16ਧਰਮੀ ਸੱਤ ਵਾਰੀ ਡਿੱਗ ਕੇ ਉੱਠ ਖਲੋਂਦਾ ਹੈ, ਪਰ ਦੁਸ਼ਟ ਬਿਪਤਾ ਵਿੱਚ ਡਿੱਗ ਕੇ ਪਏ ਰਹਿੰਦੇ ਹਨ।
17ਜਦ ਤੇਰਾ ਵੈਰੀ ਡਿੱਗੇ ਤਾਂ ਤੂੰ ਅਨੰਦ ਨਾ ਹੋਵੀਂ, ਅਤੇ ਜਾਂ ਉਹ ਠੋਕਰ ਖਾਵੇ ਤਾਂ ਤੇਰਾ ਮਨ ਪ੍ਰਸੰਨ ਨਾ ਹੋਵੇ,
18ਕਿਤੇ ਯਹੋਵਾਹ ਇਹ ਵੇਖ ਕੇ ਬੁਰਾ ਮੰਨੇ, ਅਤੇ ਆਪਣਾ ਕ੍ਰੋਧ ਉਸ ਤੋਂ ਹਟਾ ਲਵੇ।
19ਕੁਕਰਮੀ ਦੇ ਕਾਰਨ ਤੂੰ ਨਾ ਕੁੜ੍ਹ ਨਾ ਦੁਸ਼ਟਾਂ ਉੱਤੇ ਖੁਣਸ ਕਰ,
20ਕਿਉਂ ਜੋ ਬੁਰਿਆਰ ਲਈ ਅੱਗੇ ਨੂੰ ਕੋਈ ਆਸ ਨਹੀਂ, ਦੁਸ਼ਟਾਂ ਦਾ ਦੀਵਾ ਬੁਝਾਇਆ ਜਾਵੇਗਾ।
21ਹੇ ਮੇਰੇ ਪੁੱਤਰ, ਯਹੋਵਾਹ ਦਾ ਅਤੇ ਰਾਜੇ ਦਾ ਭੈਅ ਮੰਨ, ਅਤੇ ਵਿਦਰੋਹੀਆਂ ਨਾਲ ਨਾ ਰਲ,
22ਕਿਉਂ ਜੋ ਉਨ੍ਹਾਂ ਵੱਲੋਂ ਬਿਪਤਾ ਅਚਾਨਕ ਆਵੇਗੀ, ਅਤੇ ਉਨ੍ਹਾਂ ਦੋਹਾਂ ਦੀ ਵੱਲੋਂ ਆਉਣ ਵਾਲੀ ਬਰਬਾਦੀ ਨੂੰ ਕੌਣ ਜਾਣਦਾ ਹੈ?
23ਇਹ ਵੀ ਬੁੱਧਵਾਨਾਂ ਦੇ ਵਾਕ ਹਨ, ਅਦਾਲਤ ਵਿੱਚ ਪੱਖਪਾਤ ਕਰਨਾ ਚੰਗੀ ਗੱਲ ਨਹੀਂ।
24ਜਿਹੜਾ ਦੁਸ਼ਟ ਨੂੰ ਆਖਦਾ ਹੈ, ਤੂੰ ਧਰਮੀ ਹੈ, ਉਹ ਨੂੰ ਲੋਕ ਫਿਟਕਾਰਨਗੇ ਤੇ ਉੱਮਤਾਂ ਉਸ ਤੋਂ ਘਿਣ ਕਰਨਗੀਆਂ,
25ਪਰ ਜੋ ਉਸ ਨੂੰ ਤਾੜਦੇ ਹਨ ਉਨ੍ਹਾਂ ਦਾ ਭਲਾ ਹੋਵੇਗਾ, ਅਤੇ ਉਨ੍ਹਾਂ ਉੱਤੇ ਚੰਗੀ ਤੋਂ ਚੰਗੀ ਬਰਕਤ ਆਵੇਗੀ।
26ਜਿਹੜਾ ਸੱਚਾ ਉੱਤਰ ਦਿੰਦਾ ਹੈ, ਉਹ ਦੇ ਬੋਲਾਂ ਨੂੰ ਹਰੇਕ ਪ੍ਰੇਮ ਕਰਦਾ ਹੈ।
27ਪਹਿਲਾਂ ਬਾਹਰ ਆਪਣਾ ਕੰਮ ਤਿਆਰ ਕਰ ਅਤੇ ਖੇਤ ਨੂੰ ਸੁਆਰ, ਫੇਰ ਆਪਣਾ ਘਰ ਬਣਾ।
28ਆਪਣੇ ਗੁਆਂਢੀ ਦੇ ਵਿਰੁੱਧ ਝੂਠੀ ਗਵਾਹੀ ਨਾ ਦੇ, ਆਪਣਿਆਂ ਬੁੱਲ੍ਹਾਂ ਨਾਲ ਧੋਖਾ ਨਾ ਦੇ।