16ਪਰ ਜਦੋਂ ਅਸੀਂ ਯਹੋਵਾਹ ਅੱਗੇ ਦੁਹਾਈ ਦਿੱਤੀ ਤਦ ਉਸ ਨੇ ਸਾਡੀ ਬੇਨਤੀ ਸੁਣੀ ਅਤੇ ਉਹ ਇੱਕ ਦੂਤ ਭੇਜ ਕੇ ਸਾਨੂੰ ਮਿਸਰ ਦੇਸ ਤੋਂ ਕੱਢ ਲਿਆਇਆ ਹੈ ਇਸ ਲਈ ਅਸੀਂ ਕਾਦੇਸ਼ ਸ਼ਹਿਰ ਵਿੱਚ ਹਾਂ, ਜਿਹੜਾ ਤੁਹਾਡੀ ਸਰਹੱਦ ਉੱਤੇ ਹੈ।
17ਸਾਨੂੰ ਆਪਣੇ ਦੇਸ ਦੇ ਵਿੱਚ ਦੀ ਲੰਘਣ ਦਿਓ ਅਤੇ ਅਸੀਂ ਖੇਤਾਂ ਜਾਂ ਅੰਗੂਰੀ ਬਾਗ਼ਾਂ ਦੇ ਵਿੱਚ ਦੀ ਹੋ ਕੇ ਨਾ ਲੰਘਾਂਗੇ ਅਤੇ ਅਸੀਂ ਖੂਹ ਦਾ ਪਾਣੀ ਨਹੀਂ ਪੀਵਾਂਗੇ, ਅਸੀਂ ਰਾਜੇ ਦੀ ਬਣਾਈ ਹੋਈ ਸੜਕ ਤੋਂ ਹੀ ਲੰਘ ਜਾਂਵਾਂਗੇ, ਅਸੀਂ ਸੱਜੇ ਜਾਂ ਖੱਬੇ ਨਹੀਂ ਮੁੜਾਂਗੇ, ਜਦ ਤੱਕ ਅਸੀਂ ਤੁਹਾਡੀਆਂ ਹੱਦਾਂ ਤੋਂ ਪਾਰ ਨਾ ਲੰਘ ਜਾਈਏ।
18ਪਰ ਅਦੋਮ ਦੇ ਰਾਜੇ ਨੇ ਉਸ ਨੂੰ ਉੱਤਰ ਦਿੱਤਾ, ਤੁਸੀਂ ਮੇਰੇ ਦੇਸ ਵਿੱਚੋਂ ਨਹੀਂ ਲੰਘੋਗੇ ਨਹੀਂ ਤਾਂ ਮੈਂ ਤੁਹਾਡਾ ਤਲਵਾਰ ਨਾਲ ਸਾਹਮਣਾ ਕਰਾਂਗਾ।
19ਤਦ ਇਸਰਾਏਲੀਆਂ ਨੇ ਉਹਨਾਂ ਦੇ ਕੋਲ ਫੇਰ ਸੁਨੇਹਾ ਭੇਜਿਆ, ਅਸੀਂ ਰਸਤੇ ਤੋਂ ਹੁੰਦੇ ਹੋਏ ਜਾਂਵਾਂਗੇ, ਜੇਕਰ ਅਸੀਂ ਅਤੇ ਸਾਡੇ ਪਸ਼ੂਆਂ ਨੇ ਤੁਹਾਡਾ ਪਾਣੀ ਪੀਤਾ ਤਾਂ ਅਸੀਂ ਉਸ ਦਾ ਮੁੱਲ ਦੇ ਦੇਵਾਂਗੇ। ਕੁਝ ਹੋਰ ਨਹੀਂ ਸਿਰਫ਼ ਸਾਨੂੰ ਪੈਦਲ ਲੰਘ ਜਾਣ ਦੇ।
20ਪਰ ਉਸ ਨੇ ਆਖਿਆ, ਤੁਸੀਂ ਲੰਘ ਨਹੀਂ ਸਕੋਗੇ। ਅਦੋਮ ਵੱਡੀ ਸੈਨਾਂ ਲੈ ਕੇ ਉਹਨਾਂ ਦਾ ਸਾਹਮਣਾ ਕਰਨ ਲਈ ਨਿੱਕਲਿਆ।
21ਇਸ ਤਰ੍ਹਾਂ ਅਦੋਮ ਨੇ ਇਸਰਾਏਲ ਨੂੰ ਆਪਣੇ ਦੇਸ ਵਿੱਚੋਂ ਦੀ ਲੰਘਣ ਦੀ ਇਜਾਜ਼ਤ ਨਾ ਦਿੱਤੀ, ਇਸ ਲਈ ਇਸਰਾਏਲੀ ਉੱਥੋਂ ਮੁੜ੍ਹ ਗਏ।
