋਵਾਹ ਤੋਂ ਬਿਨ੍ਹਾਂ ਹੋਰ ਕੌਣ ਪਰਮੇਸ਼ੁਰ ਹੈ? ਅਤੇ ਸਾਡੇ ਪਰਮੇਸ਼ੁਰ ਤੋਂ ਛੁੱਟ ਹੋਰ ਕਿਹੜੀ ਚੱਟਾਨ ਹੈ?
32ਉਹ ਪਰਮੇਸ਼ੁਰ ਜੋ ਮੇਰਾ ਲੱਕ ਬਲ ਨਾਲ ਕੱਸਦਾ ਹੈ, ਅਤੇ ਮੇਰਾ ਰਾਹ ਸੰਪੂਰਨ ਕਰਦਾ ਹੈ।
33ਉਹ ਮੇਰੇ ਪੈਰਾਂ ਨੂੰ ਹਰਨੀਆਂ ਦੇ ਪੈਰਾਂ ਜਿਹੇ ਬਣਾਉਂਦਾ ਹੈ, ਅਤੇ ਮੈਨੂੰ ਮੇਰੇ ਉੱਚਿਆਂ ਥਾਂਵਾਂ ਉੱਤੇ ਖੜ੍ਹਾ ਕਰਦਾ ਹੈ।
34ਉਹ ਮੇਰੇ ਹੱਥਾਂ ਨੂੰ ਯੁੱਧ ਕਰਨਾ ਇਸ ਤਰ੍ਹਾਂ ਸਿਖਾਉਂਦਾ ਹੈ ਕਿ ਮੇਰੀਆਂ ਬਾਹਾਂ ਪਿੱਤਲ ਦਾ ਧਣੁੱਖ ਝੁਕਾ ਦਿੰਦੀਆਂ ਹਨ।
35ਤੂੰ ਆਪਣੇ ਬਚਾਓ ਦੀ ਢਾਲ਼ ਮੈਨੂੰ ਦਿੱਤੀ ਹੈ, ਅਤੇ ਤੇਰੇ ਸੱਜੇ ਹੱਥ ਨੇ ਮੈਨੂੰ ਸੰਭਾਲਿਆ ਹੈ, ਅਤੇ ਤੇਰੀ ਨਰਮਾਈ ਨੇ ਮੈਨੂੰ ਵਡਿਆਇਆ ਹੈ।
36ਤੂੰ ਮੇਰੇ ਕਦਮਾਂ ਲਈ ਸਥਾਨ ਚੌੜਾ ਕੀਤਾ ਹੈ, ਅਤੇ ਮੇਰੇ ਪੈਰ ਨਹੀਂ ਤਿਲਕੇ।
37ਮੈਂ ਆਪਣੇ ਵੈਰੀਆਂ ਦਾ ਪਿੱਛਾ ਕਰ ਕੇ ਉਨ੍ਹਾਂ ਨੂੰ ਜਾ ਲਿਆ, ਮੈਂ ਪਿੱਛੇ ਨਾ ਹਟਿਆ ਜਿਨ੍ਹਾਂ ਚਿਰ ਉਨ੍ਹਾਂ ਦਾ ਨਾਸ ਨਾ ਹੋ ਗਿਆ।
38ਮੈਂ ਉਨ੍ਹਾਂ ਨੂੰ ਅਜਿਹਾ ਮਾਰਿਆ ਕਿ ਉਹ ਫੇਰ ਨਾ ਉੱਠ ਸਕੇ, ਉਹ ਪੈਰਾਂ ਹੇਠ ਡਿੱਗ ਪਏ ਸਨ।
39ਤੂੰ ਯੁੱਧ ਲਈ ਮੇਰੇ ਲੱਕ ਨੂੰ ਬਲ ਨਾਲ ਕੱਸਿਆ ਹੈ, ਤੂੰ ਮੇਰੇ ਵਿਰੋਧੀਆਂ ਨੂੰ ਮੇਰੇ ਸਾਹਮਣੇ ਝੁਕਾ ਦਿੱਤਾ ਹੈ।