16ਲੰਮੀ ਉਮਰ ਉਹ ਦੇ ਸੱਜੇ ਹੱਥ ਵਿੱਚ ਹੈ ਅਤੇ ਖੱਬੇ ਹੱਥ ਵਿੱਚ ਧਨ ਅਤੇ ਆਦਰ ਹੈ।
17ਉਹ ਦੇ ਰਾਹ ਮਨਭਾਉਂਦੇ ਅਤੇ ਉਹ ਦੇ ਸਾਰੇ ਮਾਰਗ ਸ਼ਾਂਤੀ ਦੇ ਹਨ।
18ਜਿਹੜੇ ਉਹ ਨੂੰ ਗ੍ਰਹਿਣ ਕਰਦੇ ਹਨ, ਉਹ ਉਹਨਾਂ ਲਈ ਜੀਵਨ ਦਾ ਰੁੱਖ ਹੈ ਅਤੇ ਜੋ ਕੋਈ ਉਹ ਨੂੰ ਫੜ੍ਹੀ ਰੱਖਦਾ ਹੈ, ਉਹ ਖੁਸ਼ ਰਹਿੰਦਾ ਹੈ।
19ਯਹੋਵਾਹ ਨੇ ਬੁੱਧ ਨਾਲ ਧਰਤੀ ਦੀ ਨੀਂਹ ਧਰੀ ਅਤੇ ਸਮਝ ਨਾਲ ਅਕਾਸ਼ ਨੂੰ ਕਾਇਮ ਕੀਤਾ।
20ਉਹ ਦੇ ਗਿਆਨ ਨਾਲ ਹੀ ਡੁੰਘਿਆਈਆਂ ਫੁੱਟ ਨਿੱਕਲੀਆਂ ਅਤੇ ਬੱਦਲਾਂ ਵਿੱਚੋਂ ਤ੍ਰੇਲ ਪੈਂਦੀ ਹੈ।
21ਹੇ ਮੇਰੇ ਪੁੱਤਰ, ਬੁੱਧ ਅਤੇ ਵਿਵੇਕ ਨੂੰ ਸੰਭਾਲ ਕੇ ਰੱਖ, ਇਹਨਾਂ ਨੂੰ ਆਪਣੀਆਂ ਅੱਖੀਆਂ ਤੋਂ ਓਹਲੇ ਨਾ ਹੋਣ ਦੇ।
22ਤਦ ਇਨ੍ਹਾਂ ਤੋਂ ਤੈਨੂੰ ਜੀਵਨ ਮਿਲੇਗਾ ਅਤੇ ਤੇਰੇ ਗਲ਼ ਲਈ ਸ਼ਿੰਗਾਰ ਹੋਣਗੀਆਂ।
23ਤਦ ਤੂੰ ਆਪਣੇ ਰਾਹ ਵਿੱਚ ਨਿਡਰ ਚੱਲੇਂਗਾ ਅਤੇ ਤੇਰਾ ਪੈਰ ਠੇਡਾ ਨਾ ਖਾਵੇਗਾ।
24ਜਿਸ ਵੇਲੇ ਤੂੰ ਲੰਮਾ ਪਵੇਂਗਾ ਤਾਂ ਤੈਨੂੰ ਡਰ ਨਾ ਲੱਗੇਗਾ, ਹਾਂ, ਤੂੰ ਲੰਮਾ ਪਵੇਂਗਾ ਅਤੇ ਤੇਰੀ ਨੀਂਦ ਮਿੱਠੀ ਹੋਵੇਗੀ।