2ਕਿਉਂ ਜੋ ਅਜਿਹਾ ਕਰਨ ਨਾਲ ਤੇਰੀ ਉਮਰ ਅਤੇ ਜੀਵਨ ਦੇ ਸਾਲਾਂ ਵਿੱਚ ਵਾਧਾ ਹੋਵੇਗਾ ਅਤੇ ਤੂੰ ਸ਼ਾਂਤੀ ਵਿੱਚ ਵੱਸੇਂਗਾ।
3ਦਯਾ ਅਤੇ ਸਚਿਆਈ ਤੇਰੇ ਤੋਂ ਅਲੱਗ ਨਾ ਹੋਣ, ਸਗੋਂ ਤੂੰ ਉਹਨਾਂ ਨੂੰ ਆਪਣੇ ਗਲ਼ ਦਾ ਹਾਰ ਬਣਾ, ਉਹਨਾਂ ਨੂੰ ਆਪਣੇ ਦਿਲ ਦੀ ਤਖ਼ਤੀ ਉੱਤੇ ਲਿਖ ਲੈ,
4ਤਦ ਤੂੰ ਪਰਮੇਸ਼ੁਰ ਅਤੇ ਮਨੁੱਖਾਂ ਦੀਆਂ ਨਜ਼ਰਾਂ ਵਿੱਚ ਕਿਰਪਾ ਅਤੇ ਨੇਕਨਾਮੀ ਪਾਵੇਂਗਾ।
5ਆਪਣੇ ਪੂਰੇ ਦਿਲ ਨਾਲ ਯਹੋਵਾਹ ਉੱਤੇ ਭਰੋਸਾ ਰੱਖ ਅਤੇ ਆਪਣੀ ਹੀ ਸਮਝ ਉੱਤੇ ਅਤਬਾਰ ਨਾ ਕਰ।
6ਆਪਣੇ ਸਾਰਿਆਂ ਰਾਹਾਂ ਵਿੱਚ ਉਹ ਨੂੰ ਯਾਦ ਰੱਖ ਅਤੇ ਉਹ ਤੇਰੇ ਮਾਰਗਾਂ ਨੂੰ ਸਿੱਧਾ ਕਰੇਗਾ।
7ਤੂੰ ਆਪਣੀ ਨਿਗਾਹ ਵਿੱਚ ਬੁੱਧਵਾਨ ਨਾ ਹੋ, ਯਹੋਵਾਹ ਦਾ ਭੈਅ ਰੱਖ ਅਤੇ ਬੁਰਿਆਈ ਤੋਂ ਦੂਰ ਰਹਿ।
8ਇਸ ਤੋਂ ਤੇਰਾ ਸਰੀਰ ਨਿਰੋਗ ਅਤੇ ਤੇਰੀਆਂ ਹੱਡੀਆਂ ਪੁਸ਼ਟ ਰਹਿਣਗੀਆਂ।
9ਆਪਣੇ ਸਾਰੇ ਮਾਲ ਅਤੇ ਆਪਣੀ ਸਾਰੀ ਪੈਦਾਵਾਰ ਦੇ ਪਹਿਲੇ ਫਲ ਨਾਲ ਯਹੋਵਾਹ ਦੀ ਮਹਿਮਾ ਕਰ,
10ਤਾਂ ਤੇਰੇ ਖੱਤੇ ਪੈਦਾਵਾਰ ਨਾਲ ਭਰੇ-ਪੂਰੇ ਰਹਿਣਗੇ ਅਤੇ ਤੇਰੇ ਦਾਖਾਂ ਦੇ ਹੌਦ ਨਵੇਂ ਰਸ ਨਾਲ ਛਲਕਣਗੇ।
11ਹੇ ਮੇਰੇ ਪੁੱਤਰ, ਤੂੰ ਯਹੋਵਾਹ ਦੀ ਤਾੜ ਨੂੰ ਤੁੱਛ ਨਾ ਜਾਣ ਅਤੇ ਜਦ ਉਹ ਤੈਨੂੰ ਝਿੜਕੇ ਤਾਂ ਤੂੰ ਬੁਰਾ ਨਾ ਮੰਨੀ,