2ਪਰਮੇਸ਼ੁਰ ਦੀ ਮਹਿਮਾ ਗੱਲ ਨੂੰ ਗੁਪਤ ਰੱਖਣ ਵਿੱਚ ਹੈ, ਪਰ ਰਾਜਿਆਂ ਦੀ ਮਹਿਮਾ ਗੱਲ ਦੀ ਪੜਤਾਲ ਕਰਨ ਵਿੱਚ ਹੁੰਦੀ ਹੈ।
3ਜਿਵੇਂ ਅਕਾਸ਼ ਦੀ ਉਚਿਆਈ ਅਤੇ ਧਰਤੀ ਦੀ ਡੂੰਘਿਆਈ ਨੂੰ ਨਹੀਂ ਜਾਣਿਆ ਜਾ ਸਕਦਾ, ਉਸੇ ਤਰ੍ਹਾਂ ਰਾਜਿਆਂ ਦੇ ਮਨਾਂ ਨੂੰ ਨਹੀਂ ਜਾਣਿਆ ਜਾ ਸਕਦਾ।
4ਚਾਂਦੀ ਦਾ ਖੋਟ ਕੱਢੋ, ਤਾਂ ਸਰਾਫ਼ ਲਈ ਭਾਂਡਾ ਬਣੇਗਾ।
5ਰਾਜੇ ਦੇ ਅੱਗੋਂ ਦੁਸ਼ਟ ਕੱਢੋ, ਤਾਂ ਉਹ ਦੀ ਗੱਦੀ ਧਰਮ ਦੇ ਕੰਮ ਨਾਲ ਸਥਿਰ ਹੋ ਜਾਵੇਗੀ।
6ਰਾਜੇ ਦੇ ਹਜ਼ੂਰ ਆਪਣਾ ਆਦਰ ਨਾ ਕਰ, ਅਤੇ ਵੱਡਿਆਂ ਲੋਕਾਂ ਦੇ ਥਾਂ ਉੱਤੇ ਖੜ੍ਹਾ ਨਾ ਹੋ,
7ਕਿਉਂ ਜੋ ਉਸ ਪ੍ਰਧਾਨ ਦੇ ਸਾਹਮਣੇ ਨੀਵਿਆਂ ਕੀਤੇ ਜਾਣ ਨਾਲੋਂ ਤੇਰੇ ਲਈ ਇਹ ਚੰਗਾ ਹੈ, ਭਈ ਤੈਨੂੰ ਆਖਿਆ ਜਾਵੇ ਐਧਰ ਉਤਾਹਾਂ ਆ ਜਾ, ਜਿਵੇਂ ਤੇਰੀਆਂ ਅੱਖਾਂ ਨੇ ਵੇਖਿਆ ਹੈ।
8ਝਗੜਾ ਕਰਨ ਲਈ ਛੇਤੀ ਅੱਗੇ ਨਾ ਵਧ, ਅੰਤ ਵਿੱਚ ਜਦ ਤੇਰਾ ਗੁਆਂਢੀ ਤੈਨੂੰ ਸ਼ਰਮਿੰਦਾ ਕਰੇ, ਤਾਂ ਤੂੰ ਕੀ ਕਰੇਂਗਾ?
9ਆਪਣੇ ਗੁਆਂਢੀ ਨਾਲ ਹੀ ਆਪਣੇ ਝਗੜੇ ਦੇ ਬਾਰੇ ਗੱਲਬਾਤ ਕਰ, ਅਤੇ ਇਸ ਭੇਤ ਨੂੰ ਕਿਸੇ ਦੂਜੇ ਉੱਤੇ ਨਾ ਖੋਲ੍ਹ,
10ਕਿਤੇ ਸੁਣਨ ਵਾਲਾ ਤੈਨੂੰ ਸ਼ਰਮਿੰਦਾ ਕਰੇ, ਅਤੇ ਤੇਰੀ ਬਦਨਾਮੀ ਕਦੇ ਨਾ ਮਿਟੇ।
11ਟਿਕਾਣੇ ਸਿਰ ਆਖੇ ਹੋਏ ਬਚਨ ਚਾਂਦੀ ਦੀ ਟੋਕਰੀ ਵਿੱਚ ਸੋਨੇ ਦੇ ਸੇਬਾਂ ਵਰਗੇ ਹਨ।
12ਬੁੱਧਵਾਨ ਦੀ ਤਾੜਨਾ ਸੁਣਨ ਵਾਲੇ ਦੇ ਕੰਨ ਲਈ ਸੋਨੇ ਦੀ ਬਾਲੀ ਅਤੇ ਕੁੰਦਨ ਦਾ ਗਹਿਣਾ ਹੈ।
13ਜਿਵੇਂ ਵਾਢੀ ਦੇ ਦਿਨਾਂ ਵਿੱਚ ਬਰਫ਼ ਦੀ ਠੰਡ ਹੁੰਦੀ ਹੈ, ਉਸੇ ਤਰ੍ਹਾਂ ਹੀ ਵਫ਼ਾਦਾਰ ਸੰਦੇਸ਼ਵਾਹਕ ਆਪਣੇ ਭੇਜਣ ਵਾਲਿਆਂ ਦੇ ਲਈ ਹੁੰਦਾ ਹੈ, ਕਿਉਂ ਜੋ ਉਹ ਆਪਣੇ ਮਾਲਕਾਂ ਦਾ ਜੀਅ ਠੰਡਾ ਕਰਦਾ ਹੈ।
14ਜਿਹੜਾ ਦਾਨ ਦਿੱਤੇ ਬਿਨ੍ਹਾਂ ਹੀ ਫੋਕੀ ਵਡਿਆਈ ਮਾਰਦਾ ਹੈ, ਉਹ ਉਸ ਬੱਦਲ ਤੇ ਪੌਣ ਵਰਗਾ ਹੈ, ਜਿਹ ਦੇ ਵਿੱਚ ਵਰਖਾ ਨਾ ਹੋਵੇ।
15ਧੀਰਜ ਨਾਲ ਹਾਕਮ ਸਹਿਮਤ ਹੋ ਜਾਂਦਾ ਹੈ, ਅਤੇ ਨਰਮਾਈ ਨਾਲ ਕੀਤੀ ਗੱਲਬਾਤ ਹੱਡੀ ਨੂੰ ਵੀ ਭੰਨ ਸੁੱਟਦੀ ਹੈ।
16ਜੇ ਤੈਨੂੰ ਸ਼ਹਿਦ ਲੱਭਾ ਹੈ, ਤਾਂ ਜਿੰਨਾਂ ਤੈਨੂੰ ਲੋੜ ਹੈ ਓਨਾ ਹੀ ਖਾਹ, ਕਿਤੇ ਵਧੇਰੇ ਖਾ ਕੇ ਉਗਲੱਛ ਨਾ ਦੇਵੇਂ।
17ਆਪਣੇ ਗੁਆਂਢੀ ਦੇ ਘਰ ਬਾਰ-ਬਾਰ ਨਾ ਜਾ, ਅਜਿਹਾ ਨਾ ਹੋਵੇ ਕਿ ਉਹ ਅੱਕ ਕੇ ਤੇਰੇ ਤੋਂ ਨਫ਼ਰਤ ਕਰਨ ਲੱਗੇ।