22ਤਦ ਇਸਰਾਏਲੀਆਂ ਦੀ ਸਾਰੀ ਮੰਡਲੀ ਕਾਦੇਸ਼ ਤੋਂ ਕੂਚ ਕਰਕੇ, ਹੋਰ ਨਾਮ ਦੇ ਪਰਬਤ ਨੂੰ ਆਈ।
23ਤਦ ਯਹੋਵਾਹ ਨੇ ਮੂਸਾ ਅਤੇ ਹਾਰੂਨ ਨੂੰ ਹੋਰ ਨਾਮ ਦੇ ਪਰਬਤ ਉੱਤੇ ਜਿਹੜਾ ਅਦੋਮ ਦੇਸ ਦੀ ਹੱਦ ਉੱਤੇ ਹੈ, ਆਖਿਆ,
24ਹਾਰੂਨ ਆਪਣੇ ਲੋਕਾਂ ਵਿੱਚ ਜਾ ਮਿਲੇਗਾ ਅਤੇ ਉਹ ਉਸ ਧਰਤੀ ਵਿੱਚ ਦਾਖ਼ਿਲ ਨਾ ਹੋ ਸਕੇਗਾ, ਜਿਹੜੀ ਮੈਂ ਇਸਰਾਏਲੀਆਂ ਨੂੰ ਦਿੱਤੀ ਹੈ ਕਿਉਂਕਿ ਤੁਸੀਂ ਮਰੀਬਾਹ ਦੇ ਸੋਤੇ ਉੱਤੇ ਮੇਰੇ ਹੁਕਮਾਂ ਦੇ ਵਿਰੁੱਧ ਝਗੜਾ ਕੀਤਾ।
25ਇਸ ਲਈ ਤੂੰ ਹਾਰੂਨ ਅਤੇ ਉਸ ਦੇ ਪੁੱਤਰ ਅਲਆਜ਼ਾਰ ਨੂੰ, ਹੋਰ ਨਾਮ ਦੇ ਪਰਬਤ ਉੱਤੇ ਲੈ ਚੱਲ।
26ਹਾਰੂਨ ਦੇ ਬਸਤਰ ਉਸ ਉੱਤੋਂ ਉਤਾਰ ਕੇ ਉਸ ਦੇ ਪੁੱਤਰ ਅਲਆਜ਼ਾਰ ਨੂੰ ਪਹਿਨਾ, ਤਦ ਹਾਰੂਨ ਉੱਥੇ ਹੀ ਮਰ ਜਾਵੇਗਾ ਅਤੇ ਆਪਣੇ ਲੋਕਾਂ ਵਿੱਚ ਜਾ ਮਿਲੇਗਾ।
27ਤਦ ਮੂਸਾ ਨੇ ਉਸੇ ਤਰ੍ਹਾਂ ਹੀ ਕੀਤਾ, ਜਿਵੇਂ ਯਹੋਵਾਹ ਨੇ ਹੁਕਮ ਦਿੱਤਾ ਸੀ ਅਤੇ ਉਹ ਸਾਰੀ ਮੰਡਲੀ ਦੇ ਵੇਖਦਿਆਂ ਹੀ ਹੋਰ ਨਾਮ ਦੇ ਪਰਬਤ ਉੱਤੇ ਚੜ੍ਹ ਗਏ।
28ਤਦ ਮੂਸਾ ਨੇ ਹਾਰੂਨ ਦੇ ਬਸਤਰ ਉਤਾਰ ਕੇ, ਉਸ ਦੇ ਪੁੱਤਰ ਅਲਆਜ਼ਾਰ ਨੂੰ ਪਹਿਨਾਏ ਅਤੇ ਹਾਰੂਨ ਉਸ ਪਰਬਤ ਦੀ ਟੀਸੀ ਉੱਤੇ ਮਰ ਗਿਆ ਫੇਰ ਮੂਸਾ ਅਤੇ ਅਲਆਜ਼ਾਰ ਪਰਬਤ ਤੋਂ ਹੇਠਾਂ ਉਤਰ ਆਏ।
29ਜਦ ਇਸਰਾਏਲ ਦੀ ਸਾਰੀ ਮੰਡਲੀ ਨੇ ਵੇਖਿਆ ਕਿ ਹਾਰੂਨ ਮਰ ਗਿਆ ਹੈ ਤਦ ਇਸਰਾਏਲ ਦੇ ਸਾਰੇ ਪਰਿਵਾਰ ਹਾਰੂਨ ਦੇ ਲਈ ਤੀਹ ਦਿਨ ਤੱਕ ਸੋਗ ਕਰਦੇ ਰਹੇ।